ਘਰ ਵਿੱਚ ਰਹਿ ਰਹਿ ਅੱਕ ਗਏ ਆਂ
ਵਿਹਲੇ ਬਹਿ ਬਹਿ ਥੱਕ ਗਏ ਆਂ,
ਇਕ ਦੂਜੇ ਵੱਲ ਘੂਰੀਆਂ ਵੱਟਣ,
ਫੋਕੀ ਪੀ ਪੀ ਚਾਹ ਕਰੋਨਾ
ਜਾਹ ਏਥੋਂ ਹੁਣ ਜਾਹ ਕਰੋਨਾ—–
ਧੋ ਧੋ ਕੇ ਹੱਥ ਚਮੜੀ ਲਹਿ ਗਈ
ਚਿਹਰੇ ’ਤੇ ਨਾ ਰੌਣਕ ਰਹਿ ਗਈ
ਮਾਸਕ ਦੇ ਸੰਗ ਯਾਰੀ ਪੈ ਗਈ
ਇਹ ਕੀ ਪਾਇਆ ਫਾਹ ਕਰੋਨਾ
ਜਾਹ ਏਥੋਂ ਹੁਣ ਜਾਹ ਕਰੋਨਾ—–
ਨਾ ਹੀ ਵਾਂਡੇ ਜਾ ਸਕਦੇ ਹਾਂ
ਨਾ ਹੀ ਯਾਰ ਬੁਲਾ ਸਕਦੇ ਹਾਂ
ਖਾਣ ਪੀਣ ਦੀ ਗੱਲ ਵੀ ਮੁੱਕੀ
ਰੌਣਕ ਮੋੜ ਲਿਆ ਕਰੋਨਾ
ਜਾਹ ਏਥੋਂ ਹੁਣ ਜਾਹ ਕਰੋਨਾ—–
ਹੱਥ ਮਿਲਾਇਆ ਜਾ ਨਹੀਂ ਸਕਦਾ
ਜੱਫਾ ਪਾਇਆ ਜਾ ਨਹੀਂ ਸਕਦਾ,
ਦੂਰੋਂ ਫਤਿਹ ਬੁਲਾਉਣੀ ਪੈਂਦੀ
ਮਿਲਦੇ ਸਾਂ ਧਾਅ ਧਾਅ ਕਰੋਨਾ
ਜਾਹ ਏਥੋਂ ਹੁਣ ਜਾਹ ਕਰੋਨਾ—–
ਸੜਕਾਂ `ਤੇ ਬੱਸਾਂ ਨਾ ਭੱਜਣ
ਨਾ ਹੁਣ ਰੰਗਲੇ ਮੇਲੇ ਲੱਗਣ
ਮੈਰਿਜ਼ ਪੈਲੇਸੀਂ ਉਲੂ ਬੋਲਣ
ਹੋਵੇ ਨਾ ਠਾਹ ਠਾਹ ਕਰੋਨਾ
ਜਾਹ ਏਥੋਂ ਹੁਣ ਜਾ ਕਰੋਨਾ—–
ਪਸਨਾਵਾਲੀਆ ਅਰਜ਼ ਗੁਜ਼ਾਰੇ
ਪਰਗਟ ਹੋ ਐ ਯਮ ਹਤਿਆਰੇ
ਦਿਸਦਾ ਨਹੀਂ ਤੂੰ ਰੱਬ ਦੇ ਵਾਂਗਰ
ਨਹੀਂ ‘ਤੇ ਲਈਏ ਢਾਹ ਕਰੋਨਾ
ਜਾਹ ਏਥੋਂ ਹੁਣ ਜਾਹ ਕਰੋਨਾ।
ਸੁੱਚਾ ਸਿੰਘ ਪਸਨਾਵਾਲ
ਮੋ – 99150 33740