ਪੰਜਾਬੀ ਅਤੇ ਹਿੰਦੀ ਸਿਨਮੇ `ਚ ਬਾਇਓਪਿਕ ਫ਼ਿਲਮਾਂ ਦਾ ਰੁਝਾਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।ਪਿਛਲੇ ਸਮਿਆਂ `ਚ ਦੇਸ਼ ਭਗਤਾਂ, ਬਾਲੀਵੁੱਡ ਖੇਤਰ ਅਤੇ ਖੇਡ ਜਗਤ ਦੀਆਂ ਕੁਝ ਨਾਮੀਂ ਸਖ਼ਸ਼ੀਅਤਾਂ ਜਿਵੇਂ ਕਿ ਮਿਲਖਾ ਸਿੰਘ `ਤੇ ਹਿੰਦੀ ਫ਼ਿਲਮ `ਭਾਗ ਮਿਲਖਾ ਸਿੰਘ`, ਗੀਤਾ ਫੋਗਟ ਦੀ ਬਾਇਓਪਿਕ `ਦੰਗਲ` ਅਤੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਬਾਇਓਪਿਕ `ਸੰਜੂ` ਸਾਹਮਣੇ ਆਈ, ਉਸੇ ਤਰਾਂ ਪਜਾਬੀ ਸਿਨਮੇ ਵਿਚ `ਹਰਜੀਤਾ` ਅਤੇ `ਸੂਰਮਾ` ਆਦਿ ਫਿਲਮਾਂ ਆਈਆਂ ਜੋ ਕਿ ਫ਼ਿਲਮੀ ਪਰਦੇ ਤੇ ਸਫਲ ਵੀ ਰਹੀਆਂ।ਇਨਾਂ ਫ਼ਿਲਮਾਂ ਦੀ ਸਫਲਤਾ ਨੇ ਹੋਰ ਫ਼ਿਲਮਕਾਰਾਂ ਦਾ ਧਿਆਨ ਵੀ ਖਿਚਿਆ ਹੈ ਅਤੇ ਹੁਣ ਕੁਝ ਸੂਝਵਾਨ ਫ਼ਿਲਮਕਾਰ ਬਾਇਓਪਿਕ ਫਿਲਮਾਂ ਦੀ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਕੁੱਝ ਨਵੇਂ ਤਜੱਰਬੇ ਕਰਨ ਦੀ ਤਿਆਰੀ `ਚ ਹਨ।
ਬਿਨਾਂ ਸ਼ੱਕ ਅੱਜ ਪੰਜਾਬੀ ਫ਼ਿਲਮਾਂ ਵਿੱਚ ਪੰਜਾਬੀ ਗਾਇਕਾਂ ਦੀ ਤੂਤੀ ਬੋਲਦੀ ਹੈ।ਹਰ ਛੋਟਾ ਵੱਡਾ ਗਾਇਕ ਫ਼ਿਲਮੀ ਪਰਦੇ `ਤੇ ਛਾਇਆ ਹੋਇਆ ਹੈ।ਪੰਜਾਬੀ ਗਾਇਕਾਂ ਦੇ ਇਸੇ ਰੁਝਾਂਨ ਨੂੰ ਵੇਖਦਿਆਂ ਫ਼ਿਲਮਕਾਰਾਂ ਦਾ ਧਿਆਨ ਬਾਇਓਪਿਕ ਸਿਨਮੇ ਪ੍ਰਤੀ ਹੋਰ ਸੰਜੀਦਾ ਹੋਇਆ ਹੈ।ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਤੋਂ ਬਾਅਦ ਹੁਣ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਜ਼ਿੰਦਗੀ `ਤੇ ਫ਼ਿਲਮ ਬਣਨ ਦਾ ਐਲਾਨ ਹੋਇਆ ਹੈ।
ਕੁਲਦੀਪ ਮਾਣਕ ਪੰਜਾਬੀ ਸੰਗੀਤ ਜਗਤ ਦਾ ਉਹ ਥੰਮ ਹੈ, ਜੋ ਰਹਿੰਦੀ ਦੁਨੀਆਂ ਤੱਕ ਆਪਣੀ ਆਵਾਜ਼ ਅਤੇ ਅੰਦਾਜ਼ ਸਦਕਾ ਜਿਊਂਦਾ ਰਹੇਗਾ।ਕੁਲਦੀਪ ਮਾਣਕ ਦੀ ਜ਼ਿੰਦਗੀ ਬਹੁਤ ਸੰਘਰਸ਼ ਅਤੇ ਚਣੌਤੀਆਂ ਭਰੀ ਰਹੀ ਹੈ।ਉਸ ਨੇ ਆਪਣੇ ਆਪ ਨੂੰ ਜ਼ੀਰੋ ਪੱਧਰ ਤੋਂ ਸੁਰੂ ਕਰ ਕੇ ਸ਼ੋਹਰਤ ਅਤੇ ਸਫ਼ਲਤਾ ਦੀ ਸਿਖ਼ਰ ਨੂੰ ਛੂਹਿਆ ਹੈ।ਸਮੇਂ ਅਤੇ ਰੱਬ ਦੇ ਰੰਗਾਂ ਦਾ ਕੁਝ ਪਤਾ ਨਹੀਂ ਹੁੰਦਾ।ਜ਼ਿੰਦਗੀ ਦੀਆਂ ਜੋ ਤਲ਼ਖ ਸੱਚਾਈ ਉਸ ਨੇ ਆਪਣੀਆਂ ਲੋਕ ਗਥਾਵਾਂ ਵਿੱਚ ਗਾਈਆਂ ਉਨਾਂ `ਚੋਂ ਬਹੁਤੀਆਂ ਦਾ ਸੱਚ ਉਸਨੇ ਅਖ਼ੀਰੀ ਸਮੇਂ ਹੱਡੀ ਵੀ ਹੰਡਾਇਆ।ਉਸ ਦੀ ਜਿੰਦਗੀ ਦੇ ਉਤਰਾਅ-ਚੜਾਅ ਵਾਲੇ ਹਾਲਾਤਾਂ ਦੀ ਤਰਜ਼ਮਾਨੀ ਕਰਦੀ ਵਿਰਕ ਫ਼ਿਲਮਜ਼ ਅਤੇ ਜੋਸ਼ਨ ਬ੍ਰਦਰਜ਼ ਦੀ ਇਸ ਫ਼ਿਲਮ ਦੀ ਕਹਾਣੀ ਐਚ.ਵਿਰਕ ਨੇ ਲਿਖੀ ਹੈ।ਇਸ ਫ਼ਿਲਮ ਨੂੰ ਨਿਰਦੇਸ਼ਕ ਜੋਸ਼ਨ ਸੰਦੀਪ ਵਲੋਂ ਨਿਰਦੇਸ਼ਿਤ ਕੀਤਾ ਜਾਵਾਗੇ।ਨਿਰਦੇਸ਼ਕ ਜੋਸ਼ਨ ਸੰਦੀਪ ਹਾਲੀਵੁੱਡ ਫ਼ਿਲਮਾਂ ਨਾਲ ਜੁੜਿਆ ਇੱਕ ਨਾਮੀ ਨਾਂ ਹੈ ਜੋ ਕਿ ਹਾਲੀਵੁੱਡ ਫ਼ਿਲਮਾਂ `ਸਕਾਈਫਾਲ`, `ਗੋਸਟ ਰਾਈਡਾਰ 2`, `ਟੋਟਲ ਰੀਕਾਲ` `ਸਪਾਈਡਰ ਮੈਨ` ਅਤੇ `ਦਾ ਟੂਰਿਸਟ ਐਂਡ ਸਾਲਟ` ਆਦਿ `ਚ ਐਸੋਸੀਏਟ ਡਾਇਰੈਕਟਰ ਵਜੋਂ ਕੰਮ ਕਰ ਚੁੱਕਾ ਹੈ।ਨਿਰਦੇਸ਼ਕ ਜੋਸ਼ਨ ਸੰਦੀਪ ਆਪਣੇ ਪਿਤਾ ਜੀ ਦੀ ਦਿਲੀ ਇੱਛਾ ਅਨੁਸਾਰ ਹੁਣ ਮਾਂ ਬੋਲੀ ਪੰਜਾਬੀ ਨੂੰ ਵੀ ਆਪਣੀਆਂ ਸੇਵਾਵਾਂ ਦੇਣ ਜਾ ਰਿਹਾ ਹੈ।ਇਸ ਲਈ ਇਹ ਫ਼ਿਲਮ ਉਸਦੀ ਜ਼ਿੰਦਗੀ ਦੀ ਅਹਿਮ ਫ਼ਿਲਮ ਹੈ।ਨਿਰਦੇਸ਼ਕ ਜੋਸ਼ਨ ਨੇ ਦੱਸਿਆ ਕਿ ਇਸ ਫ਼ਿਲਮ ਦੀ ਸਟਾਰਕਾਸਟ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਬਹੁਤ ਜਲਦ ਇਹ ਫ਼ਿਲਮ ਸੈਟ `ਤੇ ਜਾ ਰਹੀ ਹੈ।ਫ਼ਿਲਮੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ `ਤੇ ਹੈ ਕਿ ਆਖਿਰ ਕੌਣ ਹੋਵੇਗਾ ਫ਼ਿਲਮੀ ਪਰਦੇ ਦਾ `ਕਲੀਆਂ ਦਾ ਬਾਦਸ਼ਾਹ-ਕੁਲਦੀਪ ਮਾਣਕ` ..ਕਿਉਂਕਿ ਇਹ `ਪੱਤਾ ਖੁੱਲਣਾ` ਅਜੇ ਬਾਕੀ ਹੈ।ਉਨਾਂ ਇਹ ਵੀ ਦੱਸਿਆ ਕਿ ਇਸ ਫਿਲ਼ਮ ਨੂੰ 15 ਨਵੰਬਰ 2019 ਨੂੰ ਸਿਨੇਮਾ ਘਰਾਂ `ਚ ਪਰਦਾ ਪੇਸ਼ ਕੀਤਾ ਜਾਵੇਗਾ।
ਕੁਲਦੀਪ ਮਾਣਕ ਨੇ ਜਿੱਥੇ ਗਾਇਕੀ ਵਿੱਚ ਵੱਡੀਆ ਮੱਲਾਂ ਮਾਰੀਆਂ ਉਥੇ ਫਿਲ਼ਮ `ਬਲਵੀਰੋ ਭਾਬੀ` ਵਿੱਚ ਗਾਇਕ, ਸੰਗੀਤਕਾਰ ਅਤੇ ਅਦਾਕਾਰ ਵਜੋਂ ਵੀ ਪਰਦੇ `ਤੇ ਨਜ਼ਰ ਆਇਆ।ਫ਼ਿਲਮ `ਲੰਬੜਦਾਰਨੀ` ਵਿੱਚ ਉਸ ਦਾ ਗਾਇਆ ਗੀਤ `ਯਾਰਾਂ ਦਾ ਟਰੱਕ ਬੱਲੀਏ…` ਅੱਜ ਵੀ ਅਮਰ ਹੈ। ਕੁਲਦੀਪ ਮਾਣਕ ਜਿਹੇ ਪੰਜਾਬੀ ਗਾਇਕੀ ਦੇ ਅਹਿਮ ਦਸ਼ਤਾਵੇਜ਼ ਸਾਂਭਣ ਲਈ ਪੰਜਾਬੀ ਸਿਨਮਾ ਅਤੇ ਇਸ ਨਾਲ ਜੁੜੇ ਫ਼ਿਲਮਕਾਰ ਪ੍ਰਸ਼ੰਸ਼ਾਂ ਦੇ ਹੱਕਦਾਰ ਹਨ।
ਹਰਜਿੰਦਰ ਸਿੰਘ
ਸਮਾਣਾ, ਪਟਿਆਲਾ
ਮੋ – 94638 28000