ਬੂਥਾਂ ‘ਤੇ ਇਤਰਾਜ ਦਾਅਵੇ ਲੈਣ ਲਈ 19 ਅਕਤੂਬਰ ਤੇ 02 ਨਵਬੰਰ ਨੂੰ ਹੋਵੇਗੀ ਸਪੈਸ਼ਲ ਮੁਹਿੰਮ

ਜਲੰਧਰ, 15 ਅਕਤੂਬਰ (ਪਵਨਦੀਪ ਸਿੰਘ ਹਰਦੀਪ ਸਿੰਘ ਦਿਓਲ) – ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸੁਰੂ ਕੀਤਾ ਗਿਆ ਹੈ ਇਸ ਸਬੰਧੀ ਵੋਟਰ ਸੂਚੀ ਵਿਚ ਦਰਜ ਇੰਦਰਾਜਾਂ ਪ੍ਰਤੀ ਦਾਅਵੇ ਅਤੇ ਇਤਰਾਜ਼ਾਂ ਸਬੰਧੀ ਫਾਰਮ 15 ਅਕਤੂਬਰ ਤੋਂ 10 ਨਵੰਬਰ 2014 ਤੱਕ ਦਫ਼ਤਰ ਜ਼ਿਲ੍ਹਾ ਚੋਣ ਅਫਸਰ, ਦਫ਼ਤਰ ਚੋਣਕਾਰ ਰਜਿਸਟਰੇਸ਼ਨ ਅਫਸਰ ਅਤੇ ਸਬੰਧਿਤ ਪੋਲਿੰਗ ਸਟੇਸ਼ਨ ਦੇ ਸਥਾਨ ‘ਤੇ ਬੀ.ਐਲ.ਓਜ਼ ਰਾਹੀਂ ਪ੍ਰਾਪਤ ਕੀਤੇ ਜਾਣਗੇ। ਇਹ ਜਾਣਕਾਰੀ ਮੈਡਮ ਸ਼ਿਖਾ ਭਗਤ ਸਹਾਇਕ ਕਮਿਸ਼ਨਰ (ਜ) ਜਲੰਧਰ ਨੇ ਅੱਜ ਇਥੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਮੌਕੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਵੋਟਰ ਸੂਚੀਆਂ ਦੀ ਸੁਧਾਈ 1 ਜਨਵਰੀ 2015 ਨੂੰ ਅਧਾਰ ਮੰਨ ਕੇ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਉਮਰ 1 ਜਨਵਰੀ 2015 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇਗੀ ਉਹ ਆਪਣਾ ਵੋਟਰ ਸੂਚੀ ਵਿਚ ਨਾਂਅ ਦਰਜ ਕਰਵਾਉਣ ਲਈ ਫਾਰਮ ਨੰਬਰ 6 ਭਰ ਕੇ ਜਮਾ ਕਰਵਾ ਸਕਦਾ ਹੈ ਜਿਸ ਦਾ ਪਹਿਲਾਂ ਕਿਸੇ ਵੀ ਵੋਟਰ ਸੂਚੀ ਵਿਚ ਨਾਂਅ ਦਰਜ ਨਹੀਂ ਹੈ। ਇੰਦਰਾਜ ਦੀ ਕਟੌਤੀ ਲਈ ਫਾਰਮ ਨੰਬਰ 7, ਇੰਦਰਾਜ ਦੀ ਦਰੁਸਤੀ ਲਈ ਫਾਰਮ 8 ਅਤੇ ਇੰਦਰਾਜਾਂ ਦੀ ਅਦਲਾ-ਬਦਲੀ ਲਈ ਫਾਰਮ ਨੰਬਰ 8 ੳ ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 17 ਅਕਤੂਬਰ ਅਤੇ 30 ਅਕਤੂਬਰ 2014 ਨੂੰ ਗਰਾਮ ਸਭਾਵਾਂ, ਨਗਰ ਪੰਚਾਇਤਾਂ, ਨਗਰ ਕੌਂਸਲਾਂ, ਨਗਰ ਨਿਗਮ, ਅਤੇ ਮੁਹੱਲਾ ਭਲਾਈ ਸੰਸਥਾਵਾਂ ਦੀਆਂ ਮੀਟਿੰਗਾਂ ਵਿਚ ਸਬੰਧਿਤ ਚੋਣ ਖੇਤਰ ਦੀ ਵੋਟਰ ਸੂਚੀ ਨੂੰ ਪੜ੍ਹਿਆ ਜਾਵੇਗਾ ਅਤੇ ਲਿਸਟਾਂ ਦਾ ਮੁਆਇਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 19 ਅਕਤੂਬਰ ਅਤੇ 2 ਨਵੰਬਰ 2014 ਨੂੰ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ ਸਪੈਸ਼ਲ ਮੁਹਿੰਮ ਦੇ ਤੌਰ ‘ਤੇ ਦਿਨ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ 20 ਨਵੰਬਰ 2014 ਨੂੰ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ 20 ਦਸੰਬਰ ਨੂੰ ਅਨੁਪੂਰਕ ਸੂਚੀਆਂ ਦੀ ਤਿਆਰੀ ਅਤੇ ਛਪਾਈ ਕੀਤੀ ਜਾਵੇਗੀ ਤੇ 5 ਜਨਵਰੀ 2015 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ ਅਤੇ 25 ਜਨਵਰੀ 2015 ਨੂੰ ਪਹਿਲੀ ਵਾਰ ਰਜਿਸਟਰ ਹੋਏ ਨੌਜਵਾਨਾਂ ਨੂੰ ਵੋਟਰ ਕਾਰਡ ਜਾਰੀ ਕਰਨ ਦੀ ਸਪੈਸ਼ਲ ਮੁਹਿੰਮ ਸੁਰੂ ਹੋਵੇਗੀ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਰਾਹੀਂ ਲੋਕਾਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਜਾਗਰੂਕ ਕਰਨ ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦਾ ਹਰ ਨਾਗਰਿਕ ਇਕ ਸਥਾਨ ‘ਤੇ ਇਕ ਹੀ ਵੋਟ ਬਣਾ ਸਕਦਾ ਹੈ ਤੇ ਡਬਲ ਵੋਟ ਬਣਾਉਣ ਵਾਲੇ ਨਾਗਰਿਕ ਨੂੰ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇ ਕਿਸੇ ਵਿਅਕਤੀ ਦਾ ਵੋਟਰ ਸ਼ਨਾਖਤੀ ਕਾਰਡ ਗੁੰਮ ਹੋਇਆ ਹੋਵੇ ਤਾਂ ਉਹ ਸਵੈ ਘੋਸ਼ਣਾ ਭਰ ਕੇ ਥਾਣੇ ਵਿਚ ਐਫ.ਆਈ.ਆਰ.ਦਰਜ ਕਰਵਾ ਸਕਦਾ ਹੈ । ਉਨ੍ਹਾਂ ਕਿਹਾ ਕਿ ਸਵੀਪ ਪ੍ਰੋਗਰਾਮ ਅਧੀਨ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਵੀ ਵੋਟਾਂ ਉਨ੍ਹਾਂ ਦੀਆਂ ਵਿਦਿਅਕ ਸੰਸਥਾਵਾਂ ਦੇ ਵਿਚ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵੋਟਾਂ ਦੀ ਸੁਧਾਈ ਸਬੰਧੀ ਜੇ ਆਮ ਪਬਕਿਲ ਦੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਇਲੈਕਸ਼ਨ ਕਮਿਸ਼ਨ ਇੰਡੀਆਂ ਦੀ ਵੈਬਸਾਈਟ ਤੇ ਸੁਰੂ ਕੀਤੇ ਗਏ ਸ਼ਿਕਾਇਤ ਸੈਲ ‘ਤੇ ਆਪਣੀ ਸਿਕਾਇਤ ਦਰਜ ਕਰਵਾ ਸਕਦਾ ਹੈ ਜਿਸ ਤੇ ਚੋਣ ਕਮਿਸ਼ਨ ਵਲੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸz.ਕਰਨੈਲ ਸਿੰਘ ਤਹਿਸੀਲਦਾਰ ਚੋਣਾਂ, ਸ੍ਰੋਮਣੀ ਅਕਾਲੀ ਦਲ ਵਲੋਂ ਸz.ਗੁਰਚਰਨ ਸਿੰਘ ਚੰਨੀ ਅਤੇ ਸz.ਅਮਰਜੀਤ ਸਿੰਘ, ਕਾਂਗਰਸ ਪਾਰਟੀ ਵਲੋਂ ਸ੍ਰੀ ਸੁਨੀਲ ਸ਼ਰਮਾ ਅਤੇ ਸ.ਹਰਪਾਲ ਸਿੰਘ ਸੰਧੂ, ਸ੍ਰੀ ਰਮਨ ਪੱਬੀ ਬੀ.ਜੇ.ਪੀ., ਸ੍ਰੀ ਗੁਰਮੀਤ ਸਿੰਘ ਸੀ.ਪੀ.ਆਈ.(ਐਮ), ਸ੍ਰੀ ਹਰਮਿੰਦਰ ਸਿੰਘ ਬੀ.ਐਸ.ਪੀ., ਸ੍ਰੀ ਭੁਪਿੰਦਰ ਸਿੰਘ ਆਮ ਆਦਮੀ ਪਾਰਟੀ ਆਦਿ ਆਗੂ ਸ਼ਾਮਿਲ ਸਨ।