ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਵਿਦਿਆਰਥੀਆਂ ਵਿਚ ਤਰਕਸ਼ੀਲ ਸੋਚ ਵਿਕਸਤ ਕਰਨ ਅਤੇ ਸਮਾਜ ਵਿਚੋਂ ਅੰਧ ਵਿਸ਼ਵਾਸਾਂ ਸਮੇਤ ਰੂੜੀਵਾਦੀ ਰਸਮਾਂ ਅਤੇ ਮਾਨਤਾਵਾਂ ਖਤਮ ਕਰਨ ਦੇ ਉਦੇਸ਼ ਨਾਲ ਸਮੁੱਚੇ ਪੰਜਾਬ ਵਿਚ ਕਰਾਈ ਗਈ ਤੀਜੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਛੇਹਰਟਾ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਦੇ ਤਰਕਸ਼ੀਲ ਆਗੂਆਂ ਸੁਮੀਤ ਸਿੰਘ, ਜਸਪਾਲ ਬਾਸਰਕਾ ਅਤੇ ਦਮਨਜੀਤ ਕੌਰ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਮਨਮੀਤ ਕੌਰ, ਲੈਕਚਰਾਰ ਜਸਵੰਤ ਰਾਏ, ਵਾਈਸ ਪ੍ਰਿੰਸੀਪਲ ਹਰਵਿੰਦਰ ਕੌਰ ਅਤੇ ਮੈਡਮ ਕਰਮਜੀਤ ਕੌਰ ਵਲੋਂ ਮਾਝਾ ਜੋਨ ਵਿਚੋਂ ਸੈਕੰਡਰੀ ਗਰੁਪ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਮਨਿੰਦਰ ਕੌਰ ਅਤੇ ਇਕਾਈ ਪੱਧਰ ਤੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਪ੍ਰਿੰਸ ਕੁਮਾਰ ਅਤੇ ਮਨਮੋਹਿਤ ਸਿੰਘ ਨੂੰ ਸਨਮਾਨ ਚਿੰਨ ਅਤੇ ਤਰਕਸ਼ੀਲ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਮੈਡਮ ਮਨਮੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਦੇਸ਼ ਅਤੇ ਦੁਨੀਆਂ ਵਿੱਚ ਵਾਪਰਨ ਵਾਲੀ ਹਰ ਕੁਦਰਤੀ ਅਤੇ ਗੈਰ-ਕੁਦਰਤੀ ਘਟਨਾ ਦੇ ਕਾਰਨਾਂ ਨੂੰ ਤਰਕ ਦੀ ਕਸੌਟੀ ’ਤੇ ਪਰਖਣ ਲਈ ਵਿਗਿਆਨਕ ਸੋਚ ਅਪਨਾਉਣੀ ਚਾਹੀਦੀ ਹੈ ਅਤੇ ਆਪਣੀ ਸਖ਼ਤ ਮਿਹਨਤ ਅਤੇ ਸਵੈ-ਵਿਸ਼ਵਾਸ `ਤੇ ਭਰੋਸਾ ਕਰਕੇ ਪਾਖੰਡੀ ਬਾਬਿਆਂ ਅਤੇ ਜੋਤਸ਼ੀਆਂ ਦੀ ਲੁੱਟ ਤੋਂ ਬਚਣਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਤਰਕਸ਼ੀਲ ਸਾਹਿਤ ਪੜ੍ਹਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਸਮਾਜ ਵਿਚ ਵਿਗਿਆਨਕ ਚੇਤਨਾ ਪ੍ਰਫੁਲਿਤ ਕਰਨ ਲਈ ਤਰਕਸ਼ੀਲ ਸੁਸਾਇਟੀ ਦੀ ਪ੍ਰਸੰਸਾ ਕੀਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …