ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਦੋਨਾ ਵਿਖੇ ਲੱਗੇਗਾ ਵਿਸ਼ੇਸ਼ ਕੈਂਪ
ਨਡਾਲਾ (ਕਪੂਰਥਲਾ), 7 ਦਸੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੀ ‘ਆਰ.ਵੀ.ਵਾਈ’ ਅਤੇ ‘ਏ.ਡੀ.ਆਈ.ਪੀ’ ਸਕੀਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿਚ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਬਨਾਵਟੀ ਅੰਗ ਤੇ ਉਪਕਰਣ ਮੁਹੱਈਆ ਕਰਵਾਉਣ ਲਈ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਤਹਿਤ ਅੱਜ ਬੀ.ਡੀ.ਪੀ.ਓ ਦਫ਼ਤਰ ਨਡਾਲਾ ਵਿਖੇ ਇਕ ਵਿਸ਼ਾਲ ਕੈਂਪ ਲਗਾਇਆ ਗਿਆ।ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸ.ਡੀ.ਐਮ ਭੁਲੱਥ ਰਣਦੀਪ ਸਿੰਘ ਹੀਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਲਬਰਗ ਲਾਲ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿਚ 77 ਵਿਅਕਤੀਆਂ ਦੀ ਬਨਾਉਟੀ ਅੰਗ ਮੁਹੱਈਆ ਕਰਵਾਉਣ ਲਈ ਪੈਮਾਇਸ਼ ਅਤੇ ਪਹਿਚਾਣ ਕੀਤੀ ਗਈ।
ਉਨ੍ਹਾਂ ਦੱਸਿਆ ਕਿ 7 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੱਧਵਾਂ ਦੋਨਾ ਅਤੇ 9 ਦਸੰਬਰ ਨੂੰ ਗੀਤਾ ਭਵਨ ਮੰਦਿਰ, ਫਗਵਾੜਾ ਵਿਖੇ ਇਹ ਵਿਸ਼ੇਸ਼ ਕੈਂਪ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਤਹਿਤ ਲਾਭ ਪ੍ਰਾਪਤ ਕਰਨ ਲਈ ਲਾਭਪਾਤਰੀ ਦੀ ਮਾਸਿਕ ਆਮਦਨ 15 ਹਜ਼ਾਰ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਲਾਭਪਾਤਰੀ ਇਕ ਫੋਟੋ ਤੋਂ ਇਲਾਵਾ ਸਮਰੱਥ ਅਥਾਰਟੀ ਵੱਲੋਂ ਜਾਰੀ ਆਮਦਨ ਸਰਟੀਫਿਕੇਟ, ਆਧਾਰ ਕਾਰਡ ਅਤੇ 40 ਫੀਸਦੀ ਤੋਂ ਵੱਧ ਦੇ ਅੰਗਹੀਣਤਾ ਸਰਟੀਫਿਕੇਟ ਦੀਆਂ ਫੋਟੋ ਸਟੇਟ ਕਾਪੀਆਂ ਜ਼ਰੂਰ ਨਾਲ ਲੈ ਕੇ ਆਉਣ। ਇਸ ਮੌਕੇ ਬੀ.ਡੀ.ਪੀ.ਓ ਨਡਾਲਾ ਸ੍ਰੀਮਤੀ ਜਸਪ੍ਰੀਤ ਕੌਰ, ਸੀ.ਡੀ.ਪੀ.ਓ ਨਡਾਲਾ ਬਲਵਿੰਦਰ ਜੀਤ ਸਿੰਘ, ‘ਅਲਿਮਕੋ’ ਤੋਂ ਅਮਿਤੇਸ਼ ਲਾਲ ਸੁੰਮਨ, ਅਵਧੇਸ਼ ਪਾਲ, ਮੋਹਨ ਅਤੇ ਹੋਰ ਹਾਜ਼ਰ ਸਨ।