ਸਮੁੱਚੀ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਪੂਰਨ ਸਹਿਯੋਗ ਦਾ ਕੀਤਾ ਵਾਅਦਾ
ਸਮਰਾਲਾ, 27 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਭਗਵਾਨਪੁਰਾ ਵਿਖੇ ਭਾਈ ਘਨੱਈਆ ਵੈਲਫੇਅਰ ਕਲੱਬ ਭਗਵਾਨਪੁਰਾ ਦੀ ਇੱਕ ਜਰੂਰੀ ਮੀਟਿੰਗ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਦੀ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਨਾਲ ਹੋਈ।ਜਿਸ ਵਿੱਚ ਪਿੰਡ ਵਿੱਚ ਵੱਖ-ਵੱਖ ਤਰਾਂ ਦੇ ਸੁਧਾਰ ਕਰਨ, ਪਿੰਡ ਸਾਫ ਸਫਾਈ ਅਤੇ ਹੋਰ ਭਲਾਈ ਦੇ ਕੰਮ ਕਰਨ ਸਬੰਧੀ ਮਤੇ ਪਾਏ ਗਏ, ਇਨ੍ਹਾਂ ਮਤਿਆਂ ਦਾ ਸਮੂਹ ਨਗਰ ਨਿਵਾਸੀਆਂ ਅਤੇ ਗਰਾਮ ਪੰਚਾਇਤ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ।
ਸਭ ਤੋਂ ਪਹਿਲਾ ਮਤਾ ਪਿੰਡ ਵਿੱਚ ਨਵੇਂ ਬੱਚੇ ਦੇ ਜਨਮ ਮੌਕੇ ਮਹੰਤਾਂ ਨੂੰ ਇਕਸਾਰ ਵਧਾਈ ਦੇਣਾ, ਪਿੰਡ ਵਿੱਚ ਕਿਸੇ ਵਿਅਕਤੀ ਦੀ ਮੌਤ ਮੌਕੇ ਸਾਦਾ ਭੋਗ ਪਾਉਣਾ ਅਤੇ ਬੇਫਜ਼ੂਲ ਖਰਚਿਆਂ ਨੂੰ ਘੱਟ ਕਰਨ ਸਬੰਧੀ ਮਤਾ ਪਾਇਆ ਗਿਆ। ਇਸ ਤੋਂ ਇਲਾਵਾ ਪਿੰਡ ਵਿੱਚ ਕਲੱਬ ਵੱਲੋਂ ਸਾਫ ਸਫਾਈ, ਗਲੀਆਂ ਨਾਲੀਆਂ ਦੀ ਸਾਫ ਸਫਾਈ, ਪਿੰਡ ਦੇ ਆਲੇ ਦੁਆਲੇ ਦਰੱਖਤ ਲਾਉਣਾ, ਖੜ੍ਹੇ ਦਰੱਖਤਾਂ ਨੂੰ ਸਫੈਦੀ ਕਰਨਾ ਆਦਿ ਫੈਸਲਾ ਕੀਤਾ ਗਿਆ।ਇਨ੍ਹਾਂ ਸਾਰੇ ਮਤਿਆਂ ਦੀ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਕਲੱਬ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਜੇਕਰ ਹਰ ਪਿੰਡ ਵਿੱਚ ਇਸ ਤਰ੍ਹਾਂ ਦੇ ਕਲੱਬ ਬਣ ਜਾਣ ਤਾਂ ਪੰਜਾਬ ਦੇ ਪਿੰਡਾਂ ਦੀ ਕਾਇਆ ਕਲਪ ਹੋ ਸਕਦੀ ਹੈ, ਕਿਸੇ ਵੀ ਪਿੰਡ ਨੂੰ ਇਨ੍ਹਾਂ ਸਰਕਾਰਾਂ ਵੱਲ ਦੇਖਣ ਦੀ ਜਰੂਰਤ ਨਾ ਹੋਵੇ ਅਤੇ ਨੇਤਾਵਾਂ ਵੱਲੋਂ ਗਰਾਂਟਾਂ ਦੇ ਨਾਂ `ਤੇ ਪਿੰਡਾਂ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਬੰਦ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਸੌਦਾਗਰ ਸਿੰਘ, ਕਲੱਬ ਦੇ ਕੈਸ਼ੀਅਰ ਯਾਦਵਿੰਦਰ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਨੇਤਰ ਸਿੰਘ ਪੰਚ, ਕਲੱਬ ਦੇ ਮੈਂਬਰਾਂ ਵਿੱਚ ਗੁਰਤੇਜਪਾਲ ਸਿੰਘ, ਕੁਲਵਿੰਦਰ ਸਿੰਘ, ਭੀਮ ਸਿੰਘ, ਹਰਪਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …