ਨਵੀਂ ਦਿੱਲੀ, 10 ਅਕਤੂਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕ. ਨੇ ਆਪਣੀ ਕੈਨੇਡਾ ਫੇਰੀ ਦੌਰਾਨ ਉਥੇ ਦੇ ਸਿੱਖਾਂ ਵੱਲੋਂ ਰੱਖੇ ਗਏ ਵੱਖ-ਵੱਖ ਸਨਮਾਨ ਸਮਾਗਮਾਂ ਵਿਚ ਹਿੱਸਾ ਲੈਣ ਦੌਰਾਨ ਜਿੱਥੇ ਪੰਥ ਦੀ ਚੜ੍ਹਦੀ ਕਲਾ ਲਈ ਸਮੁੂਹ ਪੰਥ ਦਰਦੀਆਂ ਨੂੰ ਆਪਸ ਵਿਚ ਲੱਤਾ ਖਿਚੱਣੀਆਂ ਬੰਦ ਕਰਨ ਦੀ ਅਪੀਲ ਕੀਤੀ ਉਥੇ ਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਆਪਣੇ ਸਬੰਧਾ ਨੂੰ ਜਨਤਕ ਕਰਦੇ ਹੋਏ ਵੱਖਵਾਦੀਆਂ ਤੋਂ ਆਪਣੇ ਪੰਥ ਦਰਦੀ ਹੋਣ ਦਾ ਸਰਟੀਫਿਕੇਟ ਨਾ ਲੈਣ ਦੀ ਵੀ ਗੱਲ ਆਖੀ।
ਕਾਮਾ ਗਾਟਾ ਮਾਰੂ ਮੈਮੋਰੀਅਲ ਜੋ ਕਿ 1914 ਵਿਖੇ ਭਾਰਤ ਤੋਂ ਕੈਨੇਡਾ ਗਏ 376 ਲੋਕਾਂ ਵੱਲੋਂ ਕੈਨੇਡਾ ਦੀ ਧਰਤੀ ਤੇ ਦਾਖਲ ਹੋਣ ਵਾਸਤੇ ਨਸਲਵਾਦੀ ਕਾਨੂੰਨਾਂ ਦਾ ਵਿਰੋਧ ਕਰਕੇ ਕੈਨੇਡਾ ਸਰਕਾਰ ਨੂੰ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਬਦਲਾਅ ਲਿਆਉਣ ਲਈ ਮਜਬੂਰ ਕਰਨ ਵਾਲੇ ਸੰਘਰਸ਼ ਦਾ ਪ੍ਰਤੀਕ ਸਥਾਨ ਤੇ ਵੀ ਜੀ. ਕੇ ਨੇ ਚੱਲ ਰਹੇ ਸ਼ਤਾਬਦੀ ਸਮਾਗਮਾ ਦੌਰਾਨ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਉਨ੍ਹਾਂ ਦੇ ਧਰਮ ਸੁਪਤਨੀ ਰਵੀਨ ਕੌਰ ਅਤੇ ਪੁੱਤਰ ਇਸ਼ਮੋਹਨ ਸਿੰਘ ਵੀ ਨਾਲ ਸਨ।
ਖਾਲਸਾ ਨੇਸ਼ਨ ਵੱਲੋਂ 1984 ਸਿੱਖ ਕਤਲੇਆਮ ਦੀ ਯਾਦ ਵਿੱਚ ਲਗਾਏ ਗਏ ਬਲਡ ਡੋਨੇਸ਼ਨ ਕੈਂਪ ਦੌਰਾਨ ਹਾਜਰੀ ਭਰਦੇ ਹੋਏ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਵਚਨਬੱਧਤਾ ਵੀ ਦੋਹਰਾਈ। ਇਕ ਹੋਰ ਸਮਾਗਮ ਦੌਰਾਨ ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾਂ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਕਮੇਟੀ ਵੱਲੋਂ ਬਣਾਈ ਜਾ ਰਹੀ ਯਾਦਗਾਰ ਦਾ ਹਵਾਲਾ ਦਿੰਦੇ ਹੋਏ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 1984 ਸਿੱਖ ਕਤਲੇਆਮ ਦੀ ਯਾਦਗਾਰ ਦਾ ਨੀਂਹ ਪੱਥਰ ਭਾਜਪਾ ਆਗੂ ਰਾਜਨਾਥ ਸਿੰਘ ਅਤੇ ਸੁਸ਼ਮਾ ਸਵਰਾਜ ਵੱਲੋਂ ਰੱਖਣ ਦੀ ਕੀਤੀ ਜਾ ਰਹੀ ਹੁਲੜਬਾਜ਼ੀ ਨੂੰ ਵੀ ਗਲਤ ਠਹਿਰਾਇਆ।ਉਨ੍ਹਾਂ ਦਾਅਵਾ ਕੀਤਾ ਕਿ ਯਾਦਗਾਰ ਦਾ ਨੀਂਹ ਪੱਥਰ ਪੰਜ ਸਿੰਘ ਸਾਹਿਬਾਨਾ ਵੱਲੋਂ ਰੱਖਿਆ ਗਿਆ ਸੀ ਤੇ ਦਿੱਲੀ ਕਮੇਟੀ ਨੇ ਆਪਣੀ ਹੋਂਦ ਨੂੰ ਦਾਵ ਤੇ ਲਗਾ ਕੇ ਯਾਦਗਾਰ ਦਾ ਨੀਂਹ ਪੱਥਰ ਕਾਂਗਰਸ ਸਰਕਾਰ ਅਤੇ ਸਾਬਕਾ ਦਿੱਲੀ ਕਮੇਟੀ ਪ੍ਰਧਾਨ ਵੱਲੋਂ ਕੋਰਟ ਵਿੱਚ ਅੜਿਕੇ ਖੜ੍ਹੇ ਕਰਨ ਦੇ ਬਾਵਜੂਦ ਰੱਖਿਆ ਸੀ।
ਉਨ੍ਹਾਂ ਖੂਲਾਸਾ ਕੀਤਾ ਕਿ ਉਸ ਵੇਲ੍ਹੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਦਿੱਲੀ ਕਮੇਟੀ ਤੇ ਵੱਖਵਾਦੀ ਸੋਚ ਨੂੰ ਉਭਾਰਣ ਦਾ ਦੋਸ਼ ਲਗਾਕੇ ਕਮੇਟੀ ਨੂੰ ਪ੍ਰਬੰਧ ਤੋਂ ਹਟਾਉਣ ਦੀ ਵੀ ਵਿਓਂਤਬੰਦੀ ਅੰਦਰ ਖਾਤੇ ਕੀਤੀ ਜਾ ਚੁੱਕੀ ਸੀ, ਪਰ 12 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਸੇਵਾ ਨੂੰ ਅਸੀ 2 ਮਹੀਨੇ ਦੌਰਾਨ ਹੀ ਦਾਵ ਤੇ ਲਗਾਕੇ ਸੰਗਤਾਂ ਪ੍ਰਤਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਭਰੋਸੇ ਨੂੰ ਨਿਭਾਇਆ ਸੀ।ਆਪਣੀ ਸਮਰਥਾ ਤੋਂ ਵਧੱਕੇ ਕੌਮ ਪ੍ਰਤਿ ਫਰਜ਼ ਨਿਭਾੳਣ ਦਾ ਭਰੋਸਾ ਦਿੰਦੇ ਹੋਏ ਜੀ.ਕੇ ਨੇ ਇਕ ਹੋਰ ਖੁਲਾਸਾ ਕੀਤਾ ਕਿ ਜਿਥੇ ਸੰਤ ਭਿੰਡਰਾਵਾਲਿਆਂ ਨਾਲ ਡੁੰਗੀ ਮਿਤਰਤਾ ਸੀ ਪਰ ਉਥੇ ਹੀ ਜੂਨ 1984 ਵਿੱਚ ਫੌਜਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਕੀਤੇ ਗਏ ਹਮਲੇ ਦੌਰਾਨ ਸੰਤ ਜੀ ਦੀ ਅਡੋਲਤਾ ਨੂੰ ਕਾਇਮ ਰੱਖਣ ਦੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਕਾਲ ਪੁਰਖ ਅੱਗੇ ਅਰਦਾਸ ਵੀ ਉਨ੍ਹਾਂ ਕੀਤੀ ਸੀ।ਸੰਤ ਜੀ ਅਤੇ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਮੈ ਮਰਾਂ ਪੰਥ ਜੀਵੇ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਪਾਏ ਗਏ ਯੋਗਦਾਨ ਨੂੰ ਆਪਣੇ ਲਈ ਵੱਡੀ ਪ੍ਰੇਰਣਾ ਵੀ ਜੀ.ਕੇ. ਨੇ ਦੱਸਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …