ਅੰਮ੍ਰਿਤਸਰ, 28 ਸੰਤਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਦੇ ਕਾਰਜ ਜਾਰੀ ਹਨ ਅਤੇ ਡਾਕਟਰੀ ਸਹੂਲਤਾਂ ਵੀ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ। ਜਿਸ ਤਹਿਤ ਸ੍ਰੀ ਨਗਰ ਦੇ ਸ਼ਾਨ ਪੁਰਾ,ਸੁਧਰਾ ਸ਼ਾਹੀ ਤੇ ਇੰਦਰਾ ਕਲੋਨੀ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾ ਕੇ 1500 ਦੇ ਕਰੀਬ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ।
ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਅਤੇ ਵਧੀਕ ਸਕੱਤਰ ਸ. ਦਿਲਜੀਤ ਸਿਘ ਬੇਦੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਹਤ ਕਾਰਜ ਲਗਾਤਾਰ ਜਾਰੀ ਹਨ।ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਨੇ ਜੰਮੂ-ਕਸ਼ਮੀਰ ਦੀ ਫੇਰੀ ਦੌਰਾਨ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਉਥੋਂ ਦੇ ਵਸਨੀਕਾਂ ਦੇ ਰੂ-ਬ-ਰੂ ਹੋ ਕੇ ਇਹ ਭਰੋਸਾ ਦਿਵਾਇਆ ਸੀ ਕਿ ਸ਼੍ਰੋਮਣੀ ਕਮੇਟੀ ਹਰ ਸੰਭਵ ਕੋਸ਼ਿਸ਼ ਕਰ ਕੇ ਪ੍ਰਭਾਵਿਤ ਲੋਕਾਂ ਤਕ ਰਾਹਤ ਸੱਮਗਰੀ ਦੇ ਨਾਲ-ਨਾਲ ਡਾਕਟਰੀ ਸਹੂਲਤਾਂ ਵੀ ਦੇਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਗੁਰਦੁਆਰਾ ਸ਼ਹੀਦ ਬੁੰਗਾ ਸ੍ਰੀਨਗਰ ਵਿਖੇ ਲੰਗਰ ਲਗਾਏ ਗਏ ਹਨ ਅਤੇ ਡਾਕਟਰੀ ਸਹੂਲਤਾਂ ਦੇ ਨਾਲ ਮੁਫਤ ਦਵਾਈਆਂ ਦੇ ਕੇ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀਨਗਰ ਵਿਖੇ ਬੀ.ਅੇਸ.ਐਫ. ਦੇ ਡਾ: ਕੈਪਟਨ ਖਾਨ ਡਾਈਵਰਟ 23 ਬਟਾਲੀਅਨ ਤੇ ਕਮਾਡੈਂਟ ਡਾ: ਸਪਨ ਸੁਮਨ ਨੇ ਸ਼੍ਰੋਮਣੀ ਕਮੇਟੀ ਦੇ ਰਾਹਤ ਕੈਂਪ ਵਿੱਚ ਪਹੁੰਚ ਕਰਕੇ ਸ਼ਾਨ ਪੁਰਾ,ਸੁਧਰਾ ਸ਼ਾਹੀ ਤੇ ਇੰਦਰਾ ਕਲੋਨੀ ਸ੍ਰੀਨਗਰ ਵਿਖੇ ਇਲਾਕਿਆਂ ਵਿੱਚ ਲੋਕਾਂ ਨੂੰ ਡਾਕਟਰੀ ਇਲਾਜ ਦੇ ਨਾਲ-ਨਾਲ ਦਵਾਈਆਂ ਦੀ ਵੀ ਸਖ਼ਤ ਜਰੂਰਤ ਬਾਰੇ ਦੱਸਿਆ ਜੋ ਕਿ ਮੁਸਲਿਮ ਭਾਈਚਾਰੇ ਦੀ ਸੰਘਣੀ ਵੱਸੋਂ ਹੈ।ਸ਼੍ਰੋਮਣੀ ਕਮੇਟੀ ਦੀ ਡਾਕਟਰੀ ਟੀਮ ਜਿਨ੍ਹਾਂ ਵਿੱਚ ਡਾ: ਜਸਕਰਨ ਸਿੰਘ,ਡਾ: ਨਵਤੇਜ ਸਿੰਘ, ਡਾ: ਜਤੇਸ਼ ਜੈਨ ਦੀ ਟੀਮ ਨੇ ਇਨ੍ਹਾਂ ਇਲਾਕਿਆਂ ਵਿੱਚ ਕੈਂਪ ਲਗਾਕੇ 1500 ਦੇ ਕਰੀਬ ਲੋਕਾਂ ਨੂੰ ਡਾਕਟਰੀ ਸਹੂਲਤ ਦੇ ਨਾਲ-ਨਾਲ ਮੁਫਤ ਦਵਾਈਆਂ ਵੀ ਦਿਤੀਆਂ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਰਾਹਤ ਕੈਂਪ ਦੀ ਦੇਖ-ਰੇਖ ਦੀ ਜਿੰਮੇਵਾਰੀ ਇਸ ਸਮੇਂ ਸ. ਜਗਜੀਤ ਸਿਘ ਮੀਤ ਸਕੱਤਰ, ਸ. ਪਰਮਿੰਦਰ ਸਿਘ ਡੰਡੀ ਤੇ ਹੋਰ ਮੁਲਾਜਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀਨਗਰ ਵਿਖੇ ਲਗਾਤਾਰ ਰਾਹਤ ਸਮੱਗਰੀ ਭੇਜ ਰਹੀ ਹੈ ਜਿਸ ਵਿਚ ਆਟਾ, ਚੋਲ, ਦਾਲ, ਖੰਡ, ਰਿਫਾਇੰਡ, ਲੂਣ ਮਿਰਚ, ਮਸਾਲੇ, ਚਾਹਪੱਤੀ, ਸੁੱਕਾ ਦੁੱਧ ਆਦਿ ਹੈ।ਉਨ੍ਹਾਂ ਕਿਹਾ ਕਿ ਲੋਕਾਂ ਦੀ ਲੋੜ ਅਨੁਸਾਰ ਨਵੇਂ ਕਪੜੇ, ਕੰਬਲ, ਚਾਦਰਾਂ ਤੇ ਬਿਸਤਰੇ ਆਦਿ ਵੀ ਭੇਜੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਮੰਗ ਅਨੁਸਾਰ ਦਵਾਈਆਂ ਵੀ ਲਗਾਤਾਰ ਭੇਜੀਆਂ ਜਾ ਰਹੀਆਂ ਹਨ।ਇਹ ਸਹਾਇਤਾ ਲੋੜ ਅਨੁਸਾਰ ਜਾਰੀ ਰਹੇਗੀ।