ਭਰ ਕੇ ਡੁੱਲਣਾ ਸੌਖਾ ਹੈ,
ਖਾਲੀ ਨੂੰ ਭਰਨਾ ਔਖਾ ਹੈ।
ਇਹ ਖੇਲ ਬੜਾ ਅਨੋਖਾ ਹੈ,
ਹਰ ਇੱਕ ਨੂੰ ਮਿਲਦਾ ਮੌਕਾ ਹੈ।
ਕੋਈ ਰੋਂਦਾ ਰੋਟੀ-ਜੁੱਲੀ ਨੂੰ,
ਕੋਈ ਲੱਭੇ ਸੋਹਣੀ ਕੁੱਲੀ ਨੂੰ।
ਪਰ ਮਿਹਨਤ ਕਰਨਾ ਔਖਾ ਹੈ,
ਹੱਢਭੰਨ-ਖੁਰਨਾ ਔਖਾ ਹੈ।
ਇਹ ਖੇਲ ਬੜਾ…………..।
ਸੌਖਾ ਹੈ ਕਹਿਣਾ ਤੇ ਸੁਣਨਾ ਵੀ,
ਪਰ ਕਠਨ ਹੈ ਸਮਝਾ ਜਾਣਾ,
ਕੁੱਝ ਆਪਣੇ ਵਰਤੇ ਤਜਰਬਿਆਂ `ਚੋਂ
ਕਿਸੇ ਹੋਰ ਨੂੰ ਰਾਹੇ ਪਾ ਜਾਣਾ।
ਕੁੱਝ ਗੱਲ ਕਰਨੀ ਹਯਾਤੀ ਦੀ,
ਕੁੱਝ ਆਪਣਾ ਦੁੱਖੜਾ ਰੋ ਜਾਣਾ।
ਕੁੱਝ ਹੰਝੂ ਵਗਣੇ ਪਛਤਾਵੇ ਦੇ,
ਤੇ ਆਪਣਾ ਅੰਦਰ ਧੋ ਜਾਣਾ।
ਕੁੱਝ ਰੋਸੇ ਜ਼ਾਹਰ ਕਰ ਦੇਣੇ,
ਕੁੱਝ ਅੰਦਰੋਂ ਅੰਦਰ ਸਹਿ ਜਾਣਾ।
ਤੱਕਣਾ ਕਦੇ ਕੀੜੀਆਂ ਨੂੰ ਵੀ,
ਕਦੇ ਜ਼ਿਦਾਂ ਲਾਉਣੀਆਂ ਬਾਜ਼ਾਂ ਨਾਲ,
ਪਰ ਡਾਰੀ ਭਰਨਾ ਔਖਾ ਹੈ।
ਇਹ ਖੇਲ ਬੜਾ…………….।
ਇਹ ਜ਼ਿੰਦਗੀ ਦੇ ਝਮੇਲੇ ਨੇ,
ਵੱਖੋ ਵੱਖਰੇ ਮੇਲੇ ਨੇ,
ਕੋਈ ਭੀੜਾਂ ਵਿੱਚ, ਤੇ ਕਈ ਇਕੱਲੇ ਨੇ,
ਦਰ ਸਭ ਨੇ ਆਪਣੇ-ਆਪਣੇ ਮੱਲੇ ਨੇ।
ਕੋਈ ਰੋਵੇ ਆਪਣੇ ਕੰਮਾਂ ਨੂੰ,
ਕੋਈ ਖੜ੍ਹਾ ਉਡੀਕੇ ਯੰਮਾਂ ਨੂੰ।
ਸਭ ਅੱਖੋਂ ਉਰੇ ਭਰੋਖਾ ਹੈ।
ਇਹ ਖੇਲ ਬੜਾ ਅਨੋਖਾ ਹੈ,
ਹਰ ਇੱਕ ਨੂੰ ਮਿਲਦਾ ਮੌਕਾ ਹੈ,
ਭਰ ਕੇ ਡੁੱਲਣਾ ਸੌਖਾ ਹੈ,
ਖਾਲੀ ਨੂੰ ਭਰਨਾ ਔਖਾ ਹੈ।
ਰਣਜੀਤ ਕੌਰ ਬਾਜਵਾ
(ਪੰਜਾਬੀ ਅਧਿਆਪਕਾ)
ਸ.ਮਿ. ਸਕੂਲ, ਬਹਾਦੁਰ ਹੁਸੈਨ,
ਜਿਲਾ ਗੁਰਦਾਸਪੁਰ।
ਮੋ – 88720 52361