ਭੀਖੀ/ਮਾਨਸਾ, 26 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) ਪਿਛਲੇ ਦਿਨੀਂ ਪਈਆਂ ਭਾਰੀ ਬਾਰਸ਼ਾਂ ਨਾਲ ਹੋਏ ਨੁਕਸਾਨ, ਖਾਸਕਰ ਨਰਮੇ ਦੀ ਫਸਲ ਉੱਪਰ, ਦਾ ਅਸਲੀ ਰੂਪ ਹੁਣ ਸਾਹਮਣੇ ਆਉਣ ਲੱਗਾ ਹੈ।ਇਸ ਵਾਰ ਨਰਮੇ ਦੀ ਫਸਲ ਕਾਫੀ ਵਧੀਆ ਸੀ ਅਤੇ ਨਰਮਾ ਦੋ ਦੋ ਫੁੱਟ ਦੇ ਕਰੀਬ ਹੋ ਚੁੱਕਿਆ ਸੀ ਪਰ ਪਿਛਲੇ ਦਿਨੀਂ ਪਈਆਂ ਭਾਰੀ ਬਾਰਸ਼ਾਂ ਕਾਰਨ ਜਿਆਦਾ ਮਾਤਰਾ ਵਿੱਚ ਪਾਣੀ ਖੜ੍ਹਨ ਨਾਲ ਇਹ ਫਸਲ ਹੁਣ ਖਰਾਬ ਹੋਣ ਲੱਗੀ ਹੈ ਕਿਉਂਕਿ ਮੀਂਹ ਪੈਕੇ ਹਟੇ ਨੂੰ ਤਕਰੀਬਨ 3 ਦਿਨ ਹੋ ਚੁੱਕੇ ਹਨ।ਜੋ ਪਾਣੀ ਨਰਮੇ ਦੇ ਖੇਤਾਂ ਵਿੱਚ ਖੜ੍ਹਾ ਹੈ ਅਤੇ ਉਪਰੋਂ ਸਿੱਧੀ ਤੇਜ਼ ਧੁੱਪ ਪੈ ਰਹੀ ਹੈ ਜਿਸ ਕਾਰਣ ਇਹ ਖੜ੍ਹਾ ਨਰਮਾ ਮੱਚਣ ਲੱਗ ਪਿਆ ਹੈ ।ਜਿਸ ਕਾਰਣ ਹੁਣ ਮਾਨਸਾ ਜਿਲ੍ਹੇ ਦੇ ਕਿਸਾਨਾਂ ਵੱਲੋਂ ਇਹ ਖਰਾਬ ਹੋ ਰਿਹਾ ਨਰਮਾ ਵਾਹੁਣਾ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ ਹੁਣ ਇਸ ਫਸਲ ਦੇ ਨੇਪਰੇ ਚੜ੍ਹਨ ਦੇ ਆਸਾਰ ਖਤਮ ਹੋ ਚੁੱਕੇ ਹਨ।
ਪਿੰਡ ਕੋਟ ਲੱਲੂ ਦੇ ਕਿਸਾਨ ਸ਼ੇਰ ਸਿੰਘ, ਜਿਸਨੇ 4 ਏਕੜ ਜ਼ਮੀਨ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ’ਤੇ ਲੈਕੇ ਨਰਮਾ ਕਾਸ਼ਤ ਕੀਤਾ ਸੀ, ਉਸ ਨੂੰ ਅੱਜ ਵਾਹ ਦਿੱਤਾ ਗਿਆ।ਇਸ ਕਿਸਾਨ ਨੇ ਦੱਸਿਆ ਕਿ ਉਸਦਾ ਇਸ ਨਰਮੇ ਦੀ ਫਸਲ ਉ੍ਯੱਪਰ ਹੁਣ ਤੱਕ 8 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆ ਚੁੱਕਾ ਸੀ, ਪਰ ਹੁਣ ਇਹ ਨਰਮਾ ਨਸ਼ਟ ਹੋ ਜਾਣ ਕਾਰਣ ਉਸਨੇ ਮਜ਼ਬੂਰਨ ਇਹ ਫਸਲ ਵਾਹ ਦਿੱਤੀ ਹੈ। ਉਸਨੇ ਦੱਸਿਆ ਕਿ ਉਸ ਉ੍ਯੱਪਰ 3 ਲੱਖ ਰੁਪਏ ਦਾ ਪਹਿਲਾਂ ਹੀ ਕਰਜ਼ਾ ਖੜ੍ਹਾ ਹੈ, ਉਸ ਕੋਲ ਖੁਦ ਦੀ ਢਾਈ ਏਕੜ ਜ਼ਮੀਨ ਅਤੇ ਉਸਦੇ ਦੋ ਪੁੱਤਰ ਹਨ। ਅੱਜ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਪਟਵਾਰੀ, ਕਾਨੂੰਨਗੋ, ਤਹਿਸੀਲਦਾਰ ਜਾਂ ਹੋਰ ਅਧਿਕਾਰੀ ਉਨ੍ਹਾਂ ਦੀ ਫਸਲ ਦੀ ਗਿਰਦਾਵਰੀ ਕਰਨ ਨਹੀਂ ਪੁੱਜਾ।ਸਿਰਫ ਅਖਬਾਰੀ ਗੱਲਾਂ ਹਨ ਕਿ ਜ਼ੋ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ, ਉਸ ਦੀ ਸਪੈਸ਼ਲ ਗਿਰਦਾਵਰੀ ਕਰਕੇ ਖਰਾਬੇ ਦੀਆਂ ਰਿਪੋਰਟਾਂ ਸਰਕਾਰ ਪਾਸ ਭੇਜੀਆਂ ਗਈਆਂ ਹਨ।ਇਸ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜ਼ੋ ਉਸਦੀ ਫਸਲ ਦਾ ਨੁਕਸਾਨ ਹੋਇਆ ਹੈ, ਉਸਦਾ ਬਣਦਾ ਮੁਆਵਜ਼ਾ ਉਸਨੂੰ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਪਰਿਵਾਰ ਪਾਲ ਸਕੇ।
ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ 23 ਜੁਲਾਈ ਨੂੰ ਇਸ ਖਰਾਬ ਹੋਈ ਫਸਲ ਦੇ ਮਾਮਲੇ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਸਾਹਮਣੇ ਲਿਆਂਦਾ ਸੀ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਇੰਨ੍ਹਾਂ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦੀ ਸਪੈਸ਼ਲ ਗਿਰਦਾਵਰੀ ਨਹੀਂ ਕਰਵਾਈ ਗਈ ਹੈ।ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਖਰਾਬ ਹੋਈਆਂ ਫਸਲਾਂ ਦੀ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾਕੇ ਬਣਦਾ ਮੁਆਵਜ਼ਾ ਪੀੜਿਤ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਕਿ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਨਾ ਹੋਣ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …