ਬੰਗਲਾ ਸਾਹਿਬ ਪਾਰਕਿੰਗ ਦੇ ਕਰਾਰ ਨੂੰ ਵੀ ਅੰਤ੍ਰਿੰਗ ਬੋਰਡ ਨੇ ਕੀਤਾ ਖਾਰਜ
ਨਵੀਂ ਦਿੱਲੀ, 2 ਅਕਤੂਬਰ 2014 (ਅੰਮ੍ਰਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਅੱਜ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ ਵਿੱਚ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਮਰਿਆਦਾ ਅਨੁਸਾਰ ਉਪਲੱਬਧ ਕਰਾਉਣ ਦੇ ਮਕਸਦ ਨਾਲ ਵਿਦੇਸ਼ ਵਿੱਚ ਪ੍ਰਿਟਿੰਗ ਪ੍ਰੈਸ ਲਗਾਉਣ ਦਾ ਮਤਾ ਪਾਸ ਕਰਨ ਦੇ ਨਾਲ ਹੀ ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦਾ ਐਨ.ਡੀ.ਐਮ.ਸੀ. ਨਾਲ ਗੈਰ ਸੰਵਿਧਾਨਿਕ ਤਰੀਕੇ ਨਾਲ ਬਿਨ੍ਹਾਂ ਜਨਰਲ ਹਾਊਸ ਜਾਂ ਅੰਤ੍ਰਿੰਗ ਬੋਰਡ ਤੋਂ ਪਾਸ ਕਰਵਾਏ ਬਿਨ੍ਹਾਂ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ 25 ਸਾਲ ਬਾਅਦ ਐਨ.ਡੀ.ਐਮ.ਸੀ. ਨੂੰ ਪਾਰਕਿੰਗ ਦੇਣ ਦੇ ਕੀਤੇ ਗਏ ਕਰਾਰ ਨੂੰ ਵੀ ਸਰਬਸੰਮਤੀ ਨਾਲ ਖਾਰਜ ਕਰ ਦਿੱਤਾ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਨਟੇਨਰਾਂ ਰਾਹੀਂ ਪਾਵਨ ਸਰੂਪ ਵਿਦੇਸ਼ਾਂ ਵਿੱਚ ਭੇਜਣ ਦੋਰਾਨ ਮਰਿਆਦਾ ਭੰਗ ਹੋਣ ਦੀਆਂ ਸਾਹਮਣੇ ਆ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਦਿੱਲੀ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਤੱਕ ਸ਼ਬਦ ਗੁਰੂ ਮਰਿਆਦਾ ਸਹਿਤ ਪਹੁੰਚਾਉਣ ਦੇ ਮਕਸਦ ਨਾਲ ਅੰਤ੍ਰਿੰਗ ਬੋਰਡ ਵਿੱਚ ਵਿਦੇਸ਼ ਵਿੱਚ ਪ੍ਰਿੰਟਿੰਗ ਪ੍ਰੈਸ ਦਿੱਲੀ ਕਮੇਟੀ ਵੱਲੋਂ ਲਗਾਉਣ ਦਾ ਮਤਾ ਪੇਸ਼ ਕਰਦੇ ਹੋਏ ਮੋਜੂਦ ਮੈਂਬਰ ਸਾਹਿਬਾਨਾਂ ਤੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦੀ ਬੇਨਤੀ ਕੀਤੀ। ਅੰਤ੍ਰਿੰਗ ਬੋਰਡ ਦੇ ਵਿਸ਼ੇਸ਼ ਸੱਦੇ ਉਤੇ ਆਏ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਅਤੇ ਕੁਲਮੋਹਨ ਸਿੰਘ ਨੇ ਇਸ ਮਤੇ ਉਤੇ ਵਿਚਾਰ ਰੱਖੇ। ਜਥੇਦਾਰ ਹਿਤ ਨੇ ਦਿੱਲ ਦੀਆਂ ਗਹਿਰਾਈਆਂ ਨਾਲ ਇਸ ਮਤੇ ਦੀ ਪ੍ਰੋੜ੍ਹਤਾ ਕਰਦੇ ਹੋਏ ਇਸ ਸੰਵੇਦਨਸ਼ੀਲ ਮਸਲੇ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਤੇ ਮਰਿਆਦਾ ਨੂੰ ਵੀ ਕਾਇਮ ਰੱਖਣ ਦੀ ਵੀ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ। ਜਥੇਦਾਰ ਥਾਪਰ ਨੇ ਬਾਣੀ ਸ਼ੁੱਧ ਅਤੇ ਪੂਰੇ ਧਿਆਨ ਨਾਲ ਛਾਪਣ ਉਤੇ ਜ਼ੋਰ ਦਿੱਤਾ। ਰਾਮੂਵਾਲੀਆ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਇਸ ਕਾਰਜ ਨੂੰ ਕਰਨ ਉਤੇ ਵਧਾਈ ਦਿੰਦੇ ਹੋਏ ਮਤੇ ਦੀ ਪ੍ਰੋੜ੍ਹਤਾ ਕੀਤੀ। ਭੋਗਲ ਨੇ ਕਨਟੇਨਰਾਂ ਵਿੱਚ ਪਾਵਨ ਸਰੂਪਾਂ ਦੀ ਬੇਅਦਬੀ ਨੂੰ ਧਿਆਨ ਵਿੱਚ ਰੱਖਕੇ ਕੀਤੇ ਜਾ ਰਹੇ ਇਸ ਕਾਰਜ ਦੀ ਪ੍ਰਵਾਨਗੀ ਲਈ ਪੰਜ ਜੈਕਾਰੇ ਵੀ ਛੱਡੇ।
ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਦਿੱਲੀ ਦੇ ਸਮੂਹ ਗ੍ਰੰਥੀ ਸਿੰਘਾਂ ਦੇ ਹਵਾਲੇ ਤੋਂ ਇਸ ਫੈਸਲੇ ਉਤੇ ਮਾਣ ਮਹਿਸੂਸ ਕਰਦੇ ਹੋਏ ਜਥੇਦਾਰ ਸਾਹਿਬਾਨ ਦੀ ਪ੍ਰਵਾਨਗੀ ਲਈ ਜੈਕਾਰਾ ਵੀ ਛੱਡਿਆ।
ਗਿਆਨੀ ਗੁਰਬਚਨ ਸਿੰਘ ਨੇ ਵਿਦੇਸ਼ਾਂ ਵਿੱਚ ਪਾਵਨ ਸਰੂਪ ਛਾਪਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਵਿਖੇ ਲਗਾਈ ਜਾ ਰਹੀ ਪ੍ਰਿੰਟਿੰਗ ਪ੍ਰੈਸ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਦੇ ਨਾਲ ਸੜਕੀ ਮਾਰਗ ਨਾਲ ਜੁੜੇ ਦੇਸ਼ਾਂ ਨੂੰ ਛੱਡਕੇ ਕਿਸੇ ਹੋਰ ਦੇਸ਼ ਵਿੱਚ ਦਿੱਲੀ ਕਮੇਟੀ ਨੂੰ ਪ੍ਰੈਸ ਲਗਾਉਣ ਦੀ ਅਪੀਲ ਕੀਤੀ। ਅੰਤ੍ਰਿੰਗ ਬੋਰਡ ਤੋਂ ਇਸ ਮਤੇ ਨੂੰ ਮਿਲੀ ਪ੍ਰਵਾਨਗੀ ਉਤੇ ਬੋਲਦੇ ਹੋਏ ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਤੀ 9-5-1998 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਇਸ ਹੁਕਮਨਾਮੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਟਕੇ ਅਤੇ ਧਾਰਮਿਕ ਸਹਿਤ ਸਮਗਰੀ ਛਾਪਣ ਵਾਸਤੇ ਪੰਜ ਸਿੰਘ ਸਾਹਿਬਾਨਾਂ ਅਤੇ ਸ਼੍ਰੋਮਣੀ ਕਮੇਟੀ ਦੀ ਮਨਜੂਰੀ ਅਤਿ ਜ਼ਰੂਰੀ ਹੈ। ਇਸ ਲਈ ਦਿੱਲੀ ਕਮੇਟੀ ਵੱਲੋਂ ਪਾਸ ਕੀਤੇ ਗਏ ਉਕਤ ਮਤੇ ਨੂੰ ਪ੍ਰਵਾਨਗੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਭੇਜਿਆ ਜਾਵੇ।
ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦਾ ਸਰਨਾ ਵੱਲੋਂ ਐਨ.ਡੀ.ਐਮ.ਸੀ. ਨਾਲ ਕੀਤੇ ਗਏ ਕਰਾਰ ਨੂੰ ਹਿਤ ਨੇ ਮੰਦਭਾਗਾ ਤੇ ਨਿੰਦਾਯੋਗ ਦਸਦੇ ਹੋਏ ਸਰਨਾ ਵੱਲੋਂ ਪੰਥ ਨਾਲ ਕਮਾਇਆ ਗਿਆ ਵੱਡਾ ਪਾਪ ਵੀ ਦੱਸਿਆ। ਕਾਰਪਾਰਕਿੰਗ ਦੇ ਕਰਾਰ ਨੂੰ ਅੰਤ੍ਰਿੰਗ ਬੋਰਡ ਵੱਲੋਂ ਖਾਰਜ ਕਰਨ ਦਾ ਵੀ ਮਤਾ ਹਿਤ ਵੱਲੋਂ ਰੱਖਿਆ ਗਿਆ ਜਿਸ ਦੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੋੜ੍ਹਤਾ ਕਰਦੇ ਹੋਏ ਕਿਸੇ ਵੀ ਕੀਮਤ ਤੇ ਪਾਰਕਿੰਗ ਐਨ.ਡੀ.ਐਮ.ਸੀ. ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਪਾਰਕਿੰਗ ਨੂੰ ਕੋਮ ਦੀ ਬੇਸ਼ਕੀਮਤੀ ਜਾਇਦਾਦ ਦੱਸਦੇ ਹੋਏ ਸਿਰਸਾ ਨੇ ਜਨਰਲ ਹਾਊਸ ਜਾਂ ਅੰਤ੍ਰਿੰਗ ਬੋਰਡ ਵਿੱਚੋਂ ਸਾਬਕਾ ਪ੍ਰਧਾਨ ਸਰਨਾ ਵੱਲੋਂ ਕੋਈ ਮਨਜੂਰੀ ਇਸ ਕਰਾਰ ਬਾਰੇ ਨਾ ਲੈਣ ਦਾ ਵੀ ਦੋਸ਼ ਲਗਾਇਆ। ਜੈਕਾਰਿਆਂ ਦੀ ਗੂੰਜ ਵਿੱਚ ਹਿਤ ਦੇ ਇਸ ਮਤੇ ਨੂੰ ਵੀ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਵੱਲੋਂ ਪ੍ਰਵਾਨ ਕਰ ਲਿਆ ਗਿਆ।
ਇਸ ਮੋਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਤਨਵੰਤ ਸਿੰਘ, ਜਾਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਅੰਤ੍ਰਿੰਗ ਬੋਰਡ ਦੇ ਮੈਂਬਰ ਅਮਰਜੀਤ ਸਿੰਘ ਪੱਪੂ, ਚਮਨ ਸਿੰਘ, ਦਲਜੀਤ ਕੋਰ ਖਾਲਸਾ, ਹਰਵਿੰਦਰ ਸਿੰਘ ਕੇ.ਪੀ. ਇੰਦਰਜੀਤ ਸਿੰਘ ਮੋਂਟੀ, ਕੈਪਟਨ ਇੰਦਰਪ੍ਰੀਤ ਸਿੰਘ, ਜਸਬੀਰ ਸਿੰਘ ਜੱਸੀ, ਕੁਲਵੰਤ ਸਿੰਘ ਬਾਠ ਤੇ ਹੈਡ ਗ੍ਰੰਥੀ ਸਾਹਿਬਾਨ ਮੋਜੂਦ ਸਨ।