ਕਿਹਾ ਫ਼ੈਸਲਾ ਕਸ਼ਮੀਰ ’ਚ ਅਮਨ ਅਤੇ ਸ਼ਾਂਤੀ ਸਥਾਪਿਤ ਕਰੇਗਾ
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅਜ਼ਾਦੀ ਦੇ 72 ਵਰ੍ਹੇ ਬਾਅਦ ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਜੰਮੂ-ਕਸ਼ਮੀਰ ’ਚੋਂ ਧਾਰਾ 370 ਖ਼ਤਮ ਕਰਨ ਅਤੇ ਰਾਜ ਦੀ ਵੰਡ ਕਰਕੇ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨਨ ਦੇ ਇਤਿਹਾਸਕ ਫ਼ੈਸਲੇ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਕਾਮਯਾਬ ਕਦਮ ਦੱਸਿਆ।ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ’ਚ ਪੇਸ਼ ਕੀਤੇ ਗਏ ਪ੍ਰਸਤਾਵ ਨਾਲ ਜੰਮੂ-ਕਸ਼ਮੀਰ ’ਚ ਵਿਕਾਸ, ਅਮਨ ਅਤੇ ਸ਼ਾਂਤੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।
ਅੱਜ ਇੱਥੋਂ ਜਾਰੀ ਆਪਣੇ ਪ੍ਰੈਸ ਬਿਆਨ ’ਚ ਛੀਨਾ ਨੇ ਇਸ ਨੂੰ ‘ਬੋਲਡ ਸਰਕਾਰ’ ਦਾ ‘ਦਲੇਰਾਨਾ ਫ਼ੈਸਲਾ’ ਦੱਸਦਿਆਂ ਕਿਹਾ ਕਿ ਇਹ ਕਦਮ ਕਸ਼ਮੀਰ ’ਚ ਸ਼ਾਂਤੀ ਅਤੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।ਉਨ੍ਹਾਂ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ’ਚ ਆਈ ਹੈ, ਉਦੋਂ ਤੋਂ ਹੀ ਦੇਸ਼ ਦੀ ਵਿਕਾਸ ਗਤੀ ਵਧੀ ਹੈ।ਉਨ੍ਹਾਂ ਕਿਹਾ ਕੇਂਦਰ ਨੇ ਸਹੀ ਦਿਸ਼ਾ ’ਚ ਇਕ ਸਹੀ ਫ਼ੈਸਲਾ ਲਿਆ ਹੈ ਕਿਉਂਕਿ ਕਸ਼ਮੀਰ ’ਚ ਆਮ ਲੋਕਾਂ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਉਹ ਹੁਣ ਇਕ ਨਵੀਂ ਸ਼ੁਰੂਆਤ ਦੀ ਉਡੀਕ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲਈ ਦੇਸ਼ ਦੀ ਏਕਤਾ ਅਤੇ ਆਖੰਡਤਾ ਸਰਵਉਤਮ ਹੈ।
ਛੀਨਾ ਨੇ ਮੋਦੀ ਸਰਕਾਰ ਦੁਆਰਾ ਚੁੱਕੇ ਗਏ ‘ਬਹਾਦੁਰ ਕਦਮ’ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਧਾਰਾ 370 ਨੇ ਜੰਮੂ-ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਲੰਬੇ ਸਮੇਂ ਤੋਂ ਅਲੱਗ ਕਰ ਦਿੱਤਾ ਸੀ, ਪਰ ਹੁਣ ਇਹ ਖ਼ੇਤਰ ਦੇਸ਼ ਦੇ ਦੂਜੇ ਨਾਗਰਿਕਾਂ ’ਤੇ ਲਾਗੂ ਕਾਨੂੰਨਾਂ ਮੁਤਾਬਕ ਹੀ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾਂ ਲੋਕ ਹਿੱਤਾਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਫ਼ੈਸਲੇ ਲਏ ਹਨ। ਇਹ ਫ਼ੈਸਲਾ ਵੀ ਇਸੇ ਹੀ ਦਿਸ਼ਾ ’ਚ ਹੈ ਜੋ ਦੇਸ਼ ਨੂੰ ਮਜ਼ਬੂਤ ਬਣਾਏਗਾ।
ਛੀਨਾ ਨੇ ਕਿਹਾ ਉਕਤ ਧਾਰਾ ਨੇ ਕਸ਼ਮੀਰੀਆਂ ਨੂੰ ਕੋਈ “ਆਜ਼ਾਦੀ ਅਤੇ ਸ਼ਾਂਤੀ ਪ੍ਰਦਾਨ ਨਹੀਂ ਕੀਤੀ, ਬਲਕਿ ਸੁਆਰਥੀ ਲੀਡਰਾਂ ਦਾ ਸਮੂਹ ਖੜ੍ਹਾ ਕੀਤਾ ਹੈ ਜੋ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ’ਚ ਅਸਫਲ ਰਹੇ ਹਨ। ਹੁਣ ਮੋਦੀ ਸਰਕਾਰ ਨੇ ਰਸਤਾ ਸਾਫ਼ ਕਰਦਿਆਂ ਕਸ਼ਮੀਰ ਨੂੰ ਵਿਕਾਸ ਅਤੇ ਸ਼ਾਂਤੀ ਦੀਆਂ ਨਵੀਆਂ ਰਾਹਾਂ ਵੱਲ ਵੱਧਣ ਲਈ ਰਸਤਾ ਸਾਫ਼ ਕੀਤਾ ਹੈ।ਉਨ੍ਹਾਂ ‘ਮੋਦੀ ਹੈ ਤੋਂ ਮੁਮਕਿਨ ਹੈ’ ਨਾਅਰੇ ’ਤੇ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਈ ਅਹਿਮ ਤੇ ਇਤਿਹਾਸ ਫ਼ੈਸਲਿਆਂ ਨਾਲ ਹਰੇਕ ਵਰਗ ਦਾ ਦਿਲ ਜਿੱਤਿਆ ਹੈ ਅਤੇ ਇਹ ਫ਼ੈਸਲਾ ਵੀ ਭਾਰਤ ਦੇ ਇਤਿਹਾਸ ’ਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …