ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ
23 ਅਕਤੂਬਰ ਤੱਕ ਪੂਰੇ ਜਿਲ੍ਹੇ ਵਿਚ ਚੱਲੇਗੀ ਸਫਾਈ ਮੁਹਿੰਮ ਤੇ ਜਾਗਰੂਕਤਾ ਅਭਿਆਨ
ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੀ ਅਗਵਾਈ ਹੇਠ ਫਾਜ਼ਿਲਕਾ ਜਿਲ੍ਹੇ ਵਿਚ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਸਥਾਨਕ ਨਗਰ ਕੌਂਸਲ ਦਫ਼ਤਰ ਵਿਚ ਸਫਾਈ ਸ਼ੁਰੂ ਕਰਕੇ ਕੀਤੀ ਗਈ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਸ਼ਹਿਰ ਵਾਸੀ, ਵਪਾਰ ਮੰਡਲ, ਸਵੈ ਸੇਵੀ ਸੰਸਥਾਂਵਾ ਦੇ ਨੁਮਾਇੰਦੇ ਵੀ ਹਾਜਰ ਸਨ ।ਨਗਰ ਕੌਂਸਲ ਫਾਜਿਲਕਾ ਦੀ ਬਿਲਡਿੰਗ ਦਾ ਨਿਰੀਖਣ ਕਰਨ ਅਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਸਫਾਈ ਮੁਹਿੰਮ ਦੀ ਸ਼ੁਰੂਆਤ ਆਪਣੇ ਆਪਣੇ ਦਫ਼ਤਰਾਂ ਤੋਂ ਕਰਨ ਅਤੇ ਦਫ਼ਤਰੀ ਕੰਪਲੈਕਸ ਤੋਂ ਇਲਾਵਾ ਪਖਾਨਿਆਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ । ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਸਵੱਛ ਭਾਰਤ ਮੁਹਿੰਮ ਨੂੰ ਲੋਕ ਲਹਿਰ ਵੱਜੋਂ ਚਲਾਉਣ । ਉਨ੍ਹਾਂ ਦੱਸਿਆ ਕਿ ਇਸ ਸਪਤਾਹ ਦੌਰਾਨ ਵੱਖ-ਵੱਖ ਵਿਭਾਗਾਂ ਅਤੇ ਮਾਧਿਅਮਾਂ ਰਾਹੀਂ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਅਤੇ ਸ਼ਹਿਰਾਂ ਵਿੱਚ ਵਾਰਡ ਪੱਧਰ ‘ਤੇ ਸਮੂਹ ਨਾਗਰਿਕਾਂ ਨੂੰ ਘਰਾਂ, ਘਰਾਂ ਦੇ ਆਲੇ-ਦੁਆਲੇ, ਹਸਪਤਾਲ, ਪੇਂਡੂ ਡਿਸਪੈਂਸਰੀਆਂ, ਬੱਸ ਸਟੈਂਡਾਂ, ਪਾਰਕਾਂ, ਗਲੀਆਂ, ਰੇਲਵੇ ਸਟੇਸ਼ਨਾਂ, ਫੁੱਟਪਾਥਾਂ, ਬਜਾਰਾਂ, ਪਿੰਡਾਂ ਦੀਆਂ ਫਿਰਨੀਆਂ, ਜਨਤਕ ਸਥਾਨਾਂ, ਸਕੂਲਾਂ, ਧਰਮਸ਼ਾਲਾਵਾਂ, ਸਰਕਾਰੀ ਇਮਾਰਤਾਂ, ਸਹਿਕਾਰੀ ਸਭਾਵਾਂ, ਪੰਚਾਇਤ ਘਰਾਂ, ਆਂਗਣਵਾੜੀ ਕੇਂਦਰਾਂ, ਕਮਿਊਨਿਟੀ ਸੈਂਟਰਾਂ, ਛੱਪੜਾਂ ਦੇ ਆਲੇ-ਦੁਆਲੇ, ਸੜਕਾਂ ਦੇ ਆਲੇ-ਦੁਆਲੇ ਅਤੇ ਹੋਰ ਸਾਂਝੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਸਾਫ-ਸੁਥਰਾ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ ਤੇ ਸ਼ਹਿਰਾਂ ਅਤੇ ਪਿੰਡਾਂ ਵਿਚ ਵਾਰਡ ਪੱਧਰ ਤੇ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਮ ਲੋਕਾਂ ਵਿਚੋਂ ਸਵੱਛਤਾ ਦੁਤ ਬਨਾਏ ਜਾਣਗੇ । ਉਨ੍ਹਾਂ ਦੱਸਿਆ ਕਿ ਪੂਰੇ ਜਿਲ੍ਹੇ ਵਿਚ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਲਾਕ ਪੱਧਰ ਤੇ ਸਬੰਧਤ ਬੀ.ਡੀ.ਪੀ.ਓ. ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਵਿਭਾਗਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਵੱਧ ਤੋਂ ਵੱਧ ਇਸ਼ਤਿਹਾਰਾਂ, ਮੀਟਿੰਗਾਂ ਤੇ ਸੈਮੀਨਾਰਾਂ ਆਦਿ ਰਾਂਹੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਲਈ ਜਨਤਕ ਥਾਂਵਾ ਤੇ ਫਲੈਕਸ ਆਦਿ ਵੀ ਲਗਾਏ ਜਾਣ । ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਅਤੇ ਸਾਰੇ ਵਿਭਾਗ ਵੱਖ ਵੱਖ ਤਰ੍ਹਾਂ ਦੀਆਂ ਕੱਟੀਆਂ ਜਾਣ ਵਾਲੀਆਂ ਰਸੀਦਾਂ, ਬਿਲਾਂ ਆਦਿ ਤੇ ਸਵੱਛ ਭਾਰਤ ਮੇਰਾ ਸੁਪਨਾ ਲੋਗੋ ਲਿਖਣ ਗਿਆ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਇਹ ਮੁਹਿੰਮ ਪੂਰੇ ਦੇਸ਼ ਵਿਚ ਸਾਲ 2019 ਮਹਾਤਮਾਂ ਗਾਂਧੀ ਦੀ 150 ਵੀਂ ਸਵਰਨ ਜਯੰਤੀ ਤੱਕ ਜਾਰੀ ਰਹੇਗੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ, ਸ਼੍ਰੀ ਡੀ.ਪੀ.ਪਾਂਡੇ ਤਹਿਸੀਲਦਾਰ ਫਾਜਿਲਕਾ, ਡਾ. ਬਲਜੀਤ ਸਿੰਘ ਸਿਵਲ ਸਰਜਨ ਫਾਜਿਲਕਾ, ਡਾ. ਦਵਿੰਦਰ ਭੁੱਕਲ ਸਹਾਇਕ ਸਿਵਲ ਸਰਜਨ, ਸ਼੍ਰੀ ਗਗਨੇਸ਼ ਕੁਮਾਰ ਡੀ.ਐਸ.ਪੀ.(ਐਚ), ਸ਼੍ਰੀ ਹਰੀ ਚੰਦ ਡੀ.ਈ.ਓ. (ਐਲੀਮੈਂਟਰੀ), ਸ਼੍ਰੀ ਅਨਿਲ ਸੇਠੀ ਸਾਬਕਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਸ. ਗੁਰਦਾਸ ਸਿੰਘ ਈ.ਓ. ਨਗਰ ਕੌਂਸਲ ਫਾਜਿਲਕਾ, ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੁਲਬੱਧਰ, ਸਮੂਹ ਐਨ.ਜੀ.ਉਜ. ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ ।