Thursday, March 5, 2026

ਮੁੱਖ ਮੰਤਰੀ  ਸ. ਬਾਦਲ ਨੇ ਕੀਤਾ ਫਾਜ਼ਿਲਕਾ ਦੇ ਹੱੜ ਪ੍ਰਭਾਵਿਤ ਖੇਤਰਾਂ ਦਾ ਦੌਰਾ

ਸੇਮ ਨਾਲਿਆਂ ਨੂੰ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਦੇ ਯੋਗ ਬਣਾਉਣ ਲਈ ਕਿਹਾ

PPN15091403
ਫਾਜ਼ਿਲਕਾ, 15 ਸਤੰਬਰ (ਵਿਨੀਤ ਅਰੋੜਾ) – ਸੂਬੇ ਵਿਚੋਂ ਸੇਮ ਦੇ ਖਾਤਮੇ ਲਈ ਸੂਬਾ ਸਰਕਾਰ ਵੱਲੋਂ ਤਿਆਰ ਕੀਤੇ ਮਾਸਟਰ ਪਲਾਨ ਦੀ ਤਰੁੱਟੀ ਰਹਿਤੀ ਸੰਪੂਰਨਤਾ ਤੇ ਜੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਇਸ ਪਲਾਨ ਨੂੰ ਦੱਖਣੀ ਪੱਛਮੀ ਪੰਜਾਬ ਦੀਆਂ ਸਭ ਸੱਮਸਿਆਵਾਂ ਲਈ ‘ਰਾਮਬਾਣ ਇਲਾਜ’ ਦੱਸਿਆ ਹੈ।   ਪੰਜਾਬ ਦੇ ਮੀਂਹ ਪ੍ਰਭਾਵਿਤ ਇਲਾਕਿਆਂ ਦੇ ਤਿੰਨ ਦਿਨਾਂ ਦੌਰੇ ਦੇ ਆਖਰੀ ਦਿਨ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੇਮ ਦੀ ਸਮੱਸਿਆ ਦੇ ਬਰੀਕੀ ਨਾਲ ਅਧਿਐਨ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਇਹ ਪਲਾਨ ਇਸ ਵੱਡੀ ਆਫ਼ਤ, ਜਿਸ ਕਾਰਨ ਹਰ ਸਾਲ ਵੱਡਾ ਨੁਕਸਾਨ ਹੁੰਦਾ ਹੈ, ਦਾ ਸਥਾਈ ਹੱਲ ਕਰਨ ਦੇ ਯੋਗ ਹੋਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਸਮੇਂ ਦੀ ਮੰਗ ਹੈ ਕਿ ਪ੍ਰਭਾਵਿਤ ਖੇਤਰਾਂ ਵਿਚ ਤੁਰੰਤ ਰਾਹਤ ਪਹੁੰਚਾ ਕੇ ਮੁੜਵਸੇਬੇ ਦੇ ਕੰਮ ਆਰੰਭੇ ਜਾਣ ਤਾਂ ਜੋ ਇਸ ਤੋਂ ਬਾਅਦ ਇਸ ਮਾਸਟਰ ਪਲਾਨ ਤਹਿਤ ਆਰੰਭੇ ਪ੍ਰੋਜੈਕਟਾਂ ਤੇ ਮੁੜ ਕੰਮ ਸ਼ੁਰੂ ਹੋ ਸਕੇ। ਮੁੱਖ ਮੰਤਰੀ ਨੇ ਸਿੰਚਾਈ ਸਕੱਤਰ ਸ੍ਰੀ ਕਾਹਨ ਸਿੰਘ ਪਨੂੰ ਨੂੰ ਕਿਹਾ ਕਿ ਉਹ ਖੁਦ ਇਸ ਮਾਸਟਰ ਪਲਾਨ ਨੂੰ ਮੁਕੰਮਲ ਕਰਨ ਦੀ ਨਿਗਰਾਨੀ ਕਰਨ ਤਾਂ ਜੋ ਲੋਕਾਂ ਨੂੰ ਇਸ ਵਿਕਰਾਲ ਸਮੱਸਿਆ ਤੋਂ ਜਲਦ ਰਾਹਤ ਦਿੱਤੀ ਜਾ ਸਕੇ।
ਇਸ ਮੌਕੇ ਮੁੱਖ ਮੰਤਰੀ ਨੇ ਇਕ ਹੋਰ ਮਹੱਤਵਪੂਰਨ ਫੈਸਲਾ ਕਰਦਿਆਂ ਸਿੰਚਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਸੇਮ ਨਾਲਿਆਂ ਨੂੰ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਕਰਨ ਦੇ ਵੀ ਯੋਗ ਬਣਾਇਆ ਜਾਵੇ। ਇਸ ਨੂੰ ਵਕਤ ਦੀ ਜਰੂਰਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਇਕਦਮ ਪੈਣ ਵਾਲੀ ਭਾਰੀ ਬਾਰਿਸ ਕਾਰਨ ਸੇਮ ਮਾਰੇ ਇਲਾਕਿਆਂ ਵਿਚ ਆਉਣ ਵਾਲੇ ਹੜ੍ਹਾਂ ਕਾਰਨ ਫਸਲਾਂ ਅਤੇ ਹੋਰ ਜਾਇਦਾਦ ਦੇ ਹੁੰਦੇ ਨੁਕਸਾਨ ਦੀ ਰੋਕਥਾਮ ਲਈ ਇੰਨ੍ਹਾਂ ਸੇਮ ਨਾਲਿਆਂ ਨੂੰ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਦੇ ਯੋਗ ਬਣਾਇਆ ਜਾਣਾ ਲਾਜ਼ਮੀ ਹੋ ਗਿਆ ਹੈ। ਸ: ਬਾਦਲ ਨੇ ਕਿਹਾ ਕਿ ਹੜ੍ਹਾਂ ਦੇ ਪਾਣੀ ਦੇ ਨਿਕਾਸੀ ਵਾਲੇ ਨਾਲਿਆਂ ਦੀ ਪੱਕੀ ਲਾਈਨਿੰਗ ਕੀਤੀ ਜਾਵੇ ਤਾਂ ਜੋ ਇਹ ਨਾਲੇ ਕਿਨਾਰੇ ਤੋੜ ਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਕਰਨ। ਉਨ੍ਹਾਂ ਨੇ ਸਿੰਚਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਪ੍ਰੋਜੈਕਟ ਇਕ ਮਹੀਨੇ ਵਿਚ ਤਿਆਰ ਕੀਤਾ ਜਾਵੇ ਤਾਂ ਜੋ ਤੁਰੰਤ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾ ਸਕੇ।
ਇਸ ਮੌਕੇ ਕੈਬਨਿਟ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿਚ ਵੱਡੇ ਨੁਕਸਾਨ ਦਾ ਕਾਰਨ ਬਣਨ ਵਾਲੀ ਬਾਂਮ ਡ੍ਰੇਨ ਜਿਸਨੂੰ ਕਿ ‘ਫਾਜ਼ਿਲਕਾ ਦਾ ਕੋਪ’ ਵੀ ਕਿਹਾ ਜਾਣ ਲੱਗਾ ਹੈ ਸਬੰਧੀ ਮੰਗ ਸਵਿਕਾਰ ਕਰਦਿਆਂ ਮੁੱਖ ਮੰਤਰੀ  ਨੇ ਇਸ ਡ੍ਰੇਨ ਦੀ ਰੀਲਾਇੰਨਿੰਗ ਕਰਨ ਦਾ ਐਲਾਣ ਵੀ ਕੀਤਾ। ਉਨ੍ਹਾਂ ਨੇ ਸਿੰਚਾਈ ਮਹਿਕਮੇ ਨੂੰ ਕਿਹਾ ਕਿ ਜਿੱਥੇ ਜਿੱਥੇ ਜਰੂਰੀ ਹੈ ਬਾਂਮ ਡ੍ਰੇਨ ਦੀ ਰੀਲਾਈਨਿੰਗ ਕੀਤੀ ਜਾਵੇ ਤਾਂ ਜੋ ਫਾਜ਼ਿਲਕਾ ਜ਼ਿਲ੍ਹੇ ਵਿਚ ਇਸ ਕਾਰਨ ਹੁੰਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਫਾਜ਼ਿਲਕਾ ਵਿਚ ਸਿੰਚਾਈ ਵਿਭਾਗ ਦੀ ਵੱਖਰੀ ਡਵੀਜਨ ਬਣਾਉਣ ਦਾ ਐਲਾਣ ਵੀ ਕੀਤਾ ਤਾਂ ਜੋ ਇੱਥੇ ਸੇਮ ਅਤੇ ਹੜ੍ਹ ਰੋਕੂ

PPN15091404
ਪ੍ਰੋਜੈਕਟਾਂ ਨੂੰ ਤੇਜੀ ਨਾਲ ਲਾਗੂ ਕੀਤਾ ਜਾ ਸਕੇ।   ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ ਅਤੇ ਪ੍ਰਭਾਵਿਤ ਪਿੰਡਾਂ ਵਿਚ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੇ ਜਾਇਜ਼ੇ ਦੇ ਬਾਅਦ ਇਕ ਮਹੀਨੇ ਵਿਚ ਹੀ ਇਸ ਦੀ ਪੂਨਰਸੰਰਚਨਾ ਦਾ ਕੰਮ ਆਰੰਭ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਭਾਗ ਆਪਣੇ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੀ ਰਿਪੋਟ ੧੦ ਦਿਨਾਂ ਦੇ ਵਿਚ ਵਿਚ ਤਿਆਰ ਕਰਕੇ ਭੇਜੇ ਤਾਂ ਜੋ ਤੁਰੰਤ ਇਸ ਦੇ ਪੂਨਰ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਸ: ਬਾਦਲ ਨੇ ਕਿਹਾ ਕਿ ਸੜਕਾਂ ਅਤੇ ਹੋਰ ਸਰਕਾਰੀ ਇਮਾਰਤਾਂ ਨੂੰ ਹੋਏ ਨੁਕਸਾਨ ਦੀ ਦਰੁੱਸਤੀ ਜਲਦ ਆਰੰਭ ਕੀਤੀ ਜਾਵੇਗੀ ਤਾਂ ਜੋ ਇਸ ਕਾਰਨ ਆਮ ਲੋਕਾਂ ਨੂੰ ਪਰੇਸਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਪ੍ਰਭਾਵਿਤ ਨੂੰ ਮੁਆਵਜਾ ਦੇਣ ਸਬੰਧੀ ਰਾਜ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਵਿੱਤ ਕਮਿਸ਼ਨਰ ਮਾਲ ਨੂੰ ਕਿਹਾ ਜਾ ਚੁੱਕਾ ਹੈ ਕਿ ਉਹ ਮੁਆਵਜਾ ਵੰਡ ਦੀ ਸਾਰੀ ਪ੍ਰਕ੍ਰਿਆ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਣਗੇ ਤਾਂ ਜੋ ਪੀੜਤਾਂ ਨੂੰ ਸਹੀ ਮਦਦ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਨੂੰ ਹਦਾਇਤ ਕੀਤੀ ਗਈ ਹੈ ਕਿ ਮੁਆਵਜੇ ਦੀ ਵੰਡ ਵਿਚ ਕੋਈ ਤਰੁੱਟੀ ਨਾ ਰਹੇ। ਉਨ੍ਹਾਂ ਕਿਹਾ ਕਿ ਫਸਲਾਂ ਅਤੇ ਜਾਇਦਾਦ ਦੇ ਹੋਏ ਨੁਕਸਾਨ ਦਾ ਬਰੀਕੀ ਨਾਲ ਸਰਵੇਖਣ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਇਕ ਪੀੜਤ ਨੂੰ ਮੁਆਵਜਾ ਦਿੱਤਾ ਜਾ ਸਕੇ।   ਅੱਜ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਪਿੰਡ ਸਜਰਾਣਾ, ਖੂਈਖੇੜਾ, ਘੱਲੂ, ਝੂਮਿਆਂ ਵਾਲੀ, ਧਰਾਂਗ ਵਾਲਾ, ਕੁੰਡਲ, ਭੰਗਾਲਾ, ਰਾਮਗੜ੍ਹ, ਗੱਦਾਡੋਬ, ਚੰਨਨ ਖੇੜਾ, ਕਟੈਹੜਾ, ਕੇਰਾ ਖੇੜਾ, ਮਲੂਕ ਪੁਰਾ, ਬਹਾਦਰਖੇੜਾ, ਢਾਬਾਂ ਕੋਕਰੀਆਂ, ਬਹਾਵਲਵਾਸੀ ਅਤੇ ਅਬੋਹਰ ਦਾ ਦੌਰਾ ਕਰਕੇ ਹੜ੍ਹ ਪੀੜਤਾਂ ਦੀਆਂ ਮੁਸਕਿਲਾਂ ਸੁਣੀਆਂ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ, ਮੈਂਬਰ ਲੋਕ ਸਭਾ ਸ: ਸ਼ੇਰ ਸਿੰਘ ਘੁਬਾਇਆ, ਵਿਧਾਇਕ ਸ: ਗੁਰਤੇਜ ਸਿੰਘ ਘੁੜਿਆਣਾ, ਸ. ਪ੍ਰਕਾਸ਼ ਸਿੰਘ ਭੱਟੀ ਚੇਅਰਮੈਨ ਐਸ.ਸੀ. ਕਾਰਪੋਰੇਸ਼ਨ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਸ. ਗੁਰਚਰਨ ਸਿੰਘ ਓ.ਐਸ.ਡੀ. ਮੁੱਖ ਮੰਤਰੀ, ਸ. ਚਰਨਜੀਤ ਸਿੰਘ ਬਰਾੜ ਓ.ਐਸ.ਡੀ. ਉਪ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ,  ਸਵਪਨ ਸ਼ਰਮਾ ਐਸ.ਐਸ.ਪੀ.ਫਾਜਿਲਕਾ, ਜੱਥੇਦਾਰ ਸੁਬਾ ਸਿੰਘ ਡੱਬਵਾਲਾ ਮੈਂਬਰ ਐਸ.ਜੀ.ਪੀ.ਸੀ., ਸ਼੍ਰੀ ਸੰਜੀਵ ਗੋਦਾਰਾ, ਸ. ਕੋਰ ਸਿੰਘ ਮੈਂਬਰ ਐਸ.ਜੀ.ਪੀ.ਸੀ.,  ਪ੍ਰੇਮ ਕੁਮਾਰ ਵਲੇਚਾ ਚੇਅਰਮੈਨ ਪਲਾਨਿੰਗ ਬੋਰਡ, ਚੋ. ਰਾਧਾ ਕ੍ਰਿਸ਼ਨ., ਸ.ਹਰਵਿੰਦਰ ਸਿੰਘ ਹੈਰੀ,  ਕਰਨ ਗਿਲਹੋਤਰਾ,  ਲਵਲੀ ਕਾਠਪਾਲ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply