ਸਕੂਲਾਂ ਦੇ ਪਿ੍ਰੰਸੀਪਲਾਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ
ਅੰਮ੍ਰਿਤਸਰ 11 ਅਕਤੂਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਪਿਛਲੇ ਸਾਲ ਵਾਂਗ ਇਸ ਸਾਲ ਵੀ ਖ਼ਾਲਸਾਈ ਖੇਡ ਉਤਸਵ ਮਨਾਉਣ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਦੀ ਮੀਟਿੰਗ ਸ਼ੋ੍ਰਮਣੀ ਕਮੇਟੀ ਦੇ ਇਕੱਤਰਤਾ ਹਾਲ ਵਿੱਚ ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਰੀਬ 37 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਸ਼ਿਰਕਤ ਕੀਤੀ।ਇਸ ਮੌਕੇ ਪ੍ਰਿੰਸੀਪਲ ਸ. ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਖੇਡਾਂ ਸਬੰਧੀ ਆਏ ਸੁਝਾਵਾਂ ਅਨੁਸਾਰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲਿਆਂ ਸਬੰਧੀ ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਦੱਸਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਖ਼ਾਲਸਾਈ ਖੇਡ ਉਤਸਵ ਵਿੱਚ ਕੇਵਲ ਸਾਬਤ ਸੂਰਤ ਸਿੱਖੀ ਸਰੂਪ ਵਾਲੇ ਬੱਚੇ ਹੀ ਹਿੱਸਾ ਲੈ ਸਕਣਗੇ।ਉਨ੍ਹਾਂ ਕਿਹਾ ਕਿ ਹਰਿਆਣਾ ਜਾਂ ਦੂਸਰੇ ਸ਼ਹਿਰਾਂ ਵਿੱਚ ਜਿਥੇ ਸਿੱਖੀ ਸਰੂਪ ਵਾਲੇ ਬੱਚੇ ਘੱਟ ਹਨ, ਉਥੇ 30 ਫੀਸਦੀ ਗੈਰ-ਸਿੱਖ ਵਿਦਿਆਰਥੀ ਖੇਡਾਂ ਵਿੱਚ ਹਿੱਸਾ ਲੈ ਸਕਣਗੇ, ਪਰ ਕਿਸੇ ਵੀ ਸਿੱਖ ਪਤਿਤ ਵਿਦਿਆਰਥੀ ਨੂੰ ਖੇਡਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀਆਂ ਖੇਡਾਂ ਵਿੱਚ ਜਿਨ੍ਹਾਂ ਬੱਚਿਆਂ ਦੀ ਉਮਰ 14 ਤੋਂ 17 ਸਾਲ ਤੱਕ ਆਉਂਦੀ ਹੈ ਉਨ੍ਹਾਂ ਦਾ ਮੁਕਾਬਲਾ ਵੱਡੀ ਉਮਰ ਦੇ ਵਿਦਿਆਰਥੀਆਂ ਨਾਲ ਕਰਵਾਇਆ ਗਿਆ ਸੀ ਜਿਸ ਬਾਰੇ ਕੁਝ ਸਕੂਲਾਂ ਵੱਲੋਂ ਇਤਰਾਜ਼ ਉਠਾਏ ਗਏ ਸਨ।ਇਸ ਨੂੰ ਮੁਖ ਰੱਖਦੇ ਹੋਏ ਇਸ ਸਾਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੁਲਾਂ ਦੇ ਮੁਕਾਬਲੇ ਅਲੱਗ-ਅਲੱਗ ਗਰੁੱਪਾਂ ਵਿੱਚ ਹੀ ਕਰਵਾਏ ਜਾਣਗੇ।ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਸਕੂਲ ਦਾ ਪ੍ਰਿੰਸੀਪਲ ਸਕੂਲ ਤੋਂ ਇਲਾਵਾ ਬਾਹਰੋਂ ਕਿਸੇ ਵੀ ਵਿਦਿਆਰਥੀ ਨੂੰ ਖੇਡਾਂ ਵਿੱਚ ਹਿੱਸਾ ਨਾ ਲੈਣ ਦੇਵੇ, ਜੇਕਰ ਖੇਡ ਉਤਸਵ ਦੌਰਾਨ ਅਜਿਹੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਲਈ ਸਕੂਲ ਦਾ ਪ੍ਰਿੰਸੀਪਲ ਡਾਇਰੈਕਟਰ ਸਪੋਰਟਸ ਵੱਲੋਂ ਬਣਾਈ ਗਈ ਸਬ ਕਮੇਟੀ ਅੱਗੇ ਜਵਾਬਦੇਹ ਹੋਵੇਗਾ ਅਤੇ ਇਸ ਲਈ ਹਰ ਵਿਦਿਆਰਥੀ ਦੇ ਸਰਟੀਫਿਕੇਟ ਅਤੇ ਪਹਿਚਾਣ ਪੱਤਰ ਦੀ ਵੀ ਜਾਂਚ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ ‘ਤੇ ਅਨੁਸ਼ਾਸਨੀ ਕਮੇਟੀ ਵੀ ਬਣਾਈ ਜਾਵੇਗੀ।ਉਨ੍ਹਾਂ ਇਕੱਤਰਤਾ ਵਿੱਚ ਹਾਜ਼ਰ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਡਾਇਰੈਕਟਰ ਸਪੋਰਟਸ ਵੱਲੋਂ ਦਿੱਤੇ ਗਏ ਪੋ੍ਰਗਰਾਮਾਂ ਤੇ ਨਿਯਮਾਂ ਹੇਠ ਵੱਧ ਤੋਂ ਵੱਧ ਬੱਚਿਆਂ ਨੂੰ ਨਾਲ ਲਿਆਓ ਤੇ ਬੱਚਿਆਂ ਨੂੰ ਮਿਲੀ ਰਿਹਾਇਸ਼ ਮੁਤਾਬਿਕ ਅਧਿਆਪਕ ਉਨ੍ਹਾਂ ਨਾਲ ਰਹਿਣ।ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਕਾਰਜਾਂ ਲਈ ਸਕੂਲਾਂ ਦੇ ਪਿ੍ਰੰਸੀਪਲਾਂ ਦੀਆਂ ਵੱਖ-ਵੱਖ ਸਬ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਇਹ ਕਮੇਟੀਆਂ ਆਪਣੇ-ਆਪਣੇ ਪ੍ਰਬੰਧਾਂ ਸਬੰਧੀ ਜ਼ਿੰਮੇਵਾਰ ਹੋਣਗੀਆਂ।ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਅਧੀਨ ਆਉਂਦੇ ਸਾਰੇ ਸਕੂਲਾਂ ਵਿੱਚ ਵਿੱਦਿਆ ਦੇ ਨਾਲ-ਨਾਲ ਗੁਰਸਿੱਖੀ ਜੀਵਨ ਜਾਚ ਦੇ ਨਾਲ-ਨਾਲ ਸਾਬਤ ਸੂਰਤ ਵਿਦਿਆਰਥੀਆਂ ਨੂੰ ਖੇਡਾਂ ਵਿਚ ਉਤਸ਼ਾਹਿਤ ਕਰਦੇ ਹੋਏ ਰੋਸ਼ਨ ਮੁਨਾਰੇ ਦਾ ਕੰਮ ਕਰਦੇ ਹੋਏ ਇਤਿਹਾਸਕ ਭੂਮਿਕਾ ਨਿਭਾਉਣ ਜਿਸ ਨਾਲ ਇਹ ਸਕੂਲ ਦੇਸ਼ਾਂ-ਵਿਦੇਸ਼ਾਂ ਵਿੱਚ ਵਿਦਿਆ ਪ੍ਰਾਪਤ ਕਰ ਰਹੇ ਸਿੱਖ ਬੱਚਿਆਂ ਲਈ ਮਾਰਗ ਦਰਸ਼ਕ ਸਾਬਿਤ ਹੋਣ।
ਇਸ ਮੌਕੇ ਸ. ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ. ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਸੁਪਰਵਾਈਜ਼ਰ ਪਬਲੀਸਿਟੀ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ, ਸ.ਮਲਕੀਤ ਸਿੰਘ ਬਹਿੜਵਾਲ ਸਫ਼ਸੁਪ੍ਰਿੰਟੈਂਡੈਂਟ,ਸ. ਹਰਜਿੰਦਰ ਸਿੰਘ ਸੁਪਰਵਾਈਜ਼ਰ ਤੇ ਸ. ਪਰਮਜੀਤ ਸਿੰਘ ਆਦਿ ਹਾਜ਼ਰ ਸਨ।