ਜਦੋਂ ਵੀ ਕਿਸੇ ਦੀ ਮੌਤ ਹੁੰਦੀ ਹੈ ਤਾਂ ਸੱਥਰ `ਤੇ ਬੈਠਿਆਂ ਭਾਂਤ ਭਾਂਤ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਕੋਈ ਕਹਿੰਦਾ ਹੈ ਕਿ ਬੰਦਾ ਬੜਾ ਚੰਗਾ ਸੀ।ਸਭ ਦੇ ਕੰਮ ਆਉਣ ਵਾਲਾ ਸੀ।ਕੋਈ ਮਾੜੀ ਚੰਗੀ ਨਹੀਂ ਸੀ ਕਰਦਾ। ਜਿੰਨੀਂ ਜੀਵਿਆ ਹੈ, ਐਸ਼ ਕੀਤੀ ਹੈ।ਸਰਦਾਰੀ ਭੋਗੀ ਹੈ ਸਰਦਾਰੀ।ਚੰਗਾ ਖਾਧਾ, ਚੰਗੀ ਪੀਤੀ ਤੇ ਚੰਗਾ ਹੰਡਾਇਆ।ਹੋਰ ਰੱਬ ਕੋਲ ਕੀ ਲੈ ਜਾਣਾ ਹੈ।ਸਿਵਿਆਂ ਵਿੱਚ ਜਾਣ ਲੱਗਿਆਂ ਵੀ ਲੋਕ ਕਈ ਕੁੱਝ ਕਹਿੰਦੇ ਹਨ।ਜੇ ਕੋਈ ਸ਼ਰਾਬੀ ਮਰ ਜਾਏ ਤਾਂ ਕਹਿਣਗੇ ਓਏ ਇਹ ਪੀਣ ਦਾ ਸ਼ੌਂਕੀ ਸੀ 2-4 ਬੋਤਲਾਂ ਵੀ ਲੈ ਲਵੋ, ਅਤਰ ਫਲੇਲ ਦੀ ਥਾਂ ਇਹ ਤਰੌਂਕ ਦਿਓ, ਅੱਗ ਵਾਹਵਾ ਫੜ ਜਾਊ।ਜੇਕਰ ਕੋਈ ਸੋਫੀ ਮਰ ਜਾਵੇ ਤਾਂ ਖਾਣ ਪੀਣ ਦੇ ਸ਼ੌਕੀਨ ਕਹਿਣਗੇ, ਇਹਦਾ ਕੀ ਆ ਸਾਰੀ ਉਮਰ ਜੋੜਦਾ ਮਰ ਗਿਆ, ਹੁਣ ਮੁੰਡੇ ਐਸ਼ ਕਰਨਗੇ।ਵੈਸੇ ਬੰਦਾ ਬੜਾ ਚੰਗਾ ਸੀ, ਪਰ ਪੈਸੇ ਦਾ ਪੁੱਤ ਸੀ।ਮਾਇਆ ਜ਼ਰਾ ਹਿਸਾਬ ਨਾਲ ਖਰਚਿਓ ਨਹੀਂ ਤੇ ਰਾਤ ਨੂੰ ਆ ਦੱਬੂ।ਜੇ ਕੋਈ ਰੱਬ ਦਾ ਪਿਆਰਾ ਗੁਜ਼ਰ ਜਾਵੇ ਤਾਂ ਕਹਿਣਗੇ, ਭਾਈ ਕੋਈ ਵੱਧ ਘੱਟ ਨਾ ਬੋਲਿਓ।ਭਾਈ ਨਾਮ ਜੱਪਣ ਵਾਲਾ ਸੀ ਬਾਜਾਂ ਵਾਲੇ ਦਾ ਸਿੰਘ।ਇਹ ਜਿਉਂਦੇ ਜੀ ਸੁਧਾਰਦਾ ਸੀ ਸਾਰਿਆਂ ਨੂੰ।ਹੁਣ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਇਓ ਤੇ ਵਾਪਸੀ ਤੇ ਗੁਰਦੁਆਰਾ ਸਾਹਿਬ ਵੀ ਹੁੰਦੇ ਜਾਇਓ।ਮੁੜ ਨਾ ਕਿਹੋ ਦੱਸਿਆ ਨਹੀਂ।
ਜੇ ਕਿਸੇ ਬੀਬੀ ਦਾ ਸਾਈਂ ਮਰ ਜਾਂਦਾ ਹੈ ਤਾਂ ਉਹ ਕਹਿੰਦੀ ਹੈ, “ਮੈਂ ਲੁੱਟੀ ਗਈ ਵੇ ਲੋਕੋ, ਜਾਂਦਿਆ ਹੋਇਆ ਸਾਈਆਂ ਕੁੱਝ ਦੱਸ ਕੇ ਜਾਵੀਂ”।ਪਰ ਖਾ ਪੀ ਕੇ ਅਣਿਆਈ ਮੌਤੇ ਮਰਨ ਵਾਲਾ ਉੱਠ ਕੇ ਕਿਵੇਂ ਕਹੂੁਗਾ ਕਿ ਮੇਰੇ ਬੱਚਿਆਂ ਨੂੰ ਨਸ਼ੇ ਕਰਨ ਤੋਂ ਬਚਾਈਂ।ਪੰਜਾਬੀ ਖਾਣ ਪੀਣ ਦੇ ਤਾਂ ਸ਼ੌਕੀਨ ਸਨ।ਪਰ ਹੁਣ ਸ਼ਰਾਬ, ਗੋਲੀਆਂ ਕੈਪਸੂਲਾਂ ਤੋਂ ਅਗਾਂਹ ਚਿੱਟੇ, ਸਮੇਕ, ਤੇ ਟੀਕਿਆਂ ਤੱਕ ਜਾ ਪੁੱਜੇ ਨੇ।ਡਾਕਟਰ ਬੀਬੀ ਹਰਸ਼ਰਨ ਕੌਰ ਜੀ ਹੋਕਾ ਦੇ ਰਹੇ ਹਨ ਕਿ ਇਹਨਾਂ ਚੀਜਾਂ ਨੇ ਪੰਜਾਬੀਆਂ ਦਾ ਬੀਜ਼ ਨਾਸ ਕਰ ਕੇ ਰੱਖ ਦਿੱਤਾ ਹੈ।
ਅੱਜੇ ਵੀ ਸੰਭਲ ਜਾਓ! ਨਸ਼ਿਆਂ ਨੂੰ ਛੱਡੋ।ਮਾਪੇ ਬੱਚਿਆਂ ਦਾ ਨਸ਼ਈਪੁਣਾ ਲੁਕਾਉਣ ਨਾ।ਇਹਨਾਂ ਦਾ ਇਲਾਜ਼ ਕਰਾਉਣ ਤੇ ਕੁੱਲ ਨੂੰ ਚਲਦਾ ਰੱਖਣ।ਸਰਕਾਰ ਇੱਕਲੀ ਕੁੱਝ ਨਹੀਂ ਕਰ ਸਕਦੀ, ਜਦ ਤੱਕ ਅਸੀਂ ਦਿੱਲੋਂ ਨਹੀਂ ਨਸ਼ੇ ਛੱਡਣਾ ਚਾਹੁੰਦੇ।ਬਜ਼ੁਰਗ ਸੱਭ ਨਸ਼ੇ ਤਿਆਗ ਦੇਣ ਤੱਦ ਹੀ ਬੱਚਿਆਂ ਨੂੰ ਰੋਕ ਸਕਦੇ ਹਨ।
ਮਨਜੀਤ ਸਿੰਘ ਸੌਂਦ
ਟਾਂਗਰਾ, ਜਿਲਾ ਅੰਮ੍ਰਿਤਸਰ।
ਮੋ – 98037 61451