Monday, April 28, 2025

ਕਹਿਰ ਕੋਰੋਨਾ ਦਾ……

ਕੀ ਕਹਿਰ ਗੁਜ਼ਰ ਚੱਲੇ, ਖੜ੍ਹਗੇ ਬੱਸ-ਜਹਾਜ਼ ਤੇ ਰੇਲਾਂ
ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ।

ਧੂਹ ਪਾਈ ਕੋਰੋਨਾਂ ਨੇ, ਤਪਦੇ ਚੁੱਲ੍ਹੇ ਕਰਤੇ ਠੰਡੇ
ਲੋਕ ਘਰਾਂ ‘ਚ ਤੜ ਚੱਲੇ, ਨਾਲੇ ਚੌਪਟ ਹੋਗੇ ਧੰਦੇ
ਹੁਣ ਨਜ਼ਰੀਂ ਆਵਣ ਨਾਂ, ਜਿਹੜੇ ਕੀਲਣ ਭੂਤ-ਚੁੜੇਲਾਂ
ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ।

ਮਹਾਂਮਾਰੀ ਬਿਮਾਰੀ ਨੇ ਸਾਰੇ ਮੁਲਕਾਂ ਨੂੰ ਫਿਕਰੀਂ ਪਾਇਆ
ਹੱਲਾ-ਗੁੱਲਾ ਮੱਚ ਗਿਆ ਇਹਦਾ ਭੇਦ ਕਿਸੇ ਨਾਂ ਆਇਆ
ਡੁੱਬਦਿਆਂ ਨੂੰ ਤਾਰੋ ਜੀ, ਕਿਧਰੇ ਪੈ ਨਾਂ ਜਾਵਣ ਵੇਹਲਾਂ
ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ।

ਡਾਕਟਰ-ਵਿਗਿਆਨੀਆਂ ਨੇ ਜ਼ੋਰ ਹਨ ਅੱਡੀ-ਚੋਟੀ ਦੇ ਲਾਏ
ਜਿਹੜਾ ਕੋਰੋਨਾ ਭੇਟ ਚੜ੍ਹੇ, ਨਾਂ ਉਹਨੂੰ ਸਕੇ ਪਛਾਨਣ ਆਏ
ਸੀਨੇ ਵਿੱਚ ਸੱਲ੍ਹ ਪੈਂਦੇ, ਦਾਤਿਆ ਵੱਜਣ ਜਿਵੇਂ ਗੁਲੇਲਾਂ
ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ।

ਪਸ਼ੂ-ਪੰਛੀ ਆਜ਼ਾਦ ਹੋਏ, ਅਸਾਂ ਨੇ ਕੀਤੀਆਂ ਦੇ ਫ਼ਲ ਪਾਏ
ਧੀਆਂ ਕੁੱਖਾਂ ‘ਚ ਮਾਰਤੀਆਂ, ਪੁੱਤਾਂ ਨੇ ਚਿੱਟੇ ਦੇ ਸੂਟੇ ਲਾਏ
ਅਸੀਂ ਬਾਣੀਂ ਭੁੱਲ ਚੱਲੇ ਸਾਨੂੰ ਪੱਟਿਆ ਅਤਰ-ਫਲੇਲਾਂ
ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ।

ਸਾਧੂ ਸੋਚੀਂ ਡੁੱਬ ਚੱਲਿਆ, ਲੰਗੇਆਣੇ ਕਰਦਾ ਏ ਅਰਜ਼ੋਈਆਂ
ਤੇਰੀ ਰੰਗਲੀ ਦੁਨੀਆਂ ਤੋਂ, ਬਾਬਾ ਜੀ ਜਾਂਦੀਆਂ ਜ਼ਿੰਦਾਂ ਮੋਈਆਂ
ਕੁਦਰਤ ਦੇ ਨਿਯਮਾਂ ਨੂੰ, ਅਸਾਂ ਨੇ ਸਮਝ ਲਿਆ ਸੀ ਖੇਲਾਂ
ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ।

ਕੀ ਕਹਿਰ ਗੁਜ਼ਰ ਚੱਲੇ, ਖੜ੍ਹਗੇ ਬੱਸ-ਜਹਾਜ਼ ਤੇ ਰੇਲਾਂ
ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ
ਸਾਡੇ ਘਰ ਵੀ ਬਣਗੇ ਜੇਲ੍ਹਾਂ।

Sadhu Ram Langiana

ਡਾ. ਸਾਧੂ ਰਾਮ ਲੰਗੇਆਣਾ
ਪਿੰਡ- ਲੰਗੇਆਣਾ ਕਲਾਂ (ਮੋਗਾ)
ਮੋ – 98781-17285

Check Also

ਵਿਧਾਇਕ ਨਿੱਜ਼ਰ ਨੇ ਅਸਿਸਟੈਂਟ ਫੂਡ ਕਮਿਸ਼ਨਰ ਨੂੰ ਕੀਤੀ ਤਾੜਨਾ

ਮੇਰੇ ਹਲਕੇ ‘ਚ ਮਿਲਾਵਟੀ ਸਮਾਨ ਵੇਚਣ ਵਾਲਿਆਂ ਵਿਰੁੱਧ ਕਰੋ ਸਖਤ ਕਾਰਵਾਈ ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ …