ਭੀਖੀ/ਮਾਨਸਾ, 12 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਰੋਇੰਗ ਖੇਡਾਂ ਵਿੱਚ ਵਿਦੇਸ਼ਾਂ ਦੀ ਧਰਤੀ `ਤੇ ਗੋਲਡ ਮੈਡਲ ਜਿੱਤਣ ਵਾਲੇ ਅੰਤਰਰਾਸ਼ਟਰੀ ਖਿਡਾਰੀ ਸਵਰਨ ਸਿੰਘ ਵਿਰਕ ਦੇ ਪਿੰਡ ਦਲੇਲ ਵਾਲਾ ਦੇ ਟਰੱਕਾਂ `ਤੇ ਕੰਡਕਟਰੀ ਕਰਨ ਵਾਲੇ ਅੱਠਵੀਂ ਪਾਸ ਇੱਕ ਨੌਜਵਾਨ ਸ਼ਗਨਦੀਪ ਸਿੰਘ ਨੇ ਬੈਂਕਾਕ ਵਿੱਚ 27 ਤੋਂ 31 ਮਾਰਚ ਤੱਕ ਹੋਈਆਂ ਖੇਡਾਂ ਦੇ ਰੋਇੰਗ ਮੁਕਾਬਲੇ ਵਿੱਚ 3 ਗੋਲਡ ਮੈਡਲ ਜਿੱਤੇ ਹਨ।ਉਸ ਨੇ ਇਹ ਗੋਲਡ ਮੈਡਲ ਸਿੰਗਲ, ਡਬਲ ਅਤੇ ਮਿਕਸ ਮੁਕਾਬਲਿਆਂ ਵਿੱਚ ਹਾਸਲ ਕੀਤੇ।ਸ਼ਗਨਦੀਪ ਸਿੰਘ ਆਪਣੇ ਬਾਪ ਨਾਲ ਟਰੱਕਾਂ `ਤੇ ਕੰਡਕਟਰੀ ਕਰਦਾ ਸੀ ਅਤੇ ਉਸ ਨੇ ਸਵਰਨ ਸਿੰਘ ਵਿਰਕ ਤੋਂ ਪ੍ਰੇਰਿਤ ਹੋ ਕੇ ਰੋਇਗ ਖੇਡਾਂ ਦੀ ਚੰਡੀਗੜ ਤੋਂ ਟ੍ਰੇਨਿੰਗ ਲਈ।
ਉਹ 27 ਤੋਂ 31 ਮਾਰਚ ਤੱਕ ਬੈਂਕਾਕ ਵਿਖੇ ਹੋਈ ਇੱਕ ਚੈਪੀਅਨਸ਼ਿੱਪ ਦੀਆਂ ਜੂਨੀਅਰ ਖੇਡਾਂ ਵਿੱਚ ਭਾਗ ਲੈਣ ਲਈ ਗਿਆ।ਜਿਥੇ ਉਸ ਨੇ ਕਿਸ਼ਤੀ ਚਾਲਕ ਵਿੱਚ ਉਕਤ ਮੁਕਾਬਲਿਆਂ ਦੌਰਾਨ 3 ਗੋਲਡ ਮੈਡਲ ਜਿੱਤੇ।ਅਜਕਲ ਸ਼ਗਨਦੀਪ ਸਿੰਘ ਉੜੀਸਾ ਦੇ ਜਗਤਪੁਰ ਵਿਖੇ ਸਾਂਈ ਸੈਂਟਰ ਤੋਂ ਅਗਲੀ ਟ੍ਰੇਨਿੰਗ ਲੈ ਰਿਹਾ ਹੈ।ਇਸ ਤੋਂ ਬਾਅਦ ਫਿਰ ਉਹ ਇੰਨਾਂ ਖੇਡਾਂ ਲਈ ਵਿਦੇਸ਼ ਖੇਡਣ ਜਾਵੇਗਾ।ਮਾਨਸਾ ਪੁੱਜਣ ਤੇ ਸ਼ਗਨਦੀਪ ਸਿੰਘ ਦਾ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਸ਼ਗਨਦੀਪ ਸਿੰਘ ਕਹਿਣਾ ਹੈ ਕਿ ਉਹ ਟਰੱਕਾਂ `ਤੇ ਕੰਡਕਟਰੀ ਕਰਦਾ ਸੀ, ਪਰ ਉਸ ਅੰਦਰ ਸਵਰਨ ਸਿੰਘ ਵਿਰਕ ਨੂੰ ਦੇਖਦਿਆਂ ਖੁਦ ਖਿਡਾਰੀ ਬਣਨ ਦੀ ਜਗਿਆਸਾ ਪੈਦਾ ਹੋਈ।ਇਸ ਤੋਂ ਬਾਅਦ ਉਸ ਨੇ ਠਾਣ ਲਿਆ ਕਿ ਉਹ ਇੰਨਾਂ ਖੇਡਾਂ ਵਿੱਚ ਭਾਗ ਲਵੇਗਾ।ਸ਼ਗਨਦੀਪ ਸਿੰਘ ਇਸ ਤੋਂ ਬਾਅਦ ਹੁਣ ਦਸੰਬਰ ਮਹੀਨੇ ਵਿੱਚ ਜੂਨੀਅਰ ਚੈਪੀਅਨਸ਼ਿਪ ਵਿੱਚ ਭਾਗ ਲਵੇਗਾ।ਉਸ ਦਾ ਕਹਿਣਾ ਹੈ ਕਿ ਉ ਇਥੋਂ ਵੀ ਗੋਲਡ ਮੈਡਲ ਜਿੱਤੇਗਾ।