Friday, March 28, 2025

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਨਿੱਤਰੇ ਦਿੱਲੀ ਦੇ ਅਕਾਲੀ ਆਗੂ

ਹਰਿਆਣਾ ਵਿੱਚ ਬਣੇਗੀ ਇਨੈਲੋ-ਅਕਾਲੀ ਸਰਕਾਰ – ਜੀ. ਕੇ

PPN11101408
ਨਵੀਂ ਦਿੱਲੀ, 11 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਹਰਿਆਣਾ ਵਿਧਾਨਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਲੋਕਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਹਰਿਆਣਾ ਦੇ ਵੱਖ-ਵੱਖ ਹਲਕਿਆਂ ਵਿੱਚ ਮੋਰਚੇ ਸੰਭਾਲ ਲਏ ਹਨ। ਅਕਾਲੀ ਦਲ ਦੇ ਚੋਣ ਨਿਸ਼ਾਨ ਤਕੜੀ ਤੇ ਚੋਣ ਲੜ ਰਹੇ ਅੰਬਾਲਾ ਅਤੇ ਕਾਲਾਂਵਾਲੀ ਹਲਕੇ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਆਗੂਆਂ ਨੇ ਦਲ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਪੂਰੀ ਤਾਕਤ ਲਗਾਉਣ ਦਾ ਦਾਅਵਾ ਕੀਤਾ ਹੈ।
ਸਿਰਸਾ ਜ਼ਿਲੇ ਦੇ ਪ੍ਰਭਾਰੀ ਵਜੋ ਪ੍ਰਚਾਰ ਕਰ ਰਹੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਿਰਸਾ ਜ਼ਿਲੇ ਦੀਆਂ ਸਾਰੀਆਂ ਸੀਟਾਂ ਇਨੈਲੋ ਉਮੀਦਵਾਰਾਂ ਵੱਲੋਂ ਜਿੱਤਣ ਦਾ ਦਾਅਵਾ ਕਰਨ ਦੇ ਨਾਲ ਹੀ ਕਾਲਾਂਵਾਲੀ ਸੀਟ ਤੇ ਅਕਾਲੀ ਉਮੀਦਵਾਰ ਵੱਲੋਂ ਬਾਕੀ ਸਿਆਸੀ ਧਿਰਾਂ ਦੇ ਉਮੀਦਵਾਰ ਦੀ ਜ਼ਮਾਨਤਾ ਜਬਤ ਕਰਵਾਉਣ ਦੀ ਵੀ ਗੱਲ ਆਖੀ।ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਤੇ ਵਿਧਾਇਕ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਗੁਰਮੀਤ ਸਿੰਘ ਮੀਤਾ, ਸਮਰਦੀਪ ਸਿੰਘ ਸੰਨੀ, ਸਤਪਾਲ ਸਿੰਘ ਅੰਬਾਲਾ ਹਲਕੇ ਦੇ ਵੱਖ-ਵੱਖ ਵਾਰਡਾਂ ਵਿੱਚ ਪਾਰਟੀ ਉਮੀਦਵਾਰ ਬਲਵਿੰਦਰ ਸਿੰਘ ਪੁੂਨੀਆਂ ਨੂੰ ਜਿਤਾਉਣ ਲਈ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਦੇ ਹੋਏ ਅਕਾਲੀ ਦਲ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾ ਰਹੇ ਹਨ।
ਇਸੇ ਕੜੀ ਵਿੱਚ ਫਰੀਦਾਬਾਦ ਜ਼ਿਲੇ ਦੇ ਪ੍ਰਭਾਰੀ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਕੁਲਦੀਪ ਸਿੰਘ ਭੋਗਲ, ਗੁਰਪ੍ਰੀਤ ਸਿੰਘ ਜੱਸਾ ਤੇ ਸਥਾਨਿਕ ਆਗੂ ਸੁਖਵੰਤ ਸਿੰਘ ਬਿੱਲਾ ਅਤੇ ਸਤਨਾਮ ਸਿੰਘ ਮੰਗਲ ਬੜਕਲ ਤੋਂ ਇਨੈਲੋ ਉਮੀਦਵਾਰ ਚੰਦਰ ਭਾਟੀਆ ਅਤੇ ਓਲਡ ਫਰੀਦਾਬਾਦ ਤੋਂ ਪ੍ਰੇਵਸ਼ ਮਹਿਤਾ ਦੇ ਹੱਕ ਵਿੱਚ ਲੋਕਾਂ ਨੂੰ ਵੋਟ ਪਾਉਣ ਦੀਆਂ ਕੋਰਨਰ ਮੀਟਿੰਗਾਂ ਦੌਰਾਨ ਅਪੀਲ ਕਰ ਰਹੇ ਹਨ। ਅਕਾਲੀ ਦਲ ਦੇ ਮੀਡੀਆ ਪ੍ਰਭਾਰੀ ਪਰਮਿੰਦਰ ਪਾਲ ਸਿੰਘ ਨੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਹਵਾਲੇ ਤੋਂ ਦੱਸਿਆ ਕਿ ਪ੍ਰਧਾਨ ਸਾਹਿਬ ਵੱਲੋਂ ਕੈਨੇਡਾ ਤੋਂ ਹੀ ਰੋਜ਼ਾਨਾ ਪਾਰਟੀ ਆਗੂਆਂ ਨਾਲ ਟੈਲੀਫੋਨ ਰਾਹੀਂ ਸੰਪਰਕ ਰੱਖਦੇ ਹੋਏ ਅੰਬਾਲਾ ਅਤੇ ਕਾਲਾਂਵਾਲੀ ਤੋਂ ਅਕਾਲੀ ਉਮੀਦਵਾਰਾਂ ਦੀ ਜਿੱਤ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਹਰਿਆਣਾ ਵਿੱਚ ਇਨੈਲੋ ਅਤੇ ਅਕਾਲੀ ਦਲ ਦੀ ਸਰਕਾਰ ਬਨਣ ਦਾ ਵੀ ਦਾਅਵਾ ਕੀਤਾ ਗਿਆ ਹੈ। ਵਤਨ ਪਰਤਨ ਤੋਂ ਬਾਅਦ 13 ਅਕਤੂਬਰ ਤੋਂ ਅੰਬਾਲਾ ਹਲਕੇ ਵਿੱਚ ਸਿੱਖਾਂ ਦੀਆਂ ਵੱਡੀਆਂ ਮੀਟਿੰਗਾਂ ਨੂੰ ਵੀ ਜੀ.ਕੇ. ਸੰਬੋਧਿਤ ਕਰਣਗੇ।

Check Also

ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ ਦੀ ਸ਼ਤਰੰਜ ਕਲਾ ਨੂੰ ਵਿਸ਼ਵ ਭਰ ਵਿੱਚ ਪ੍ਰਮੋਟ ਕਰਨ ਦੇ ਕੀਤੇ ਜਾਣਗੇ ਯਤਨ ਅੰਮ੍ਰਿਤਸਰ, …

Leave a Reply