ਚੋਣਾਂ ਦੇ ਦਿਨ ਨੇ।ਗਰਮੀਂ ਵੀ ਅੱਤ ਦੀ ਏ।ਪਵਨ ਸੋਚ ਰਿਹਾ ਸੀ ਕਿ ਅੱਜ ਤਾਂ ਮੈਂ ਟਾਈ ਛਾਈ ਲਾ ਕੇ ਈ ਜਾਊਂ ਸਿਨੇਮੇ ‘ਚ ਚੋਣਾਂ ਦੀ ਫ਼ਿਲਮ ਲਵਾਉਣ ਲਈ।ਗੁਰਮੀਤ, “ਤੂੰ ਵੀ ਅੱਜ ਟਾਈ ਛਾਈ ਲਾ ਲਈਂ ਜਰਾ।ਸਿਨੇਮੇ ‘ਚ ਜਾਣਾ ਵੋਟਾਂ ਦੇ ਪ੍ਰਚਾਰ ਦੀ ਫ਼ਿਲਮ ਲਵਾਉਣ ਲਈ”।“ਚੰਗਾ ਬਈ, ਮੇਰਾ ਕੀ ਘਸਦਾ, ਰੋਹਬ ਜਿਆ ਵੀ ਵਧ ਜੂ”, ਗੁਰਮੀਤ ਨੇ ਜਵਾਬ ਵਿਚ ਕਿਹਾ।
ਅਸਲ ‘ਚ ਸਾਬ੍ਹ ਦਾ ਹੁਕਮ ਸੀ ਕਿ ਚੋਣਾਂ ਵਿਚ ਵੋਟਰਾਂ ਨੂੰ ਵੱਧ ਤੋਂ ਵੱਧ ਜਾਗੂਰਕ ਕਰਨਾ।ਕਮਿਸ਼ਨ ਦੀ ਵੋਟ ਜਾਗਰੂਕਤਾ ਦੀ ਫਿਲ਼ਮ ਜੇ ਸਿਨੇਮੇ ‘ਚ ਲਗ ਜਾਊ, ਤਾਂ ਵੋਟਾਂ ਵਿੱਚ ਲੋਕਾਂ ਦੀ ਭਾਗੀਦਾਰ ਵੀ ਜ਼ਰੂਰ ਵਧੂ।ਬੱਸ, ਹੁਕਮ ਸਿਰ ਮੱਥੇ।ਆਪਣੀ ਕਾਰ ਤੇ ਆਪਣਾ ਤੇਲ।ਰਵਾਨਾ ਹੋ ਗਏ ਸਿਨੇਮੇ ਹਾਲ ਲਈ।ਰਾਹ ‘ਚ ਇਕ ਟੋਲ ਪਲਾਜ਼ਾ ਆਇਆ। ਡੀ.ਸੀ ਦਫ਼ਤਰ ਦਾ ਕਾਰਡ ਦਿਖਾਇਆ।ਟੋਲ ਮੁਆਫ਼ ਤੇ ਕਾਰ ਸ਼ੂਕਦੀ ਸਿਨੇਮੇ ਘਰ ਵੱਲ।ਦੋਨੋ ਫ਼ਖ਼ਰ ਨਾਲ ਇਕ ਦੂਜੇ ਵੱਲ ਵੇਖਦੇ ਹੋਏ ਇੰਝ ਮਹਿਸੂਸ ਕਰ ਰਹੇ ਸਨ, ਕਿਸੇ ਲਾਲ ਝੰਡੀ ਵਾਲੀ ਗੱਡੀ ‘ਚ ਬੈਠੇ ਹੋਣ।
ਸਿਨੇਮੇ ਦੇ ਮੁੱਖ ਗੇਟ ‘ਤੇ ਪਹੁੰਚੇ, ਤਾਂ ਗੇਟ ‘ਤੇ ਲੱਗੀ ਸਕਿਉਰਟੀ ਨੇ ਰੋਕ ਕੇ ਪਾਰਕਿੰਗ ਪਰਚੀ ਕਟਵਾਉਣ ਲਈ ਕਿਹਾ।ਬੱਸ, ਪਵਨ ਨੇ ਬੜੇ ਮਾਣ ਨਾਲ ਕਿਹਾ, “ਡੀ.ਸੀ ਦਫ਼ਤਰੋਂ ਆਏ ਆਂ।ਡੀ.ਸੀ ਸਾਬ੍ਹ ਦੇ ਹੁਕਮ ਨੇ।ਵੋਟਾਂ ਦੀ ਚੇਤਨਾ ਲਈ ਸਿਨੇਮੇ ‘ਚ ਫ਼ਿਲਮ ਲਗਵਾਉਣ ਦੀ ਚੋਣ ਡਿਊਟੀ ‘ਤੇ ਆਂ”।ਡੀ.ਸੀ ਦਫ਼ਤਰ ਦਾ ਨਾਂ ਸੁਣਦਿਆਂ ਈ ਮੁੱਖ ਗੇਟ ਖੁੱਲ੍ਹਾ।ਦੋਨੋ ਸਿਨੇਮੇ ਦੇ ਅੰਦਰ।
“ਸਿਨੇਮੇ ਦੇ ਮੈਨੇਜਰ ਕੌਣ ਨੇ? ਡੀ.ਸੀ. ਦਫ਼ਤਰੋਂ ਆਏ ਆਂ” ਪਵਨ ਨੇ ਰਿਸੈਪਸ਼ਨ ਕਾਊਂਟਰ ‘ਤੇ ਜਾ ਕੇ ਪੁੱਛਿਆ।ਡੀ.ਸੀ ਦਫ਼ਤਰ ਦਾ ਨਾਂ ਲੈਣ ਦੀ ਦੇਰ ਸੀ ਕਿ ਸਿਨੇਮਾ ਮੈਨੇਜਰ ਗੁਰੀਸ਼ ਬਾਹਰ ਆ ਕੇ ਸਾਨੂੰ ਗੈਸਟ ਰੂਮ ਵਿਚ ਲੈ ਗਿਆ।ਉਸ ਨੇਂ ਆਪਣੀ ਗੱਲ ਦੱਸੀ।ਉਨ੍ਹਾਂ ਪਾਣੀ ਪਿਆਇਆ, ਕੌਫ਼ੀ ਪਿਆਈ ਤੇ ਖ਼ੂਬ ਸੇਵਾਦਾਰੀ ਕੀਤੀ।“ਤੁਹਾਡੀ ਵੋਟ ਜਾਗਰੂਕਤਾ ਦੀ ਇਹ ਫ਼ਿਲਮ ਲੱਗ ਜਾਵੇਗੀ”, ਮੈਨੇਜਰ ਨੇ ਕਿਹਾ ਅਤੇ ਦੋਨੋਂ ਮੈਨੇਜਰ ਦੇ ਨਾਲ ਹੀ ਬਾਹਰ ਆ ਗਏ।
ਏਨੇ ਸਮੇਂ ਵਿਚ ਹੀ ਸਿਨੇਮੇ ਦਾ ਇਕ ਕਰਮਚਾਰੀ ਬਾਹਰ ਆਇਆ, ਪਵਨ ਦੇ ਗੋਡੇ ਹੱਥ ਲਾਇਆ, ਤੇ ਕਹਿਣ ਲੱਗਾ, “ਸਰ, ਅੱਜ-ਕੱਲ੍ਹ ਕਿੱਥੇ ਹੁੰਦੇ ਓ ਤੁਸੀਂ।ਤੁਹਾਡੇ ਕੋਲੋਂ ਪੜ੍ਹਦੇ ਰਏਂ ਆਂ।ਤੁਹਾਡੀ ਗੱਲ ਮੰਨ ਕੇ ਮਿਹਨਤ ਕਰਦਾ ਰਹਿੰਦਾ ਤਾਂ ਸ਼ਾਇਦ ਜ਼ਿੰਦਗੀ ਵਿੱਚ ਕਿਤੇ ਵੱਡਾ ਅਫ਼ਸਰ ਈ ਬਣ ਜਾਂਦਾ।ਪੜ੍ਹਾਈ ਅੱਧ-ਵਿਚਾਲੇ ਛੱਡ ਕੇ ਗਰੀਬੀ ਦੇ ਮਾਰਿਆਂ, ਆ ਸਿਨੇਮੇ ਦੀ ਨੌਕਰੀ ਜਾਇਨ ਕਰ ਲਈ।…ਪਰ ਫਿਰ ਵੀ ਮਾਣ ਕਰਦੇ ਆਂ ਕਿ ਅਸੀਂ ਤੁਹਾਥੋਂ ਚੰਗੀ ਜੀਵਨ-ਜਾਚ ਜ਼ਰੂਰ ਸਿੱਖੀ ਏ”।ਪਵਨ ਉਸ ਨੂੰ ਆਸ਼ੀਰਵਾਦ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਕਹਿ ਹੀ ਰਿਹਾ ਸੀ ਕਿ ਮੈਨੇਜਰ ਗੁਰੀਸ਼ ਨੇ ਬੜੀ ਹੈਰਾਨੀ ਨਾਲ ਉਸ ਵੱਲ ਵੇਖਦਿਆਂ ਕਿਹਾ, “ਸਰ ਜੀ, ਤੁਸੀਂ ਮਾਸਟਰ ਓ!” ਪਵਨ ਨੇ ਜਵਾਬ ‘ਚ ਝਿਜਕਦਿਆਂ ਕਿਹਾ, “ਜੀ, ਹੈ ਤਾਂ ਮਾਸਟਰ ਈ, ਪਰ ਡਿਊਟੀ ਡੀ.ਸੀ ਦਫ਼ਤਰ ਲੱਗੀ ਏ ਚੋਣਾਂ ‘ਚ”।“ਗੁਰਮੀਤ ਯਾਰ, ਅੱਜ ਇੰਝ ਨਈਂ ਲੱਗ ਰਿਆ ਕਿ ਸਾਡੇ ਨਾਲੋਂ ਤਾਂ ਡੀ.ਸੀ ਦੇ ਕਲਰਕ ਚੰਗੇ…”।“ਲੱਗਣ ਤਾਂ ਮੈਨੂੰ ਵੀ ਇੰਝ ਈ ਰਿਆ…ਮੈਂ ਤਾਂ ਇਹ ਵੀ ਸੋਚ ਰਿਆਂ ਕਿ ਕਿਤੇ ਇਹ ਮਾਸਟਰ ਜਾਣ ਕੇ ਮੈਨੇਜਰ ਹੁਣ ਸਾਨੂੰ ਪਿਆਈ ਕੌਫ਼ੀ ਦੇ ਪੈਸੇ ਈ ਨਾ ਮੰਗ ਲਏ”! ਏਨੇ ਨੂੰ ਗੁਰਮੀਤ ਨੇ ਪੰਜ ਸੌ ਦਾ ਨੋਟ ਕੱਢਿਆ ਤੇ ਮੈਨੇਜਰ ਨੂੰ ਦਿੰਦਿਆਂ ਕਿਹਾ, “ਮੈਨੇਜਰ ਸਾਹਿਬ, ਆਹ ਲਓ ਪੈਸੇ, ਤੇ ਆਪਣੀ ਪਿਆਈ ਕੌਫ਼ੀ ਦੇ ਬਣਦੇ ਪੈਸੇ ਕੱਟ ਲਓ”।“ਨਾ, ਨਾ…ਮਾਸਟਰ ਜੀ, ਮਾਸਟਰ ਤਾਂ ਦੇਸ ਦੇ ਨਿਰਮਾਤਾ ਹੁੰਦੇ…ਇਹ ਗੁਸਤਾਖ਼ੀ ਮੈਂ ਕਿਵੇਂ ਕਰ ਸਕਦਾਂ?”…ਪੈਸੇ ਮੋੜਦਿਆਂ ਮੈਨੇਜਰ ਨੇ ਕਿਹਾ।ਮੈਨੇਜਰ ਨੇ ਭਾਵੇਂ ਆਪਣੀ ਸਿਆਣਪ ਨਾਲ ਦੇਸ਼ ਦੇ ਨਿਰਮਾਤਾ ਨੂੰ ਪਹਿਚਾਣ ਲਿਆ ਸੀ, ਪਰ ਪਵਨ ਤੇ ਗੁਰਮੀਤ ਸੋਚਾਂ ਵਿੱਚ ਡੁੱਬੇ ਇਹੀ ਸੋਚਦੇ ਵਾਪਿਸ ਪਰਤ ਰਹੇ ਸਨ ਕਿ ਸਾਡੇ ਨਾਲੋਂ ਤਾਂ ਅਜੇ ਵੀ ਲੋਕਾਂ ਦੀ ਨਜ਼ਰ ‘ਚ ਕਿਸੇ ਡੀ.ਸੀ ਦਫ਼ਤਰ ਦੇ ਕਲਰਕ ਚੰਗੇ!
ਡਾ. ਪਰਮਜੀਤ ਸਿੰਘ ਕਲਸੀ
(ਸਟੇਟ ਅਤੇ ਨੈਸ਼ਨਲ ਐਵਾਰਡੀ),
ਪਿੰਡ ਤੇ ਡਾਕਖਾਨਾ ਊਧਨਵਾਲ, ਜ਼ਿਲਾ ਗੁਰਦਾਸਪੁਰ।
ਮੋ- 7068900008