Thursday, November 21, 2024

ਪਿੰਜ਼ਰ

          ਕੁੱਝ ਕੁ ਦਿਨਾਂ ਤੋਂ ਮਨ ਉਦਾਸ ਜਿਹਾ ਸੀ।ਹਰ ਰੋਜ਼ ਓਹੀ ਘਰ ਦਾ ਕੰਮ-ਕਾਰ ਫਿਰ ਕਿਸੇ ਦੇ ਆਉਣ ਦੀ ਉਡੀਕ, ਸਾਰਾ ਦਿਨ ਇੰਝ ਹੀ ਲੰਘ ਜਾਂਦਾ।ਮੈਂ ਘਰ ਦਾ ਕੰਮ ਕਰ ਹੀ ਰਹੀ ਸੀ ਕਿ ਇੱਕ ਛੋਟਾ ਬੱਚਾ ਆ ਕੇ ਮੈਨੂੰ ਬੁੱਢੀ ਬੀਬੀ ਬਾਰੇ ਦੱਸਦਾ ਹੈ ਕਿ ਬੁੱਢੀ ਬੀਬੀ ਨੂੰ ਕੁੱਝ ਹੋ ਗਿਆ।ਬੁੱਢੀ ਬੀਬੀ ਜੋ ਸਾਰੇ ਪਿੰਡ ਵਿੱਚ ਕਈਆਂ ਦੇ ਘਰਾਂ ਵਿੱਚ ਜਾਂਦੀ ਸੀ, ਪਰ ਸਮੇਂ ਦੀ ਰੋਟੀ ਸਾਡੇ ਘਰੋਂ ਲੈ ਕੇ ਜਾਂਦੀ ਸੀ।ਓਹਦਾ ਨਾਮ ਬਚਨੋ ਸੀ।ਬੀਬੀ ਦੀ ਜ਼ਿਆਦਾ ਉਮਰ ਨਹੀ ਸੀ।ਉਂਝ ਪਿੰਡ ਦੇ ਲੋਕ ਓਹਨੂੰ ਬੁੱਢੀ ਬੀਬੀ ਕਹਿੰਦੇ ਸੀ।ਓਹਦੀਆਂ ਦੋ ਧੀਆਂ ਤੇ ਇੱਕ ਪੁੱਤਰ ਸੀ।ਬੀਬੀ ਨੇ ਆਪਣੀਆਂ ਧੀਆਂ ਵਿਆਹ ਦਿਤੀਆਂ ਸਨ ਤੇ ਪੁੱਤ ਅੱਠ ਕੁ ਮਹੀਨੇ ਪਹਿਲਾਂ ਕੈਨੇਡਾ ਚਲਾ ਗਿਆ ਸੀ।ਬੀਬੀ ਸਾਰਿਆਂ ਨਾਲ ਹੱਸ ਕੇ ਗੱਲਾਂ ਕਰਦੀ, ਸਾਰੇ ਪਿੰਡ `ਚ ਰੋਣਕ ਲਾਈ ਰੱਖਦੀ।ਸਾਡੇ ਘਰ ਆਉਂਦੀ ਤਾਂ ਮੈਨੂੰ ਆਖਦੀ ਧੀਏ ਘਰ ਸਭ ਠੀਕ ਨੇ? ਨਾਲ ਇੰਝ ਵੀ ਕਹਿ ਦਿੰਦੀ ਸਭ ਦਾ ਖਿਆਲ ਰੱਖਿਆ ਕਰ।ਮੈਂ ਵੀ ਸਭ ਠੀਕ ਕਹਿ ਦਿੰਦੀ ਤੇ ਹਾਂ `ਚ ਹਾਂ ਮਿਲਾ ਦਿੰਦੀ।ਬੀਬੀ ਮੇਰੇ ਸਿਰ ਤੇ ਹੱਥ ਰੱਖ ਅਸੀਸ ਦਿੰਦੀ।ਬੀਬੀ ਕੁੱਝ ਸਮਾਂ ਬੈਠ ਜਾਂਦੀ, ਮੈਨੂੰ ਵੀ ਬੀਬੀ ਦੀ ਆਦਤ ਹੋ ਗਈ।ਸਾਰੇ ਪਿੰਡ ਦੀਆਂ ਗੱਲਾਂ ਮੇਰੇ ਨਾਲ ਕਰਦੀ ਕੁੱਝ ਮੇਰੀਆਂ ਸੁਣਦੀ ਰਹਿੰਦੀ।ਮੈਂ ਬੀਬੀ ਤੋਂ ਧੀਆਂ ਤੇ ਪੁੱਤ ਬਾਰੇ ਪੁੱਛਦੀ ਤਾਂ ਬੀਬੀ ਧੀਆਂ ਬਾਰੇ ਕਹਿ ਦਿੰਦੀ ਉਹ ਆਪਣੇ ਘਰ ਖੁਸ਼ ਨੇ ਬੱਚਿਆਂ ਵਾਲੀਆਂ ਹੋ ਗਈਆਂ।ਬੀਬੀ ਉਦਾਸ ਜਹੀ ਹੋ ਜਾਂਦੀ ਪੁੱਤ ਬਾਰੇ ਕਹਿ ਦਿੰਦੀ ਮੇਰਾ ਪੁੱਤ ਵੀ ਆਪਣੇ ਘਰ ਖੁੱਸ਼ ਹੀ ਹੋਣਾ, ਜੋ ਮਾਂ ਤੋਂ ਬਿਨਾਂ ਰਹਿ ਰਿਹਾ।ਪੁੱਤ ਦਾ ਜ਼ਿਕਰ ਹੁੰਦਿਆਂ ਹੀ ਬੀਬੀ ਆਪਣੇ ਘਰ ਚਲੀ ਜਾਂਦੀ।
             ਬਚਨੋ ਬੀਬੀ ਕਈ ਦਿਨਾਂ ਤੋਂ ਸਾਡੇ ਘਰ ਨਾ ਆਈ ਮੈ ਸੋਚਿਆ ਸ਼ਾਇਦ ਬੀਬੀ ਬਿਮਾਰ ਹੋਣੀ, ਮੈਂ ਹਾਲ ਚਾਲ ਪੁੱਛਣ ਲਈ ਕਈ ਲੋਕਾਂ ਤੋਂ ਪਤਾ ਵੀ ਕੀਤਾ।ਲੋਕ ਆਖਦੇ ਬੀਬੀ ਬਿਮਾਰ ਸੀ ਕਈ ਦਿਨਾਂ ਤੋਂ ਹੁਣ ਸ਼ਾਇਦ ਠੀਕ ਆ।ਮੈਨੂੰ ਤਸੱਲੀ ਹੋ ਜਾਂਦੀ ਇਹ ਸੁਣ ਕੇ, ਪਰ ਮੈਂ ਘਰ ਨਾ ਗਈ ਹਾਲ ਚਾਲ ਪੁੱਛਣ।
             ਫਿਰ ਹੋਰ ਦਿਨ ਲੰਘ ਗਏ ਮੈਨੂੰ ਬੀਬੀ ਦੀ ਉਡੀਕ ਰਹਿੰਦੀ, ਪਰ ਓਹ ਨਾ ਆਉਂਦੀ।ਜਦ ਗਵਾਂਢੀਆ ਦਾ ਮੁੰਡਾ ਦੱਸਣ ਆਉਂਦਾ ਬੀਬੀ ਬਾਰੇ ਤਾਂ ਮੈਂ ਸੋਚਾਂ `ਚੋਂ ਬਾਹਰ ਆ ਜਾਂਦੀ ਤੇ ਪੁੱਛਦੀ ਬੀਬੀ ਨੂੰ ਕੀ ਹੋ ਗਿਆ।ਮੁੰਡਾ ਆਖਦਾ ਬੀਬੀ ਘਰ ਇਕੱਠ ਬਹੁਤ ਹੈ, ਇਹ ਸੁਣ ਮੈਂ ਬੁੱਢੀ ਬੀਬੀ ਦੇ ਘਰ ਵੱਲ ਤੁਰ ਪਈ, ਜਦ ਉਹਨਾਂ ਦੇ ਘਰ ਗਈ ਤਾਂ ਬਹੁਤ ਲੋਕ ਖੜੇ ਸਨ।ਮੈਨੂੰ ਵੀ ਅਜੀਬ ਜਹੀ ਘਬਰਾਹਟ ਹੋਈ ਮੈਂ ਸੋਚਿਆ ਬੀਬੀ ਜ਼ਿਆਦਾ ਬਿਮਾਰ ਹੋਣੀ ਤਾਂ ਕਰਕੇ ਇਨ੍ਹਾਂ ਇਕੱਠ ਹੈ।ਜਦੋ ਮੈਂ ਬੀਬੀ ਦੇ ਕਮਰੇ `ਚ ਗਈ ਤਾਂ ਦੇਖਿਆ ਬੀਬੀ ਕਮਰੇ `ਚ ਨਹੀ ਸੀ।ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ, ਮੈਂ ਖਾਮੋਸ਼ ਖੜੀ ਜਿਵੇਂ ਜ਼ੁਬਾਨ ਨੂੰ ਤਾਲੇ ਲੱਗ ਗਏ ਹੋਣ।ਮੈਂ ਇਹ ਸਭ ਦੇਖ ਰੋਈ ਕਿ ਬੀਬੀ ਦੇ ਸਰੀਰ  ਦਾ ਮਾਸ ਨਹੀ, ਸਿਰਫ ਪਿੰਜ਼ਰ ਪਿਆ ਸੀ।ਓਹਦੀਆਂ ਹੱਡੀਆਂ ਹੀ ਰਹਿ ਗਈਆਂ ਸੀ।ਸਾਰੇ ਇਹੀ ਕਹਿ ਰਹੇ ਸੀ, ਬੀਬੀ ਤਾਂ ਚੰਗੀ-ਭਲੀ ਸੀ।ਪਿੰਡ ਦੇ ਵੱਡੇ ਲੋਕਾਂ ਤੋਂ ਪਤਾ ਲੱਗਿਆ ਵੀ ਜੋ ਬੀਬੀ ਸਾਰੇ ਪਿੰਡ ਨੂੰ ਹਸਾਉਂਦੀ ਰਹਿੰਦੀ, ਉਹ ਦਿਲ `ਚ ਦਰਦ ਲੁਕੋਈ ਬੈਠੀ ਸੀ।ਹੱਸਦਾ ਚਿਹਰਾ ਅੰਦਰੋਂ ਮੁਰਝਾਇਆ ਹੋਇਆ ਸੀ।ਓਹਨੂੰ ਆਪਣੇ ਪੁੱਤਰ ਦਾ ਗਮ ਹੀ ਖਾ ਗਿਆ, ਜਦੋਂ ਦਾ ਓਹਦਾ ਪੁੱਤਰ ਕੈਨੇਡਾ ਗਿਆ ਸੀ, ਉਦੋਂ ਓਹਨੇ ਦੋ ਕੁ ਵਾਰ ਫ਼ੋਨ ਵੀ ਕੀਤਾ ਸੀ ਪੱਕੇ ਹੋਣ ਲਈ ਵਿਆਹ ਕਰਾ ਲਿਆ।ਉਸ ਤੋਂ ਬਾਅਦ ਓਹਨੇ ਓਦੇ ਫੋਨ ਨਹੀ ਕੀਤਾ ਸੀ।ਬਚਨੋ ਬੀਬੀ ਹਰ ਰੋਜ਼ ਉਡੀਕ ਕਰਦੀ ਪੁੱਤ ਦੇ ਫੋਨ ਦੀ, ਪਰ ਓਹਨੇ ਫੋਨ ਨਾ ਕੀਤਾ।ਓਹਦਾ ਹੋਂਸਲਾ ਵੀ ਟੁੱਟ ਗਿਆ ਸੀ।ਓਹਨੇ ਆਪਣੇ ਕਾਲਜੇ ਦਾ ਟੁਕੜਾ ਆਪਣੇ ਹੱਥੀਂ ਵਿਦੇਸ਼ ਨੂੰ ਤੋਰ ਦਿੱਤਾ ਤੇ ਪੁੱਤ ਨੇ ਇਕ ਵਾਰ ਸਾਰ ਵੀ ਨਾ ਲਈ।ਪੁੱਤਰ ਦੀ ਉਡੀਕ `ਚ ਬਚਨੋ ਬੀਬੀ ਮੰਜੇ `ਤੇ ਪਈ ਜ਼ਿੰਦਾ ਲਾਸ਼ ਤੋਂ ਪਿੰਜ਼ਰ ਬਣ ਗਈ ਸੀ।
Kuldip Kalam

 

 

ਕੁਲਦੀਪ ਕੌਰ ਕਲਮ
ਮੋ – 78146-82052

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply