ਜੱਲਿਆਂ ਵਾਲੇ ਬਾਗ ਨੇ ਹੋਕਾ, ਦਿੱਤਾ ਆਣ ਜ਼ਮੀਰਾਂ ਦਾ
ਡੁੱਲਿਆ ਜਿਸਦੀ ਮਿੱਟੀ ਉਤੇ, ਖੂਨ ਬਹਾਦਰ ਵੀਰਾਂ ਦਾ॥
ਚੇਤੇ ਵਿਚੋਂ ਕਿਵੇਂ ਭੁਲਾਵਾਂ, ਮੈਂ ਉਸ ਲਾਲ ਵਿਸਾਖੀ ਨੂੰ
ਜਿਸਨੇ ਸੀ ਇਤਿਹਾਸ ਬਦਲਿਆ, ਕੌਮ ਦੀਆਂ ਤਕਦੀਰਾਂ ਦਾ॥
ਹੱਕਾਂ ਉੱਤੇ ਜਦ ਵੀ ਡਾਕੇ, ਹਾਕਮ ਆ ਕੇ ਮਾਰ ਗਿਆ
ਰੰਗ ਹੋਰ ਵੀ ਗੂੜ੍ਹਾ ਹੋਇਆ, ਅਣਖ ਦੀਆਂ ਤਸਵੀਰਾਂ ਦਾ॥
ਜਲ੍ਹਿਆਂ ਵਾਲੇ ਬਾਗ ਦੀ ਮਿੱਟੀ, ਚੁੰਮੀ ਊਧਮ ਯੋਧੇ ਨੇ
ਮਿੱਟੀ ਵਿੱਚ ਮਿਲਾ ਤਾ ਡਾਇਰ, ਭੁੱਲ ਕੇ ਖੋਫ ਜ਼ੰਜੀਰਾਂ ਦਾ॥
ਹਿੰਦ ਵਾਸੀਓ ਭੁੱਲ ਨਾ ਜਾਣਾ, ਵੀਰਾਂ ਦੀ ਕੁਰਬਾਨੀ ਨੂੰ
ਮੁੱਲ ਬੜਾ ਹੀ ਮਹਿੰਗਾ ਹੁੰਦਾ, ਅੱਖੀਓਂ ਵਗਦੇ ਨੀਰਾਂ ਦਾ॥
ਵਤਨ ਲਈ ਜੋ ਆਪਾ ਵਾਰਨ, `ਫਲਕ` ਸਦਾ ਉਹ ਕੌਮਾਂ ਜੀਵਣ
ਸ਼ਾਲਾ ਰੰਗ ਪਕੇਰਾ ਹੋਵੇ, ਸੱਚ ਦੀਆਂ ਤਹਿਰੀਰਾਂ ਦਾ॥
ਜਸਪ੍ਰੀਤ ਕੌਰ `ਫਲਕ`
ਲੁਧਿਆਣਾ ।
email- jaspreetkaurfalak@gmail.com