ਪੰਜਾਬੀ ਦੀਆਂ ਉਪ ਬੋਲੀਆਂ ਗੋਜਰੀ, ਪਹਾੜੀ, ਡੋਗਰੀ ਆਦਿ ਦੀਆਂ ਸਾਹਿਤਕ ਸ਼ਖਸੀਅਤਾਂ ਪੁੱਜਣਗੀਆਂ
ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖੋਜਾਰਥੀਆਂ ਅਤੇ ਵਿਦਿਆਰਥੀਆਂ ਦੁਆਰਾ ਸੰਚਾਲਤ ਕੀਤੀ ਜਾ ਰਹੀ ਸੰਸਥਾ ਨਾਦ ਪ੍ਰਗਾਸੁ ਵੱਲੋ ਪੰਜਾਬੀ ਚੇਤਨਾ ਨੂੰ ਚਿੰਤਨ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਅੰਮ੍ਰਿਤਸਰ ਸਾਹਿਤ ਉਤਸਵ-2019 ਦਾ ਆਗਾਜ਼ ਭਲਕੇ 6 ਮਾਰਚ ਤੋਂ ਸਥਾਨਕ ਖ਼ਾਲਸਾ ਕਾਲਜ ਫਾਰ ਵੁਮੈਨ ਦੇ ਵਿਹੜੇ ਵਿਚ ਹੋਵੇਗਾ ਅਤੇ ਇਹ ਉਤਸਵ 7 ਮਾਰਚ ਨੂੰ ਸੰਗੀਤ ਅਤੇ ਸਾਹਿਤ ਦੇ ਸੁਮੇਲ ਚੜ੍ਹਿਆ ਬਸੰਤ ਕਵੀ ਦਰਬਾਰ ਨਾਲ ਸੰਪੂਰਨ ਹੋਵੇਗਾ। ਇਸ ਮੌਕੇ ਲੱਗਣ ਵਾਲੀਆਂ ਪੁਸਤਕ, ਚਿੱਤਰਕਲਾ, ਲੱਕੜ ਕਾਰੀਗਰੀ, ਤੰਤੀ ਸਾਜ਼ ਅਤੇ ਫੋਟੋਗ੍ਰਾਫ਼ੀ ਦੀਆਂ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕਾਰਨ ਹੋਣਗੀਆਂ।
ਸੰਸਥਾ ਦੇ ਮੁੱਖ ਦਫਤਰ ਤੋਂ ਸਕੱਤਰ ਵਰਿੰਦਰ ਪਾਲ ਸਿੰਘ ਦੁਆਰਾ ਜਾਰੀ ਪ੍ਰੈਸ ਨੋਟ ਵਿਚ ਦਸਿਆ ਗਿਆ ਹੈ ਕਿ 6 ਮਾਰਚ ਨੂੰ ਉਦਘਾਟਨੀ ਸਮਾਗਮ ਸਵੇਰੇ 10.00 ਤੋਂ 11:30 ਵਜੇ ਤੱਕ ਹੋਵੇਗਾ ਜਿਸ ਵਿਚ ਉੱਘੇ ਸਮਾਜ ਸੇਵਕ, ਸੁੱਖੀ ਬਾਠ ਉਤਸਵ ਦਾ ਉਦਘਾਟਨ ਕਰਨਗੇ ਅਤੇ ਪ੍ਰਸਿੱਧ ਆਲੋਚਕ ਅਤੇ ਕਵੀ ਡਾ. ਮਨਮੋਹਨ ਮੁੱਖ ਭਾਸ਼ਣ ਦੇਣਗੇ।ਖ਼ਾਲਸਾ ਕਾਲਜ ਫਾਰ ਵੁਮਨ ਦੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਧੰਨਵਾਦ ਦਾ ਮਤਾ ਪੇਸ਼ ਕਰਨਗੇ।
ਉਦਘਾਟਨੀ ਸਮਾਗਮ ਤੋਂ ਬਾਅਦ ਦੂਸਰੇ ਸਮਾਗਮ ਤਹਿਤ 12.00 ਤੋਂ 01:30 ਵਜੇ ਤੱਕ ਪੰਜਾਬੀ ਵਿੱਚ ਸਾਹਿਤਕ ਪੱਤਰਕਾਰੀ (ਦ੍ਰਿਸ਼ਟੀ ਅਤੇ ਅਭਿਆਸ ਪ੍ਰਕ੍ਰਿਆ) ਵਿਸ਼ੇ ‘ਤੇ ਗੋਸ਼ਟੀ ਦਾ ਆਯੋਜਨ ਕੀਤਾ ਜਾਵੇਗਾ।ਜਿਸ ਵਿਚ ਵੱਖ-ਵੱਖ ਸਾਹਿਤਿਕ ਮੈਗਜ਼ੀਨ ਦੇ ਸੰਪਾਦਕ ਹਿੱਸਾ ਲੈਣਗੇ।ਜਿਨ੍ਹਾਂ ਵਿਚ ਡਾ. ਰਜਨੀਸ਼ ਬਹਾਦਰ (ਸੰਪਾਦਕ: ਪ੍ਰਵਚਨ); ਅਰਤਿੰਦਰ ਸੰਧੂ (ਸੰਪਾਦਕ:ਏਕਮ); ਡਾ. ਯੋਗਰਾਜ (ਸੰਪਾਦਕ: ਪਰਖ); ਡਾ. ਸੁਰਜੀਤ (ਸੰਪਾਦਕ: ਆਲੋਚਨਾ); ਦੇਸਰਾਜ ਕਾਲੀ (ਸੰਪਾਦਕ: ਲਕੀਰ); ਸੁਸ਼ੀਲ (ਸੰਪਾਦਕ: ਹੁਣ); ਡਾ. ਅਮਰਜੀਤ ਸਿੰਘ (ਸੰਪਾਦਕ: ਕਾਵਿ-ਸ਼ਾਸ਼ਤਰ) ਸ਼ਾਮਿਲ ਹਨ। ਇਸ ਦਾ ਸੰਚਾਲਨ ਪੰਜਾਬੀ ਅਕਾਦਮੀ, ਦਿੱਲੀ ਤੋਂ ਗੁਰਭੇਜ ਸਿੰਘ ਗੁਰਾਇਆ ਕਰਨਗੇ।ਇਸੇ ਦਿਨ ਦੇ ਆਖਰੀ ਸਮਾਗਮ ਸਨਮੁੱਖ ਸੰਵਾਦ ਵਿਚ ਭਾਰਤ ਦੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਹਰਜੀਤ ਸਿੰਘ ਗਿੱਲ ਨਾਲ ਇਕ ਵਿਸ਼ੇਸ਼ ਸੰਵਾਦ ਰਚਾਇਆ ਜਾਵੇਗਾ ਜਿਸ ਦਾ ਸੰਚਾਲਨ ਅਮਨਿੰਦਰ ਸਿੰਘ ਕਰਨਗੇ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਮਾਰਚ ਨੂੰ ਬਸੰਤ ਰਾਗ ਵਾਦਨ ਅਤੇ ਗਾਇਨ ਦੇ ਸਮਾਗਮ ਉਪਰੰਤ ਰਾਸ਼ਟਰੀ ਪੱਧਰ ਦਾ ਕਵੀ ਦਰਬਾਰ ‘ਚੜ੍ਹਿਆ ਬਸੰਤ’ ਆਯੋਜਤ ਕੀਤਾ ਜਾਵੇਗਾ।ਇਸ ਦੀ ਪ੍ਰਧਾਨਗੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਕਰਨਗੇ ਅਤੇ ਪੰਜਾਬੀ ਅਕਾਦਮੀ, ਦਿੱਲੀ ਤੋਂ ਗੁਰਭੇਜ ਸਿੰਘ ਗੁਰਾਇਆ ਮੁੱਖ ਮਹਿਮਾਨ ਹੋਣਗੇ। ਸ਼ਿਰਕਤ ਕਰ ਰਹੇ ਕਵੀਆਂ ਵਿਚ ਮਨਮੋਹਨ, ਸੁਖਵਿੰਦਰ ਅੰਮ੍ਰਿਤ, ਵਿਜੇ ਵਿਵੇਕ, ਮਨਜੀਤ ਇੰਦਰਾ, ਭੁਪਿੰਦਰਪ੍ਰੀਤ, ਦੇਵਿੰਦਰ ਸੈਫ਼ੀ, ਜਸਵੰਤ ਜ਼ਫ਼ਰ, ਅਮਰਜੀਤ ਹਿਰਦੇ, ਭੁਪਿੰਦਰ ਕੌਰ ਪ੍ਰੀਤ, ਰਮਨ ਸੰਧੂ, ਸਿਮਰਤ ਗਗਨ ਆਦਿ ਨਾਮ ਜ਼ਿਕਰਯੋਗ ਹਨ।
ਮੰਚ ਸੰਚਾਲਨ ਡਾ. ਰੁਪਿੰਦਰਜੀਤ ਕੌਰ ਅਤੇ ਡਾ. ਅਮਰਜੀਤ ਸਿੰਘ ਕਰਨਗੇ।ਸੰਸਥਾ ਵੱਲੋਂ ਪਿਛਲੇ ਸਮਾਗਮਾਂ ਦੀ ਰਵਾਇਤ ਨੂੰ ਜਾਰੀ ਰੱਖਦਿਆਂ ਪੰਜਾਬੀ ਦੀਆਂ ਉਪ ਬੋਲੀਆਂ ਗੋਜਰੀ, ਪਹਾੜੀ, ਡੋਗਰੀ ਆਦਿ ਦੇ ਪ੍ਰਸਿੱਧ ਕਵੀ ਜਿਨ੍ਹਾਂ ਵਿਚ ਵਿਜਯਾ ਠਾਕੁਰ, ਐਜਾਜ਼ ਸੈਫ਼ ਅਤੇ ਸਵਾਮੀ ਅੰਤਰਨੀਰਵ ਸ਼ਾਮਿਲ ਹਨ, ਵੀ ਭਾਗ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਇਕ ਦਹਾਕੇ ਤੋਂ ਨਿਰੰਤਰ ਆਯੋਜਤ ਕੀਤਾ ਜਾ ਰਿਹਾ ਅੰਮ੍ਰਿਤਸਰ ਸਾਹਿਤ ਉਤਸਵ ਉਤਰੀ ਭਾਰਤ ਦੇ ਸਾਹਿਤਕ ਅਤੇ ਸਭਿਆਚਾਰਕ ਵਿਰਸੇ ਦੀ ਨੁਮਾਇੰਦਗੀ ਕਰਨ ਵਾਲਾ ਪ੍ਰਮੁੱਖ ਸਮਾਗਮ ਬਣ ਚੁੱਕਾ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …