ਜਿਲ੍ਹੇ ਵਿਚੋਂ ਜਨਤਕ ਥਾਵਾਂ ਤੋਂ ਵਾਇਰਸ ਖਤਮ ਕਰਨ ਲਈ ਮੁਹਿੰਮ ਸ਼ੁਰੂ
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਜਿਲ੍ਹੇ ਦੀਆਂ ਜਨਤਕ ਥਾਵਾਂ ਨੂੰ ਵਾਇਰਸ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਤੇ ਦਵਾਈ ਦੀ ਸਪਰੇਅ ਕੀਤੀ ਜਾ ਰਹੀ ਹੈ।ਲੋਕਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕਰਨ ਲਈ ਕਰਮਚਾਰੀਆਂ ਦੀਆਂ ਵਿਸ਼ੇਸ਼ ਟੀਮਾਂ ਬਣਾ ਕੇ ਘਰ-ਘਰ ਪਹੁੰਚ ਕੀਤੀ ਜਾ ਰਹੀ ਹੈ।ਜਿਸ ਵਿਚ ਲੋਕਾਂ ਨੂੰ ਵਾਇਰਸ ਦੇ ਲੱਛਣਾਂ ਅਤੇ ਇਸ ਦੇ ਫੈਲਣ ਦੇ ਕਾਰਨ ਬਾਬਤ ਸਮਝਾ ਕੇ ਵਿਦੇਸ਼ ਤੋਂ ਆਏ ਵਿਅਕਤੀਆਂ ਬਾਰੇ ਪੁੱਛ-ਪੜਤਾਲ ਵੀ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਨੇ ਇਸ ਮੁਹਿੰਮ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਸ਼ਹਿਰੀ ਖੇਤਰ ਵਿਚ ਜੁਇੰਟ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਜਿਲ੍ਹੇ ਦੇ ਕਸਬਿਆਂ ਲਈ ਡਿਪਟੀ ਡਾਇਰੈਕਟਰ ਰਜ਼ਤ ਉਬਰਾਏ ਅਤੇ ਪਿੰਡਾਂ ਲਈ ਜਿਲ੍ਹਾ ਮਾਲ ਅਫਸਰ ਤੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਨੋਡਲ ਅਫਸਰ ਵਜੋਂ ਨਾਮਜ਼ਦ ਕੀਤਾ ਹੈ।
ਜਾਰੀ ਕੀਤੇ ਹੁਕਮਾਂ ਵਿਚ ਉਨਾਂ ਸਪੱਸ਼ਟ ਕੀਤਾ ਕਿ ਭਾਵੇਂ ਉਕਤ ਅਧਿਕਾਰੀਆਂ ਦੀ ਡਿਊਟੀ ਇਸ ਕੰਮ ਵਿਚ ਨੋਡਲ ਅਫਸਰ ਵਜੋਂ ਲਗਾਈ ਗਈ ਹੈ।ਪਰ ਉਹ ਇਸ ਕੰਮ ਲਈ ਕਿਸੇ ਵੀ ਵਿਭਾਗ ਕੋਲੋਂ ਆਪਣੀ ਲੋੜ ਅਨੁਸਾਰ ਕਰਮਚਾਰੀ ਅਤੇ ਸਾਧਨ ਲੈ ਸਕਦੇ ਹਨ।ਉਨਾਂ ਮੁਲਾਜ਼ਮਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੇਸ਼ ਉਤੇ ਆਏ ਸੰਕਟ ਮੌਕੇ ਆਪਣੀਆਂ ਸੇਵਾਵਾਂ ਤੋਂ ਭੱਜਣ ਨਾ, ਬਲਕਿ ਅੱਗੇ ਹੋ ਕੇ ਕੰਮ ਕਰਨ ਤਾਂ ਜੋ ਜਿਲ੍ਹੇ ਨੂੰ ਵਾਇਰਸ ਤੋਂ ਮੁਕਤ ਕਰਕੇ ਆਪਣੀ ਤੇ ਆਪਣੇ ਲੋਕਾਂ ਦੀ ਮਦਦ ਕੀਤੀ ਜਾ ਸਕੇ।ਉਨਾਂ ਕਿਹਾ ਕਿ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਮੁਹਿੰਮ ਦੌਰਾਨ ਕੰਮ ਤੋਂ ਭੱਜੇਗਾ ਉਸ ਵਿਰੁੱਧ ਨਿਯਮਾਂ ਅਨੁਸਾਰ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …