ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਮੂਹ ਅਧਿਆਪਕ, ਖੋਜ-ਵਿਦਿਆਰਥੀ ਅਤੇ ਕਰਮਚਾਰੀ ਸੁਪ੍ਰਸਿੱਧ ਅਧਿਆਪਕ, ਸ਼ਾਇਰਾ, ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰਾ ਡਾ. ਮਨਜੀਤ ਪਾਲ ਕੌਰ ਗਿੱਲ ਦੇ ਬੇਵਕਤ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਅਤੇ ਸਾਹਿਤ-ਚਿੰਤਨ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਡਾ. ਮਨਜੀਤ ਪਾਲ ਕੌਰ ਗਿੱਲ ਨੇ ਬਤੌਰ ਲੈਕਚਰਾਰ 1982 ਵਿਚ ਪੰਜਾਬੀ ਅਧਿਐਨ ਸਕੂਲ ਵਿਚ ਆਪਣੀ ਸੇਵਾ ਆਰੰਭ ਕੀਤੀ ਅਤੇ ਲਗਾਤਾਰ ਤਰੱਕੀ ਕਰਦਿਆਂ ਰੀਡਰ, ਪ੍ਰੋਫ਼ੈਸਰ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਦੇ ਅਹੁਦੇ ਤਕ ਅੱਪੜੇ।ਉਹ ਇਕੋ ਸਮੇਂ ਸਿਰਜਨਾਤਮਕ ਅਤੇ ਆਲੋਚਨਾਤਮਕ ਪ੍ਰਤਿਭਾ ਦੇ ਸੁਆਮੀ ਸਨ।ਸਿਰਜਨਾ ਦੇ ਖੇਤਰ ਵਿੱਚ ਉਹਨਾਂ ਨੇ ਸ਼ਾਇਰੀ ਦੀਆਂ ਤਿੰਨ ਮਹੱਤਵਪੂਰਨ ਪੁਸਤਕਾਂ ‘ਰੇਤ ਦਾ ਸਮੁੰਦਰ’, ‘ਮਿਜ਼ਰਾਬ’ ਅਤੇ ‘ਆਪਾਂ ਨਾ ਮਿਲਦੇ’ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਨਾਟਕ ਦੇ ਖੇਤਰ ਵਿਚ ‘ਬੰਧਨ ਤੇ ਸਰਾਪ’, ‘ਸਾਹਿਬਾਂ’ ਅਤੇ ‘ਸੁੰਦਰਾਂ’ ਵਰਗੇ ਨਾਟਕ ਲਿਖੇ ਵੀ ਅਤੇ ਉਹਨਾਂ ਦਾ ਪੂਰੀ ਕਾਮਯਾਬੀ ਨਾਲ ਨਿਰਦੇਸ਼ਨ ਵੀ ਕੀਤਾ।
ਪੰਜਾਬੀ ਨਾਟਕ ਤੇ ਰੰਗਮੰਚ ਅਤੇ ਵਿਸ਼ੇਸ਼ਕਰ ਕਾਵਿ-ਨਾਟਕ ਦਾ ਆਲੋਚਨਾਤਮਕ ਅਧਿਐਨ ਕਰਕੇ ਉਹਨਾਂ ਨੇ ਨਾਟਕ ਖੋਜ ਅਤੇ ਆਲੋਚਨਾ ਦੇ ਖੇਤਰ ਵਿਚ ਮੁੱਲਵਾਨ ਪੈੜਾਂ ਪਾਈਆਂ।ਔਰਤ ਦੇ ਸਰੋਕਾਰ, ਪੀੜਾ ਅਤੇ ਦਰਦ ਦੀ ਅੱਕਾਸੀ ਹਮੇਸ਼ਾ ਉਹਨਾਂ ਦੇ ਸਾਹਿਤ ਸਿਰਜਨਾਤਮਕ ਦੇ ਕੇਂਦਰ ਵਿਚ ਰਹੀ।ਸਾਹਿਤ ਜਗਤ ਵਿਚ ਉਹਨਾਂ ਦੁਆਰਾ ਪਾਏ ਯੋਗਦਾਨ ਕਰਕੇ ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰਤ-ਰਾਸ਼ਟਰੀ ਪੁਰਸਕਾਰ ਵਿਚ ਪ੍ਰਾਪਤ ਹੋਏ।
ਪੰਜਾਬੀ ਅਧਿਐਨ ਸਕੂਲ ਵਿਛੋੜੇ ਦੀ ਇਸ ਘੜੀ ਵਿਚ ਡਾ. ਮਨਜੀਤ ਪਾਲ ਕੌਰ ਗਿੱਲ ਦੇ ਪਰਿਵਾਰ ਅਤੇ ਮਿੱਤਰਾਂ ਦੇ ਦੁੱਖ ਵਿਚ ਸ਼ਾਮਿਲ ਹੁੰਦਾ ਹੈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …