ਗੱਲੀਂ ਬਾਤੀਂ ਕਰਾਂਤੀ ਹੈ ਲਿਆ ਦਿੰਦਾ,
ਜੋ ਡੱਕਾ ਭੰਨ ਕੇ ਕਦੇ ਨਾ ਕਰੇ ਦੂਹਰਾ।
ਨਸੀਹਤਾਂ ਵੱਡੀਆਂ ਦਿੰਦਾ ਹੈ ਓਹ ਬੰਦਾ,
ਚਾਰੇ ਕੰਨੀਆਂ ਤੋਂ ਹੁੰਦੈ ਜੋ ਅਧੂਰਾ।
ਨਾ ਮੇਰੇ ਵਰਗੇ ਦੀ ਘਰੇ ਕੋਈ ਪੁੱਛ ਹੁੰਦੀ,
ਵਿੱਚ ਸੱਥ ਦੇ ਬਣ ਜਾਂਦਾ ਹੈ ਐ ਸੂਰਾ।
ਦੱਦਾਹੂਰੀਆ ਕਰੀਂ ਤੂੰ ਗੱਲ ਪਿਛੋਂ,
ਪਹਿਲਾਂ ਬੰਦਾ ਤਾਂ ਬਣ ਵਿਖਾ ਪੂਰਾ?
ਦੋਸਤੀ ਦੇ ਮਾਅਨੇ ਨੇ ਬਹੁਤ ਉਚੇ,
ਕੋਈ ਕੋਈ ਹੀ ਇਹਨੂੰ ਨਿਭਾਅ ਸਕਦਾ।
ਬਹੁਤੇ ਛੱਡਦੇ ਅੱਧ ਵਿਚਕਾਰ ਵੇਖੇ,
ਬੋਲ ਲੱਗੀਆਂ ਦੇ ਕੋਈ ਪੁਗਾ ਸਕਦਾ।
ਅੱਜਕਲ੍ਹ ਤਾਂ ਗਰਜ਼ ਲਈ ਲਾਉਣ ਯਾਰੀ,
ਬਿਨਾਂ ਗਰਜ਼ ਤੋਂ ਕੋਈ ਹੀ ਲਾ ਸਕਦਾ।
ਦੱਦਾਹੂਰੀਆ ਕ੍ਰਿਸ਼ਨ ਸੁਦਾਮੇ ਵਾਂਗੂੰ,
ਸੱਚੀ ਯਾਰੀ ਤਾਂ ਕੋਈ ਹੀ ਪਾ ਸਕਦਾ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿ।
ਮੋ – 95691 49556