ਬ੍ਰਹਿਮੰਡੀ ਪਸਾਰਾਂ ਵਾਲੀ ਚਿੰਤਨ ਪਰੰਪਰਾ ਦਾ ਅੰਤਰੀਵ ਧੁਰਾ ਹੈ ਚੱਕ ਰਾਮਦਾਸਪੁਰ-ਗਿਆਨੀ ਮੱਲ ਸਿੰਘ
ਅੰਮ੍ਰਿਤਸਰ, 15 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ, ਗਿਆਨੀ ਮੱਲ ਸਿੰਘ ਨੇ ਵਿਸ਼ੇਸ਼ ‘ਤੇ ਹਾਜ਼ਰੀਆਂ ਭਰੀਆਂ ਅਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਕੀਰਤਨ ਉਪਰੰਤ ਭਾਈ ਜਤਿੰਦਰ ਸਿੰਘ ਬਟਾਲਾ ਨੇ ਰਸਭਿੰਨਾ ਕੀਰਤਨ ਕੀਤਾ। ਉਨ੍ਹਾਂ ਨਾਲ ਜਵੱਦੀ ਟਕਸਾਲ ਤੋਂ ਭਾਈ ਚਰਨਬੀਰ ਸਿੰਘ ਨੇ ‘ਰਬਾਬ’ ਅਤੇ ਭਾਈ ਸ਼ਹਿਬਾਜ਼ ਸਿੰਘ ਨੇ ‘ਦਿਲਰੁਬਾ’ ਤੋਂ ਇਲਾਵਾ ਭਾਈ ਸਤਬੀਰ ਸਿੰਘ ਨੇ ਤਬਲੇ ‘ਤੇ ਸਾਥ ਦਿੱਤਾ। ਯੂਨੀਵਰਸਿਟੀ ਵੱਲੋਂ ਬਾਇਓਕੈਮਿਸਟਰੀ ਵਿਭਾਗ ਦੇ ਪ੍ਰੋ. ਸੁਖਦੇਵ ਸਿੰਘ ਅਤੇ ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਸਿੰਘ ਸਾਹਿਬ ਨੂੰ ਡਾ. ਜਸਵਿੰਦਰ ਸਿੰਘ ਦੁਆਰਾ ਸੰਪਾਦਿਤ ‘ਪ੍ਰੋ. ਪੂਰਨ ਸਿੰਘ ਰਤਨਾਵਲੀ ਦੀ ਜਿਲਦ ਪਹਿਲੀ ਤੇ ਦੂਜੀ’ ਭੇਂਟ ਕਰਦਿਆਂ ਸਨਮਾਨ ਕੀਤਾ ਗਿਆ। ਜਥੇਦਾਰ ਗਿਆਨੀ ਮੱਲ ਸਿੰਘ ਜੀ ਨੇ ਇਸ ਮੌਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਸਬੰਧੀ ਸਾਖੀਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਖੀ ਹੀ ਗੁਰੂ ਜੀਵਨ ਨੂੰ ਠੀਕ ਰੂਪ ਵਿਚ ਪੇਸ਼ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬ ਦੀ ਵਰੋਸਾਈ ਧਰਤੀ ਹੈ ਜਿਸਦੇ ਕਣ-ਕਣ ਵਿਚ ਗੁਰੂ ਦੀ ਧੜਕਦੀ ਛੋਹ ਪਈ ਹੋਈ ਹੈ। ਉਨ੍ਹਾਂ ਇਸ ਮੌਕੇ ਸੰਗਤਾਂ ਨੂੰ 19 ਜੂਨ, 2015 ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਮਨਾਏ ਜਾ ਰਹੇ 350ਵੇਂ ਸਥਾਪਨਾ ਦਿਵਸ ਬਾਰੇ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਂਦਿਆਂ ਸੰਗਤਾਂ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਅਤੇ ਗੁਰੂ-ਪ੍ਰੇਮ ਵਿਚ ਸ੍ਰੀ ਆਨੰਦੁਪਰ ਸਾਹਿਬ ਦੀ ਧਰਤੀ ‘ਤੇ ਨਤਮਸਤਕ ਹੋਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਧਰਤੀ ਦੀ ਮੌਲਿਕਤਾ ਵਿਚੋਂ ਗਿਆਨ ਉਸਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਵਸਾਏ ਗਏ ਪਾਵਨ ਨਗਰਾਂ ਦੀ ਦੈਵੀ ਰਮਜ਼ ਦਾ ਵਿਸ਼ਵਵਿਆਪੀ ਗਿਆਨਮਈ ਪਰਿਪੇਖ ਬਣਾਉਣ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜੇਰੂਸਲਮ ਤੇ ਮੱਕੇ-ਮਦੀਨੇ ਜਿਹੇ ਹੋਰ ਪਵਿੱਤਰ ਨਗਰਾਂ ਦੀ ਸਥਾਪਨਾ ਦੇ ਪਿਛੋਕੜ ਨੂੰ ਵੀ ਆਪਣੀ ਖੋਜ ਦਾ ਵਿਸ਼ਾ ਬਣਾੁੳਣਾ ਚਾਹੀਦਾ ਹੈ। ਇਸ ਮੌਕੇ ਗੁਰੂ-ਕਾ-ਲੰਗਰ ਅਤੁੱਟ ਵਰਤਿਆ।