ਸਿਹਤ ਵਿਭਾਗ ਦੇ ਨਾਂ ਤੇ ਪੈਸਿਆਂ ਦੀ ਮੰਗ ਕਰਨ ਵਾਲੇ ਦੀ ਦਿੱਤੀ ਜਾਵੇ ਤੁਰੰਤ ਸੂਚਨਾ – ਡਾ. ਲਾਲ ਚੰਦ ਠਕਰਾਲ
ਭੀਖੀ/ਮਾਨਸਾ, 26 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਬਾਜ਼ਾਰਾਂ ਵਿਚ ਘੁੰਮ ਰਹੇ ਕੁੱਝ ਅਣਪਛਾਤੇ ਲੋਕ ਜੋ ਕਿ ਆਪਦੇ ਆਪ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਕਹਿੰਦੇ ਹਨ ਵੱਲੋਂ ਆਮ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।ਜਿਸ ਨਾਲ ਦੁਕਾਨਦਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਿਹਾ ਹੈ ਨਾਲ ਹੀ ਵਿਭਾਗ ਦਾ ਅਕਸ ਵੀ ਖ਼ਰਾਬ ਹੋ ਰਿਹਾ ਹੈ। ਇਸ ਸਬੰਧੀ ਫੂਡ ਬਿਜਨਸ ਆਪ੍ਰੇਟਰਾਂ ਨੂੰ ਸਾਵਧਾਨ ਕਰਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਅਪੀਲ ਕੀਤੀ ਹੈ ਕਿ ਜੇਕਰ ਅਜਿਹਾ ਕੋਈ ਵੀ ਵਿਅਕਤੀ ਜੋ ਆਪਣੇ ਆਪ ਨੂੰ ਸਿਹਤ ਵਿਭਾਗ ਜਾਂ ਫੂਡ ਵਿਭਾਗ ਦਾ ਅਧਿਕਾਰੀ ਦੱਸਦਾ ਹੋਵੇ ਅਤੇ ਲਾਇਸੰਸ ਜਾਰੀ ਕਰਨ ਦੇ ਇਵਜ਼ ਵਿਚ ਪੈਸਿਆਂ ਦੀ ਮੰਗ ਕਰਦਾ ਹੋਵੇ ਤਾਂ ਇਸ ਸਬੰਧ ਵਿਚ ਪੁਲਿਸ ਨੂੰ ਜਾਂ ਸਿਹਤ ਵਿਭਾਗ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਸਿਵਲ ਸਰਜਨ ਨੇ ਦੁਕਾਨਦਾਰਾਂ ਦੀ ਜਾਣਕਾਰੀ ਲਈ ਦੱਸਿਆ ਕਿ ਵਿਭਾਗ ਵੱਲੋਂ ਕਿਸੇ ਕਿਸਮ ਦੇ ਲਾਇਸੰਸ ਦੁਕਾਨਾਂ ਤੇ ਜਾ ਕੇ ਨਹੀਂ ਬਣਾਏ ਜਾਂਦੇ ਬਲਕਿ ਦੁਕਾਨਦਾਰ ਖੁਦ ਇਸ ਆਨਲਾਈਨ ਪ੍ਰਣਾਲੀ ਰਾਹੀਂ ਸਿੱਧੇ ਤੌਰ `ਤੇ ਅਪਲਾਈ ਕਰ ਸਕਦਾ ਹੈ ਅਤੇ ਇਸ ਦੀ ਫੀਸ ਵੀ ਆਨਲਾਈਨ ਹੀ ਭਰੀ ਜਾਂਦੀ ਹੈ। ਇਸ ਲਈ ਕਿਸੇ ਵੀ ਕਿਸਮ ਦੀ ਨਕਦੀ ਲੈਣ ਦੇਣ ਦੀ ਜ਼ਰੂਰਤ ਨਹੀਂ ਪੈਂਦੀ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਆਪਣੇ ਆਪ ਨੂੰ ਸਿਹਤ ਵਿਭਾਗ ਦਾ ਅਧਿਕਾਰੀ ਦੱਸ ਕੇ ਦੁਕਾਨਦਾਰਾਂ ਕੋਲ ਪਹੁੰਚ ਕਰਦਾ ਹੈ ਤਾਂ ਉਸ ਦੀ ਪਹਿਚਾਣ ਜਰੂਰ ਤਸਦੀਕ ਕੀਤੀ ਜਾਵੇ। ਜੇਕਰ ਇਸ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਜਰੂਰ ਮਾਮਲਾ ਸਿਹਤ ਵਿਭਾਗ ਦੇ ਧਿਆਨ ਵਿਚ ਲਿਆਂਦਾ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਖਾਣ-ਪੀਣ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਅਤੇ ਲਾਇਸੰਸ ਜਾਰੀ ਕਰਨ ਲਈ ਸਹਾਇਕ ਕਮਿਸ਼ਨਰ (ਫੂਡ) ਅਮ੍ਰਿਤਪਾਲ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਸੰਦੀਪ ਸਿੰਘ ਨੋਟੀਫਾਈ ਕੀਤੇ ਹੋਏ ਹਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …