ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਖੇਡਾਂ ਦੀ ਭਾਵਨਾ ਪੈਦਾ ਕਰਨ, ਸਰੀਰਿਕ ਤੰਦਰੁਸਤੀ ਅਤੇ ਸਮਾਜਿਕ ਮੁਹਾਰਤਾਂ ਵਧਾਉਣ ਦੇ ਮਕਸਦ ਤਹਿਤ ‘6ਵੀਂ ਸਾਲਾਨਾ ਐਥਲੈਟਿਕ ਮੀਟ’ ਆਯੋਜਿਤ ਕੀਤੀ ਗਈ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਜੀਵਨ ’ਚ ਖੇਡਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਸਬੰਧੀ ਕਾਲਜ ਪ੍ਰਿੰਸੀਪਲ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ’ਚ ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਅਤੇ ਖ਼ਾਲਸਾ ਕਾਲਜ ਮੈਨੇਜ਼ਮੈਂਟ ਟੈਕਨਾਲੋਜੀ ਦੇ ਕਰੀਬ 600 ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਸਮਾਰੋਹ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਝੰਡਾ ਲਹਿਰਾ ਕੇ, ਲੈਂਪ ਲਾਈਟਿੰਗ, ਮਾਰਚ ਉਪਰੰਤ ਪ੍ਰਿੰਸੀਪਲ ਡਾ. ਬਾਲਾ ਵੱਲੋਂ ਹਵਾ ’ਚ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤੀ ਗਈ।ਇਸ ਦੌਰਾਨ ਛੀਨਾ ਨੇ ਆਪਣੀਆਂ ਸ਼ੁਭਇੱਛਾਵਾਂ ਭੇਂਟ ਕਰਦਿਆਂ ਸਾਲਾਨਾ ਸਮਾਰੋਹ ਦੇ ਆਯੋਜਨ ਲਈ ਪ੍ਰਿੰ: ਡਾ. ਬਾਲਾ ਅਤੇ ਵਿਦਿਆਰਥੀਆਂ ਤੇ ਫ਼ੈਕਲਟੀ ਮੈਂਬਰਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਖੇਡਾਂ ਨੂੰ ਉਤਸ਼ਾਹਿਤ ਲਈ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।
ਪ੍ਰਿੰਸੀਪਲ ਡਾ. ਬਾਲਾ ਨੇ ਵਿਦਿਆਰਥੀਆਂ ਦੀ ਸਮੁੱਚੀ ਸ਼ਖਸੀਅਤ ਵਿਕਾਸ ਲਈ ਖੇਡਾਂ ਦੇ ਮਹੱਤਵ ਨੂੰ ਉਜਾਗਰ ਕੀਤਾ।ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਖੇਡਾਂ ਸਮਾਂ ਲੰਘਾਉਣ ਲਈ ਨਹੀਂ ਹੁੰਦੀਆਂ, ਬਲਕਿ ਸਫ਼ਲ ਇਨਸਾਨ ਬਣਨ ਲਈ ਸਵੈਮਾਣ, ਸਵੈ-ਵਿਸ਼ਵਾਸ਼, ਸਹਿਨਸ਼ੀਲਤਾ ਅਤੇ ਲਗਨ ਦੀ ਭਾਵਨਾ ਨੂੰ ਵਧਾਉਣ ਲਈ ਸਹਾਈ ਸਿੱਧ ਹੁੰਦੀਆਂ ਹਨ। ਉਨ੍ਹਾਂ ਜੀਵਨ ਨੂੰ ਸਫ਼ਲ ਬਣਾਉਣ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਪੱਕੇ ਤੌਰ ’ਤੇ ਅਪਨਾਉਣ ਦੀ ਗੱਲ ’ਤੇ ਜ਼ੋਰ ਦਿੱਤਾ।
ਪ੍ਰੋਗਰਾਮ ਮੌਕੇ ਵਿਦਿਆਰਥੀਆਂ ਦੀਆਂ 100, 200 ਅਤੇ 500 ਮੀਟਰ ਦੌੜਾਂ, ਲੰਬੀ ਛਾਲ, ਸ਼ਾਟਪੁਟ ਅਤੇ ਰੱਸਾਕਸੀ ਮੁਕਾਬਲਿਆਂ ’ਚ ਆਪਣੇ ਜੌਹਰ ਦਾ ਪ੍ਰਦਰਸ਼ਨ ਕੀਤਾ।ਵਿਦਿਆਰਥੀਆਂ ਤੋਂ ਇਲਾਵਾ ਫ਼ੈਕਲਟੀ ਅਤੇ ਸਟਾਫ਼ ਮੈਂਬਰਾਂ ਨੇ ਔਰਤਾਂ ਅਤੇ ਮਰਦਾਂ ਦੇ ਮੁਕਾਬਲਿਆ ਜਿਸ ’ਚ 100 ਮੀਟਰ ਦੀ 3 ਵੱਖ-ਵੱਖ ਚਰਨਾਂ ਦੀ ਦੌੜ ਸੀ, ’ਚ ਹਿੱਸਾ ਲਿਆ।ਲੜਕੀਆਂ ’ਚ ਬੀ.ਐਸ.ਸੀ ਐਗਰੀਕਲਚਰ ਸਮੈਸਟਰ-6 ਦੀ ਵਿਦਿਆਰਥਣ ਮਨਦੀਪ ਕੌਰ ਨੂੰ ‘ਬੈਸਟ ਐਥਲੀਟ’ ਅਤੇ ਲੜਕਿਆਂ ’ਚ ਬੀ.ਐਸ.ਸੀ ਐਗਰੀਕਲਚਰ ਸਮੈਸਟਰ-6 ਦੇ ਅੰਮ੍ਰਿਤਪਾਲ ਸਿੰਘ ਨੂੰ ‘ਬੈਸਟ ਐਥਲੀਟ’ ਘੋਸ਼ਿਤ ਕੀਤਾ ਗਿਆ।ਜਦ ਕਿ ਰੱਸਾਕਸੀ ਦੇ ਮੁਕਾਬਲਿਆਂ ’ਚ ਇੰਜੀਨੀਅਰ ਕਾਲਜ ਦੇ ਕੰਪਿਊਟਰ ਸਾਇੰਸ ਦੀ ਲੜਕੀਆਂ ਅਤੇ ਖ਼ਾਲਸਾ ਮੈਨੇਜ਼ੈਂਟ ਟੈਕਨਾਲੋਜੀ ਦੀ ਲੜਕਿਆਂ ਦੀ ਟੀਮ ਜੇਤੂ ਰਹੀਆਂ।ਰੰਗਾਰੰਗ ਪ੍ਰੋਗਰਾਮ ਮੌਕੇ ਵਿਦਿਆਰਥੀਆਂ ਵੱਲੋਂ ਭੰਗੜਾ ਪੇਸ਼ ਕਰਕੇ ਹਾਜ਼ਰ ਸਰੋਤਿਆਂ ਤੋਂ ਵਾਹ-ਵਾਹੀ ਖੱਟੀ।
ਇਸ ਮੌਕੇ ਡਾ. ਮੋਹਿੰਦਰ ਸੰਗੀਤਾ ਡੀਨ ਅਕਾਦਮਿਕ, ਡਾ. ਹਰਕਰਨ ਸਿੰਘ ਰਜਿਸਟਰਾਰ, ਇੰਜ਼ ਆਰ.ਐਸ ਮਹਿਲ ਮੁੱਖੀ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਇੰਜ਼. ਕਿਰਨਦੀਪ ਸਿੰਘ ਮੁੱਖੀ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ, ਇੰਜ਼. ਜਸਪ੍ਰੀਤ ਸਿੰਘ ਮੁੱਖੀ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ, ਇੰਜ. ਸਾਹਿਲ ਵਰਮਾ ਮੁੱਖੀ ਸਿਵਲ ਇੰਜੀਨੀਅਰਿੰਗ ਵਿਭਾਗ, ਇੰਜ਼: ਗੁਰਚਰਨ ਸਿੰਘ ਡਿਪਟੀ ਡੀਨ ਸਟੂਡੈਂਟ ਵੈਲਫ਼ੇਅਰ, ਇੰਜ਼: ਬਿਕਰਮਜੀਤ ਸਿੰਘ ਡਿਪਟੀ ਡੀਨ ਡਿਵੈਲਪਮੈਂਟ ਐਂਡ ਪਲਾਨਿੰਗ, ਡਾ. ਗੁਰਦਿਆਲ ਸਿੰਘ, ਪ੍ਰੋ. ਜੇ.ਐਲ ਰਾਮਬਾਨੀ, ਪ੍ਰੋ. ਡਾ. ਮਨਮੋਹਨ ਸਿੰਘ, ਇੰਜ਼, ਸੰਦੀਪ ਦੇਵਗਨ, ਇੰਜ਼: ਪਰਮਬੀਰ ਸਿੰਘ, ਇੰਜ਼: ਕਰਨਬੀਰ ਸਿੰਘ ਪ੍ਰੋਗਰਾਮ ਕੋਆਰਡੀਨੇਟਰ ਤੋਂ ਇਲਾਵਾ ਅਤੇ ਹੋਰ ਫੈਕਲਟੀ ਮੈਂਬਰ ਤੇ ਵਿਦਿਆਰਥੀ ਵੀ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …