ਮੈਂ ਕੋਈ ਕਲਪਨਾ ਨਹੀਂ
ਕੋਈ ਸੁਪਨਾ ਨਹੀਂ
ਕੋਈ ਪਾਤਰ ਨਹੀਂ
ਕੋਈ ਕਹਾਣੀ ਨਹੀਂ
ਮੈਂ ਤਾਂ ਹਕੀਕਤ ਹਾਂ
ਜਿਊਂਦੀ ਤੇ ਜਾਗਦੀ
ਤੁਰਦੀ ਫਿਰਦੀ, ਉਠਦੀ ਬਹਿੰਦੀ
ਮੈਂ ਆਈ, ਆਈ, ਹੁਣੇ ਆਈ
ਹਰ ਇੱਕ ਨੂੰ ਕਹਿੰਦੀ
ਸਭ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ
ਤੜਕੇ ਦੀ ਚਾਹ ਤੋਂ ਲੈ ਰਾਤ ਦੇ ਬਰਤਨਾਂ ਤੱਕ
ਮੰਮਾ ਮੇਰੀਆਂ ਕਿਤਾਬਾਂ ਕਿੱਥੇ ਰੱਖੀਆਂ
ਮੇਰੀ ਚੁੰਨੀ ਨਹੀਂ ਲੱਭਦੀ, ਕਿੱਥੇ ਹੈ
ਮੇਰੀਆਂ ਜੁਰਾਬਾਂ ਕਿੱਥੇ ਨੇ
ਕੁੜੇ ਬਹੂ ਮੈਨੂੰ ਤੂੰ ਅੱਜ ਦਵਾਈ ਨਹੀਂ ਦਿੱਤੀ
ਵੇ ਪੁੱਤ, ਇਹਦੇ ਪੈਰ ਹੁਣ ਘਰ ਨਹੀਂ ਟਿਕਦੇ
ਸਾਡੀਆਂ ਹਾਕਾਂ ਦਾ ਹੰੁਗਾਰਾਂ ਹੀ ਨਹੀਂ ਭਰਦੀ
ਕਾਕਾ! ਨਹੀਂ ਹੁਣ ਇਹ ਸਾਡੇ ਤੋਂ ਡਰਦੀ
ਮੈਂ ਫਿਰ ਵੀ ਸੁਣਿਆ-ਅਣਸੁਣਿਆ ਕਰ
ਬਣਾਈ ਜਾਂਦੀ ਹਾਂ ਨਵੇਂ ਨਵੇਂ ਪਕਵਾਨ
ਜੋਤ ਜਗਾ ਕੇ ਪ੍ਰਭ ਚਰਨਾਂ ’ਚ
ਧਿਆਨ ਸਦਾ ਲਾ ਕੇ
ਬੇਟੀ ਲਈ ਚੰਗਾ ਵਰ ਮਿਲ ਜਾਏ
ਪੁੱਤਰ ਵਧੀਆ ਨੌਕਰੀ ’ਤੇ ਲੱਗ ਜਾਏ
ਪਤੀ ਦੀ ਕਮਾਈ ’ਚ ਵਾਧਾ ਹੋਵੇ
ਹੋਰ ਕਿੰਨੀਆਂ ਹੀ ਮਨੋਕਾਮਨਾਵਾਂ
ਪੂਰੀਆਂ ਹੋਣ ਦੀ ਕਰਕੇ ਅਰਦਾਸ
ਦੇ ਲੈਂਦੀ ਹਾਂ ਦਿਲ ਨੂੰ ਧਰਵਾਸ
ਮੈਨੂੰ ਮੇਰੇ ਗੁਰੂ `ਤੇ ਹੈ ਵਿਸ਼ਵਾਸ
ਪਰ ਉਦੋਂ ਮੈਂ ਟੁੱਟ ਜਾਂਦੀ ਹਾਂ
ਸੱਚੀ ਹੀ ਮੁੱਕ ਜਾਂਦੀ ਹਾਂ
ਮਰ ਜਾਂਦੀ ਹਾਂ-ਹਾਰ ਜਾਂਦੀ ਹਾਂ
ਜਦੋਂ ਕੋਈ ਰਹਿ ਜਾਂਦਾ ਅਧੂਰਾ ਕੰਮ
ਤੈਨੂੰ ਕਿਹਾ ਸੀ ਮੇਰੀ ਆਹ ਚੀਜ਼ ਨਾ ਛੇੜੀ
ਜਾਂ ਹੋਰ ਕਿਸੇ ਨਿੱਕੀ ਜਿਹੀ ਗਲਤੀ ਤੋਂ
ਉਧੜ ਜਾਂਦਾ ਹੈ ਦੋ ਚਾਰ ਮਿੰਟਾਂ
ਵਿੱਚ ਹੀ ਮੇਰਾ ਚੰਮ
ਵਿਹਲੜ-ਨਿਕੰਮੀ-ਬੇਅਕਲ-ਕਮਜਾਤ
ਦੱਸੋ ਫਿਰ ਕੀ ਰਹਿ ਜਾਂਦੀ ਮੇਰੀ ਔਕਾਤ
ਜਦੋਂ ਆਪਣਾ ਹੀ ਆਖ ਦੇਵੇ
ਬਕਵਾਸ ਨਾ ਕਰ ਔਰਤ ਜਾਤ
ਦੱਸਾਂ ਤੈਨੂੰ ਤੇਰੀ ਔਕਾਤ
ਕੁੱਝ ਵੀ ਨਹੀਂ ਤੇਰੀ ਔਕਾਤ
ਇਹੀ ਹੈ ਔਰਤ ਦੀ ਔਕਾਤ।
ਰਜਿੰਦਰ ਕੌਰ ਪੰਨੂ
ਮੋ – 95013-92150