ਤਾਲਾਬੰਦੀ ਦੌਰਾਨ ਅਧਿਆਪਕ ਆਪਣੇ ਵਿਸ਼ੇ ਦਾ ਕੰਮ ਵਿਦਿਆਰਥੀਆਂ ਨੂੰ ਆਨਲਾਈਨ ਭੇਜ ਰਿਹਾ ਸੀ। ਅਧਿਆਪਕ ਨੂੰ ਦੋ ਚਾਰ ਬੱਚਿਆਂ ਦੇ ਫੋਨ ਆਏ “ਸਰ ਜੀ, ਸਤਿ ਸ੍ਰੀ ਆਕਾਲ ਜੀ, ਸਰ ਜੀ ਤੁਹਾਡੇ ਵਲੋਂ ਭੇਜਿਆ ਹੋਇਆ ਕੰਮ ਸਹੀ ਤਰ੍ਹਾਂ ਪੜ੍ਹਿਆ ਨਹੀਂ ਜਾ ਰਿਹਾ ਜੀ।ਸਰ ਜੀ, ਸਾਡੇ ਫੋਨ ਦੀ ਸਕਰੀਨ `ਤੇ ਝਰੀਟਾਂ ਪਈਆਂ ਹੋਣ ਕਰਕੇ ਤੁਹਾਡੇ ਵੱਲੋੋਂ ਭੇਜਿਆ ਕੰਮ ਧੁੰਦਲਾ-ਧੁੰਦਲਾ ਨਜ਼ਰ ਆਉਂਦਾ।”ਅਧਿਆਪਕ ਦੇ ਮੂੰਹੋਂ ਸਹਿਜ਼ ਸੁਭਾਅ ਨਿਕਲ ਗਿਆ ਕਿ ਪੁੱਤਰ ਜੀ, ਫੋਨ ਨਵਾਂ ਲੈ ਲਓ—।
ਇਹ ਬੋਲ ਸ੍ਰੀਮਤੀ ਜੀ ਦੇ ਵੀ ਕੰਨੀ ਪੈਂਦਿਆਂ ਉਹ ਇਕਦਮ ਹਵਾਈ ਵਾਂਗ ਰਫ਼ਤਾਰ ਫੜ੍ਹਦਿਆਂ ਬੋਲੀ, “ਬੋਲਣ ਲੱਗਿਆਂ ਕੁੱਝ ਸੋਚ ਲਿਆ ਕਰੋ, ਬਾਜ਼ਾਰ ਬੰਦ, ਦੁਕਾਨਾਂ ਬੰਦ, ਕੰਮਕਾਰ ਬੰਦ ਲੋਕਾਂ ਨੂੰ ਰੋਟੀ ਦਾ ਫਿਕਰ ਆ, ਅਖੇ ਨਵਾਂ ਫੋਨ ਲਓ—।” ਉਹ ਲਗਾਤਾਰ ਬੋਲੀ ਜਾ ਰਹੀ ਸੀ।
ਅਧਿਆਪਕ ਆਪਣੇ ਕੰਨ ਨਾਲੋਂ ਫੋਨ ਹਟਾਉਂਦਿਆਂ ਸ੍ਰੀਮਤੀ ਦੇ ਸੱਚੇ ਸ਼ਬਦ ਬਾਣ ਸੁਣਦਿਆਂ-ਸੁਣਦਿਆਂ ਗਹਿਰੀਆਂ ਸੋਚਾਂ ਵਿੱਚ ਡੁੱਬ ਗਿਆ।ਜਿਵੇਂ ਉਸ ਨੂੰ ਇਸ ਬੱਚੇ ਦਾ ਭਵਿੱਖ ਵੀ ਫੋਨ ਦੀ ਸਕਰੀਨ `ਤੇ ਪਈਆਂ ਝਰੀਟਾਂ ਵਾਂਗ ਧੁੰਦਲਾ ਨਜ਼ਰ ਆਉਣ ਲੱਗ ਪਿਆ ਹੋਵੇ।ਕੁੱਝ ਮਿੰਟਾਂ ਬਾਅਦ ਅਧਿਆਪਕ ਨੇ ਭਾਵੁਕ ਹੁੰਦਿਆਂ ਵਿਦਿਆਰਥੀ ਨੂੰ ਬੈਕ ਕਾਲ ਕਰਦਿਆਂ ਕਿਹਾ “ਕੋਈ ਨਹੀਂ ਪੁੱਤਰ ਜੀ!ਫੋਨ ਦਾ ਪ੍ਰਬੰਧ ਵੀ ਕਰਕੇ ਦੇਵਾਂਗਾ।ਪਰ ਤੇਰੇ ਭਵਿੱਖ ਨੂੰ ਧੁੰਦਲਾ ਨਹੀਂ ਹੋਣ ਦੇਵਾਂਗਾ –।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677