ਨਾ ਪੁੱਛੋ ਮੇਰੇ
ਵਲਵਲਿਆਂ ਦੀ ਦਾਸਤਾਨ
ਇਹ ਦੌੜਦੇ ਨੇ
ਸਾਗਰ ਦੀਆਂ ਲਹਿਰਾਂ ਵਾਂਗ
ਤੇ ਉਛਲਦੇ ਨੇ
ਸ਼ਰਾਰਤੀ ਛੱਲਾਂ ਦੀ ਤਰਾਂ।
ਕਦੇ ਕਦੇ
ਮੈਨੂੰ ਸੁਣਦੀ ਹੈ ਸਾਫ਼
ਮੇਰੇ ਖਿਆਲਾਂ ਦੀ ਸਰਸਰਾਹਟ
ਦਿਓਦਾਰ ਦੇ ਦਰਖਤਾਂ `ਚੋਂ ਛਣਦੀ
ਸਰ ਸਰ ਕਰਦੀ ਹਵਾ ਵਾਂਗ
ਤੇ ਸ਼ਬਦਾਂ ਦੀ ਬੂੰਦਾ ਬਾਂਦੀ
ਦਿਓਦਾਰ ਦੀਆਂ ਡਿੱਗਦੀਆਂ
ਸੁਨਹਿਰੀ ਪੱਤੀਆਂ ਦੀ ਤਰਾਂ ।
ਕਦੇ ਕਦੇ
ਸੁਣਦੀ ਹੈ ਸਾਫ਼ ਮੈਨੂੰ
ਅਲਫ਼ਾਜ਼ਾਂ ਦੀ ਆਹਟ
ਆਬਸ਼ਾਰ ਦੀ
ਸੀਅ ਸੀਅ ਦੀ ਸਰਗਮ ਵਾਂਗ
ਜਾਂ ਕਲ ਕਲ ਵਗਦੀ ਨਦੀ ਦੇ
ਸੰਗੀਤ ਦੀ ਤਰਾਂ।
ਕਦੇ ਕਦੇ
ਸਪਸ਼ਟ ਦਿਸਦੇ ਨੇ ਮੈਨੂੰ
ਕਾਗਜ਼ `ਤੇ ਬਹਿੰਦੇ
ਅਲਫ਼ਾਜ਼ਾਂ ਦੇ ਅਨੇਕ ਰੰਗ
ਵਗਦੇ ਝਰਨੇ ਦੇ
ਤਰੇਲ ਤੁਪਕਿਆਂ ਵਰਗੇ
ਉਡਦੇ ਪਾਰਦਰਸ਼ੀ ਛਿੱਟਿਆਂ ਵਾਂਗ
ਤੇ ਚਾਂਦੀ ਵਰਗੀ ਧਾਰਾ `ਤੇ ਲਟਕੇ
ਇੰਦਰ ਧਨੁਸ਼ ਦੀ ਤਰਾਂ।
ਕਦ ਕਦੇ
ਲਗਦਾ ਹੈ ਮੈਨੂੰ
ਕਿ ਚੜ੍ਹੀ ਹੈ ਮੇਰੇ ਸ਼ਬਦਾਂ ਨੂੰ ਭਾਵੇਂ
ਮੇਰੀਆਂ ਬਹਾਰਾਂ ਤੇ ਖ਼ਿਜ਼ਾਵਾਂ ਦੀ ਪਾਹ
ਪਰ ਅਸਲ ਰੰਗ ਤਾਂ ਚੜ੍ਹਿਆ ਹੈ
ਦੁਨੀਆਂ ਦੇ ਹਾਸਿਆਂ ਤੇ ਗ਼ਮਾਂ ਦਾ
ਸਾਗਰ ਦੇ ਪਾਣੀਆਂ ਵਾਂਗ
ਜਿਸ ਅੰਦਰ ਸਮਾਇਆ ਹੁੰਦਾ ਹੈ
ਝਰਨਿਆਂ, ਨਦੀਆਂ, ਨਾਲਿਆਂ
ਤੇ ਦਰਿਆਵਾਂ ਦਾ ਜਲ।
ਕਦੇ ਕਦੇ
ਲੱਗਦਾ ਹੈ ਮੈਨੂੰ
ਕਿ
ਮੇਰੀ ਕਵਿਤਾ ਅੰਦਰ
ਮੇਰਾ ਕੁੱਝ ਵੀ ਨਹੀਂ ਹੈ
ਜੇ ਹੈ ਤਾਂ ਸਿਰਫ਼
ਸਾਗਰ ਦੀਆਂ ਲਹਿਰਾਂ
ਤੇ ਛੱਲਾਂ ਦੀ ਸਰਗਮ ।
ਸਵਰਨ ਸਿੰਘ
ਸਿਮਲਾ (ਹਿਮਾਚਲ ਪ੍ਰਦੇਸ਼)
ਮੋ – 94183 92845