ਚੂਪਣ ਲਈ ਸੀ ਮਿਲਦੇ ਗੰਨੇ।
ਪੀਂਦੇ ਸੀ ਦੁੱਧ ਭਰ ਭਰ ਛੰਨੇ।
ਚੂਰੀ ਕੁੱਟ ਕੇ ਰੋਟੀ ਖਾਣ ਦਾ, ਆਉਂਦਾ ਬੜਾ ਸਵਾਦ ਸੀ।
ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ, ਬਚਪਨ ਆਉਂਦੈ ਯਾਦ ਜੀ।
ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ, ਪਹਿਲਾਂ ਵਾਲਾ ਪੰਜਾਬ ਜੀ।।
ਘਾਟ ਭੁਨਾ ਕੇ ਭੱਠੀ ਉਤੋਂ ਸ਼ੱਕਰ ਵਿੱਚ ਰਲਾ ਲੈਣੀ।
ਘਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਖੀਸੇ ਦੇ ਵਿੱਚ ਪਾ ਲੈਣੀ।।
ਛੱਪੜੋਂ ਮੱਝਾਂ ਪਿਆਉਣ ਵੇਲੇ ਦਾ, ਲੈਂਦੇ ਲਾ ਹਿਸਾਬ ਸੀ,
ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ………
ਭੱਤਾ ਲੈ ਕੇ ਜਾਣਾਂ ਖੇਤੀਂ, ਹੋਲਾਂ ਬਹੁਤ ਬਣਾਉਂਦੇ ਸੀ।
ਮਨ੍ਹਿਆਂ ਉਤੇ ਚੜ੍ਹ ਚੜ੍ਹ ਕੇ ਅਸੀਂ, ਤੋਤੇ ਕਾਂ ਉਡਾਉਂਦੇ ਸੀ।।
ਗੋਪੀਏ ਨਾਲ ਨਿਸ਼ਾਨੇ ਲਾਉਣ ਦਾ, ਵੱਖਰਾ ਹੀ ਅੰਦਾਜ਼ ਸੀ,
ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ………
ਮੱਠੀ ਮੱਠੀ ਅੱਗ ਦੇ ਉਤੇ, ਬੇਬੇ ਸਾਗ ਬਣਾਉਂਦੀ ਸੀ।
ਮੱਕੀ ਦੇ ਆਟੇ ਦਾ ਆਲਣ, ਰੀਝਾਂ ਲਾ ਲਾ ਪਾਉਂਦੀ ਸੀ।
ਤੜਕਾ ਲਾ ਲਾ ਜਿਨ੍ਹਾਂ ਬੇਹਾ, ਲੱਗਦਾ ਓਨਾਂ ਸਵਾਦ ਸੀ,
ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ………
ਤੱਤਾ ਗੁੜ ਘੁਲਾੜੀ ਉਤੋਂ, ਸਕੂਲ ਜਾਂਦਿਆਂ ਖਾ ਲੈਣਾ।
ਪੀਲ੍ਹਾਂ ਅਤੇ ਲਸੂੜੀਆਂ ਖਾਂਦਿਆਂ, ਨਹਿਰ ਦੇ ਵਿੱਚ ਨਹਾ ਲੈਣਾ।
ਸੁਪਨਾ ਹੋਜੂ ਐਸਾ ਬਚਪਨ, ਸੋਚਿਆ ਨਾ ਕਦੇ ਖੁਆਬ ਸੀ,
ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ………
ਬਚਪਨ ਦੇ ਵਿੱਚ ਮੌਜਾਂ ਮਾਣੀਆਂ, ਯਾਦਾਂ ਬਣ ਕੇ ਰਹਿ ਗਈਆਂ।
ਕਬੀਲਦਾਰੀ ਦੇ ਝੰਜਟ ਦੇ ਵਿੱਚ, ਆਸਾਂ ਸਭ ਨੇ ਵਹਿ ਗਈਆਂ।।
ਦੱਦਾਹੂਰੀਆ ਆਖੇ, ਸਾਡੇ ਜਿਹਾ ਨਾ ਓਦੋਂ ਨਵਾਬ ਸੀ,
ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ………
ਅਜੋਕਾ ਬਚਪਨ ਵਿੱਚ ਮੋਬਾਇਲਾਂ, ਦੇ ਹੀ ਉਲਝ ਕੇ ਰਹਿ ਗਿਆ ਬਈ।
ਚਰਸ ਚਿੱਟੇ ਤੇ ਸ਼ੀਸ਼ੀਆਂ ਪੀਣ ਦੇ, ਜਾਂ ਫਿਰ ਰਾਹੇ ਪੈ ਗਿਆ ਬਈ।।
ਅੱਜਕਲ੍ਹ ਭਾਰੂ ਪੈ ਗਿਆ ਲੋਕੋ, ਸ਼ਰਾਬ ਦੇ ਨਾਲ ਸ਼ਬਾਬ ਜੀ,
ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ………
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ।
ਮੋ – 94176 22046