ਜੂਝ ਰਹੇ ਨੇ ਜੰਗਜ਼ੂ ਜਿੱਤ ਵੀ ਪਾ ਲੈਣੀ,
ਕਰੋਨਾ ਦੀ ਬੀਮਾਰੀ ਰਲ਼ ਕੇ ਢਾਅ ਲੈਣੀ,
ਬੰਦੇ ਖਾਣੇ ਦੈਂਤ ਦੀ ਧੌਣ ਮਰੋੜੇਗੀ
ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ।
ਹਰ ਇੱਕ ਕਿਰਤੀ ਕਾਮਾ ਕੰਮ ‘ਤੇ ਜਾਏਗਾ,
ਭੁੱਖੇ ਬੱਚਿਆਂ ਦਾ ਉਹ ਢਿੱਡ ਰਜ਼ਾਏਗਾ,
ਖਾਲ਼ੀ ਭਾਂਡਿਆਂ ਦੇ ਵਿੱਚ ਬਰਕਤ ਬਹੁੜੇਗੀ
ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ।
ਸਕੂਲ ਤੇ ਦਫਤਰ ਖੁੱਲ੍ਹਣਗੇ,
ਸਭ ਬੰਦ ਪਏ ਵਾਹਨ ਚੱਲਣਗੇ,
ਸੜਕਾਂ ਉਤੇ ਪਿਆ ਸੰਨ੍ਹਾਟਾ ਤੋੜੇਗੀ
ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ।
ਔਖੇ ਵੇਲ਼ੇ ਜਿਹਨਾਂ ਨੇ ਵਿੱਥਾਂ ਪਾ ਲਈਆਂ
ਮਾਨਵਤਾ ਤੋਂ ਦੂਰੀਆਂ ਬਹੁਤ ਵਧਾ ਲਈਆਂ
ਕੁਦਰਤ ਉਹਨਾਂ ਟੁੱਟਿਆਂ ਨੂੰ ਵੀ ਜੋੜੇਗੀ
ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ।
`ਰੰਗੀਲਪੁਰੇ` ਜਿਨ੍ਹਾਂ ਜ਼ੰਗ `ਚ ਹਿੱਸਾ ਪਾਇਆ ਏ,
ਦਾਅ ‘ਤੇ ਲਾ ਕੇ ਜਾਨਾਂ ਫਰਜ਼ ਨਿਭਾਇਆ ਏ,
ਸੀਸ ਝੁਕਾ ਕੇ ਦੁਨੀਆਂ ਵੀ ਹੱਥ ਜੋੜੇਗੀ
ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ।
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 98552 07071