ਜੇਕਰ ਪੁੱਛ ਪੜਤਾਲ ਕਰਾਂ ਨਾ, ਤਦ ਮੈਂ ਚੰਗਾ।
ਕੋਈ ਭੁੱਲ ਸਵਾਲ ਕਰਾਂ ਨਾ, ਤਦ ਮੈਂ ਚੰਗਾ।
ਜਿੱਦਾਂ ਚਲਦਾ ਚੱਲਣ ਦੇਵੋ, ਆਖਣ ਮੈਨੂੰ,
ਕੋਈ ਖੜਾ ਬਵਾਲ ਕਰਾਂ ਨਾ, ਤਦ ਮੈਂ ਚੰਗਾ।
ਕੀ ਲੈਣਾ ਹੈ ਚੰਗੇ ਤੋਂ ਜੀ, ਮੰਦਾ ਵਧੀਆ,
ਕੋਈ ਪੇਸ਼ ਮਿਸਾਲ ਕਰਾਂ ਨਾ, ਤਦ ਮੈਂ ਚੰਗਾ।
ਹਾਲ ਤੁਹਾਡੇ ਰਹਿਣ ਦਿਆਂ ਜੇ, ਪਹਿਲਾਂ ਵਾਲੇ,
ਹਾਲੋਂ ਜੇ ਬੇਹਾਲ ਕਰਾਂ ਨਾ, ਤਦ ਮੈਂ ਚੰਗਾ।
ਬਿਨ ਪੁੱਛੇ ਹੀ ਖਰਚਣ ਦੇਵਾਂ, ਮਾਇਆ ਮੋਟੀ,
ਥੋਨੂੰ ਜੇ ਸਵਾਲ ਕਰਾਂ ਨਾ, ਤਦ ਮੈਂ ਚੰਗਾ।
ਲੜਦੇ ਭੂੰਡਾਂ ਵਾਂਗੂੰ ਸਭ ਦੇ, ਮੇਰੇ ਫੁੱਲ ਵੀ,
ਪੈਦਾ ਜੇ ਮਖਿਆਲ ਕਰਾਂ ਨਾ, ਤਦ ਮੈਂ ਚੰਗਾ।
ਗੁੱਸਾ ਕਰਨਾ ਛੱਡੋ ਕਹਿੰਦੇ, ਮਾੜਾ ਸੁਣ ਕੇ,
ਚਿਹਰਾ ਜੇਕਰ ਲਾਲ ਕਰਾਂ ਨਾ, ਤਦ ਮੈਂ ਚੰਗਾ।
ਝੂਠੇ ਨੂੰ ਵੀ ਸੱਚਾ ਆਖੋ, ਮੈਨੂੰ ਆਖਣ,
ਸੱਚੋ ਸੱਚ ਦੀ ਭਾਲ ਕਰਾਂ ਨਾ, ਤਦ ਮੈਂ ਚੰਗਾ।
ਹਰਦੀਪ ਬਿਰਦੀ
ਮੋ -9041600900