ਪੀਣ ਵਾਲੇ ਪਾਣੀ ਅਤੇ ਬਰਬਾਦ ਹੋ ਰਹੇ ਪਾਣੀ ਦੀ ਨਜ਼ਰਸਾਨੀ ‘ਤੇ ਵਿਸ਼ਲੇਸ਼ਣ ਬਾਰੇ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ
ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਡਿਵੈਲਪਮੈਂਟ ਸੈਂਟਰ ਵੱਲੋਂ ਪੀਣ ਵਾਲੇ ਪਾਣੀ ਅਤੇ ਬਰਬਾਦ ਹੋ ਰਹੇ ਪਾਣੀ ਦੀ ਨਜ਼ਰਸਾਨੀ ਅਤੇ ਵਿਸ਼ਲੇਸ਼ਣ ਵਿਸ਼ੇ ਉਪਰ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਮੌਕੇ 45 ਅਧਿਆਪਕਾਂ ਅਤੇ ਖੋਜਾਰਥੀਆਂ ਨੇ ਭਾਗ ਲਿਆ।
ਪੰਜਾਬੀ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਪ੍ਰਾਪਤ ਬਾਇਲੋਜਿਸਟ ਪ੍ਰੋ. ਜਗਬੀਰ ਸਿੰਘ ਕਿਰਤੀ ਇਸ ਮੌਕੇ ਮੁੱਖ ਮਹਿਮਾਨ ਸਨ।ਉਨ੍ਹਾਂ ਕਿਹਾ ਕਿ ਅੱਜ ਡਿਗ ਰਹੇ ਪਾਣੀ ਦੇ ਮਿਆਰ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੰਦੇਸ਼ ਵਿਚ `ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ` ਦੱਸਿਆ ਅਤੇ ਵਾਤਾਵਰਣ ਪ੍ਰਤੀ ਹਰ ਇਕ ਸੁਚੇਤ ਹੋਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਵਰਤੋਂ ਦੇ ਨਾਲ ਨਾਲ ਸਾਨੂੰ ਉਨ੍ਹਾਂ ਦੀ ਕਦਰ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਇਨ੍ਹਾਂ ਕੁਦਰਤੀ ਸੋਮਿਆਂ ਦੇ ਨਿਘਾਰ ਪ੍ਰਤੀ ਗੁਰੂ ਸਾਹਿਬਾਨ ਨੇ ਪਹਿਲਾਂ ਹੀ ਹਰ ਇਕ ਜਾਗਰੂਕ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਾਣੀ ਦੀ ਵੱਧ ਵਰਤੋਂ ਕਰਨ ਵਾਲੀਆਂ ਫਸਲਾਂ ਬੀਜਣ ਤੋਂ ਕਿਸਾਨ ਭਰਾਵਾਂ ਨੂੰ ਗੁਰੇਜ਼ ਕਰਦੇ ਹੋਏ ਹੋਰ ਲਾਹੇਵੰਦ ਖੇਤੀ ਨੂੰ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ਅਤੇ ਨਹਿਰਾਂ ਵਿਚ ਪਾਣੀ ਘਾਟ ਕਰਕੇ ਬਨਸਪਤੀ ਅਤੇ ਜੀਵ ਜੰਤੂ ਵੀ ਪ੍ਰਭਾਵਿਤਹੋ ਰਹੇ ਹਨ । ਉਨ੍ਹ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਭਵਿੱਖ ਦੇ ਸਕੀਏ।
ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਦੀਪ ਸਿੰਘ ਇਸ ਮੌਕੇ ਨੇ ਪਾਣੀ ਨੂੰ “ਜੀਵਨ ਦਾ ਅਹਿਸਾਸ” ਵਜੋਂ ਦਰਸਾਉਂਦੇ ਹੋਏ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਾਨੂੰ ਪਾਣੀ ਦੇ ਇਸ ਗੰਭੀਰ ਮੁੱਦੇ ਲਈ ਚਿੰਤਨ ਕਰਨ ਦੀ ਲੋੜ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਪ੍ਰਮਾਣਿਕ ਤੱਥਾਂ ਅਤੇ ਅੰਕੜਿਆਂ ਨੂੰ ਸ਼ਾਮਲ ਕਰਦੇ ਹੋਏ ਭਵਿਖ ਵਿਚ ਆਉਣ ਵਾਲੇ ਸੰਕਟਾਂ ਦੀ ਨਿਰਾਸ਼ਾਜਨਕ ਤਸਵੀਰ ਪੇਸ਼ ਕੀਤੀ।
ਕੋਆਰਡੀਨੇਟਰ ਡਾ. ਰਜਿੰਦਰ ਕੌਰ, ਫੈਕਲਟੀ ਡਿਵੈਲਪਮੈਂਟ ਸੈਂਟਰ ਦੇ ਕੋਆਰਡੀਨੇਟਰ, ਪ੍ਰੋ. ਆਦਰਸ਼ ਪਾਲ ਵਿਜ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਡਾ ਰਜਿੰਦਰ ਕੌਰ, ਪ੍ਰੋ. ਸਰੋਜ ਅਰੋੜਾ, ਡਾ. ਜਤਿੰਦਰ ਕੌਰ ਅਤੇ ਡਾ. ਬਲਬੀਰ ਸਿੰਘ ਵੀ ਇਸ ਮੌਕੇ ਮੌਜੂਦ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …