Thursday, November 21, 2024

ਸ਼ਰੀਫ ਇਨਸਾਨ (ਕਹਾਣੀ)

                 ਖਾਨਦਾਨੀ ਰਹੀਸ ਅਤੇ ਪਿੰਡ ਦਾ ਮੋਜੂਦਾ ਲੰਬੜਦਾਰ ਅਜਮੇਰ ਸਿੰਘ ਬਹੁਤ ਹੀ ਸ਼ਰੀਫ ਇਨਸਾਨ ਸੀ।ਉਹ ਕਿਸੇ ਦਾ ਵੀ ਕੰਮ ਕਰਵਾਉਣ ਦੇ ਬਦਲੇ ਇੱਕ ਨਵੇਂ ਪੈਸੇ ਦਾ ਵੀ ਰਵਾਦਾਰ ਨਹੀਂ ਸੀ।ਉਸ ਦੀ ਤਨਾਖਹ ਦਾ ਤਾਂ ਪਤਾ ਨਹੀਂ ਸੀ ਕਿ ਕਿੰਨੀ ਕੁ ਹੈ ਬਾਕੀ ਜੋ ਵੀ ਉਸ ਦੇ ਘਰ ਕਿਸੇ ਵੀ ਕੰਮ ਲਈ ਆਉਂਦਾ ਤਾਂ ਚਾਹ ਪੀਤੇ ਵਗੈਰ ਨਹੀਂ ਜਾਣ ਦਿੰਦਾ ਸੀ।ਔਲਾਦ ਵੀ ਚੰਗੀ ਸੀ।ਉਨ੍ਹਾਂ ਨੂੰ ਪੜਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਸੀ।ਦੋਵੇਂ ਕੁੜੀਆਂ ਵਿਆਹ ਦਿੱਤੀਆਂ ਸਨ ਅਤੇ ਪੁੱਤਰ ਸੁਖਜਿੰਦਰ ਜਿਸ ਨੂੰ ਘਰੇ ਸੁੱਖਾ ਹੀ ਆਖ ਕੇ ਬੁਲਾਉਂਦੇ ਸਨ।ਉਹ ਸ਼ਹਿਰ ਪੜਦਾ ਸੀ।ਜਦੋਂ ਵੀ ਸੁੱਖੇ ਨੇ ਪਿੰਡ ਆਉਣ ਦਾ ਖਰਚਾ ਦੇਣ ਉਪਰੰਤ ਅਜਮੇਰ ਸਿੰਘ ਨੇ ਉਸ ਨੂੰ ਮਨ ਲਾ ਕੇ ਪੜ੍ਹਣ ਦੀ ਹਦਾਇਤ ਦੇਣੀ।ਸਰਕਾਰੇ ਦਰਵਾਰੇ ਚੰਗਾ ਅਸਰ ਰਸੂਖ਼ ਹੋਣ ਕਰਕੇ ਅਫਸਰਾਂ ਦੇ ਰੋਹਬ ਅਤੇ ਕੰਮ ਕਾਜ਼ ਦੇ ਰਵੱਈਏ ਤੋਂ ਭਲੀ ਭਾਂਤ ਜਾਣੂ ਹੋਣ ਕਰਕੇ ਉਸ ਨੇ ਆਪਣੇ ਪੁੱਤਰ ਨੂੰ ਚੰਗੇ ਅਹੁੱਦੇ ‘ਤੇ ਵੇਖਣ ਦੀ ਇੱਛਾ ਮਨ’ ਚ ਧਾਰੀ ਹੋਈ ਸੀ।
              ਸੁੱਖੇ ਨੇ ਬਾਪ ਦੀ ਗੱਲ ਸੁਣ ਕੇ ਅਤੇ ਖਰਚਾ ਲੈ ਕੇ ਸ਼ਹਿਰ ਨੂੰ ਆ ਜਾਣਾ।ਲੰਬੜਦਾਰ ਅਤੇ ਪਰਿਵਾਰ ਨੇ ਖੁਸ਼ੀ- ਖੁਸ਼ੀ ਸੁਖਜਿੰਦਰ ਨੂੰ ਭੇਜਣਾ ਇੱਕ ਦਿਨ ਤੜਕਸਾਰ ਘਰ ਦੇ ਦਰਵਾਜੇ ਦੀ ਘੰਟੀ ਵੱਜਣ ਦੀ ਆਵਾਜ਼ ਆਈ।ਲੰਬੜਦਾਰ ਨੇ ਜਦ ਬੂਹਾ ਖੋਲਿਆ ਤਾਂ ਪੁਲਿਸ ਵਾਲਿਆਂ ਨੂੰ ਵੇਖ ਕੇ ਹੈਰਾਨੀ ਜ਼ਾਹਿਰ ਕਰਦਿਆਂ ਉਨ੍ਹਾਂ ਵੱਲ ਵੇਖਣ ਲੱਗਾ।ਐਨੇ ਨੂੰ ਪੁਲਿਸ ਵਾਲਾ ਬੋਲ ਪਿਆ ਕਿ “ਤੁਸੀਂ ਸੁਖਜਿੰਦਰ ਦੇ ਪਿਤਾ ਹੋ।” ਉਸ ਨੇ ਹਾਂ ਵਿੱਚ ਸਿਰ ਹਿਲਾਉ਼ਦਿਆਂ ਕਿਹਾ “ਹਾਂ ਜੀ ਦੱਸੋ” ਤਾਂ ਪੁਲਿਸ ਵਾਲੇ ਨੇ ਗੱਡੀ ਵੱਲ ਨੂੰ ਇਸ਼ਾਰਾ ਕਰਦੇ ਨਾਲ ਜਾਣ ਲਈ ਕਿਹਾ।ਲੰਬੜਦਾਰ ਦੇ ਬਾਰ ਬਾਰ ਪੁੱਛਣ ‘ਤੇ ਉਨ੍ਹਾਂ ਨੇ ਕਿਹਾ ਕਿ “ਤੁਹਾਨੂੰ ਵੱਡੇ ਸਾਹਿਬ ਨੇ ਬੁਲਾਇਆ ਹੈ”
            ਅਜ਼ਮੇਰ ਸਿੰਘ ਨੂੰ ਦੇਖ ਕੇ ਥਾਣੇਦਾਰ ਹੈਰਾਨ ਰਹਿ ਗਿਆ।ਕਿਉਂਕਿ ਉਹ ਵੀ ਉਸ ਦੀ ਨੇਕਨੀਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ।ਜਦੋਂ ਲੰਬੜਦਾਰ ਨੇ ਅਚਾਨਕ ਉਸ ਨੂੰ ਥਾਣੇ ਬੁਲਾਉਣ ਦਾ ਸਬੱਬ ਪੁੱਛਿਆ ਤਾਂ ਥਾਣੇਦਾਰ ਨੇ ਉਸ ਨੂੰ ਆਪਣੇ ਨਾਲ ਲਿਜਾ ਕੇ ਜੋ ਵਿਖਾਇਆ ਉਸ ਨੂੰ ਦੇਖ ਕੇ ਲੰਬੜਦਾਰ ਦੇ ਹੋਸ਼ ਉੱਡ ਗਏ।ਉਸ ਨੇ ਪੁੱਛਿਆ ਕਿ “ਸੁਖਜਿੰਦਰ ਨੂੰ ਜੇਲ ੍ਹ’ਚ ਕਿਉਂ ਡੱਕਿਆ ਹੈ ?” ਤਾਂ ਥਾਣੇਦਾਰ ਨੇ ਕਿਹਾ ਕਿ “ਤੁਹਾਡੀ ਸ਼ਰਾਫਤ ਦਾ ਨਜਾਇਜ਼ ਫਾਇਦਾ ਉਠਾੳਂਦੇ ਹੋਏ ਸੁਖਜਿੰਦਰ ਕਾਲਜ ਵਿੱਚ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਆਪਣੇ ਸਾਥੀਆਂ ਸਮੇਤ ਨਸ਼ੇ ਦੇ ਵਪਾਰੀਆਂ ਨਾਲ ਮਿਲ ਕੇ ਬਾਕੀ ਵਿਦਿਆਥੀਆਂ ਨੂੰ ਵੀ ਇਸ ਦਾ ਸ਼ਿਕਾਰ ਬਣਾ ਰਿਹਾ ਸੀ।ਸਾਨੂੰ ਪੱਕੀ ਸੂਚਨਾ ਮਿਲਣ ‘ਤੇ ਇਸ ਨੂੰ ਇੱਥੇ ਲਿਆਉਣਾ ਪਿਆ ਤਾਂ ਜੋ ਇਸ ਦੇ ਬਾਕੀ ਸਾਥੀਆਂ ਬਾਰੇ ਵੀ ਪਤਾ ਲਗਾਇਅ ਜਾ ਸਕੇ”।
              ਇਹ ਸਾਰਾ ਕੁੱਝ ਸੁਣ ਕੇ ਲੰਬੜਦਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀ ਹਾਲਤ ਬੇਕਾਬੂ ਹੁੰਦੀ ਵੇਖ ਕੇ ਥਾਣੇਦਾਰ ਨੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ।ਜਦ ਦੋ ਦਿਨਾਂ ਬਾਅਦ ਲੰਬੜਦਾਰ ਨੂੰ ਹੋਸ਼ ਆਈ ਤੇ ਵੇਖਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਉਸ ਦੇ ਮੰਜ਼ੇ ਕੋਲ ਖੜੇ ਸਨ।ਪਰ ਅਜ਼ਮੇਰ ਸਿੰਘ ਦੀ ਹਿੰਮਤ ਨਹੀਂ ਪੈ ਰਹੀ ਸੀ ਕਿ ਕਿਸੇ ਦੀਆਂ ਵੀ ਅੱਖਾਂ ‘ਚ ਅੱਖਾਂ ਪਾ ਕੇ ਗੱਲ ਕਰ ਸਕੇ।ਉਸ ਦੇ ਪਿਤਾ ਪੁਰਖਿਆਂ ਦੀ ਸਾਲਾਂ ਦੀ ਬਣੀ ਬਣਾਈ ਸਾਰੀ ਇੱਜਤ ਮਿੱਟੀ’ ਚ ਮਿਲ ਗਈ ਸੀ।

Faqira V

 

 

ਵਿਨੋਦ ਫ਼ਕੀਰਾ (ਸਟੇਟ ਐਵਾਰਡੀ)
ਕਰਤਾਰਪੁਰ, ਜਲੰਧਰ।
ਮੋ – 98721 97326

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply