ਲੋਕ ਦੇ ਰਹੇ ਹਨ ਪੰਜਾਬ ਬੰਦ ਨੂੰ ਹਮਾਇਤ
ਕੰਵਰਬੀਰ ਸਿੰਘ ਅੰਮ੍ਰਿਤਸਰ ਪੰਜਾਬ ਬੰਦ ਦੇ ਸੱਦੇ ਲਈ ਲੋਕਾਂ ਦੀ ਹਮਾਇਤ ਲੈਂਦੇ ਹੋਏ ਨਾਲ ਗੁਰਮਨਜੀਤ ਸਿੰਘ ਅੰਮ੍ਰਿਤਸਰ, ਗੁਰਿੰਦਰ ਸਿੰਘ, ਗੁਰਚਰਨ ਸਿੰਘ ਤੇ ਮਨਜੀਤ ਸਿੰਘ
ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਸਿੱਖ ਜਥੇਬੰਦੀ ਆਈ.ਐਸ.ਓ ਵੱਲੋਂ 1 ਨਵੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਨੂੰ ਅਪੀਲ ਕਰਕੇ ਉਹਨਾਂ ਦੀ ਹਮਾਇਤ ਲਈ ਗਈ।ਇਸ ਸਬੰਧੀ ਆਈ.ਐਸ.ਓ ਦੇ ਸੀਨੀਅਰ ਆਗੂ ਅਤੇ ਜੇਲ੍ਹ ਵਿਭਾਗ ਦੇ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਦੱਸਿਆ ਕਿ ਨਵੰਬਰ 1984 ਵਿੱਚ ਜੋ ਦਿੱਲੀ ਵਿਖੇ ਸਿੱਖਾਂ ਦਾ ਬੜੀ ਬੇਰਿਹਮੀ ਨਾਲ ਕਤਲੇਆਮ ਕੀਤਾ ਗਿਆ, ਉਹ ਜੱਗ ਜਾਹਿਰ ਹੈ।30 ਸਾਲ ਤੱਕ ਪੀੜ੍ਹਤਾਂ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਜੋ ਭਾਰਤੀ ਨਿਆ ਪ੍ਰਣਾਲੀ ‘ਤੇ ਸਵਾਲੀਆ ਨਿਸ਼ਾਨ ਹੈ।ਉਹਨਾਂ ਕਿਹਾ ਕਿ ਪੀੜ੍ਹਤਾਂ ਵੱਲੋਂ ਅਨੇਕਾਂ ਗਵਾਹੀਆਂ, ਹੱਡ-ਬੀਤੀਆਂ ਅਤੇ ਦਸਤਾਵੇਜਾਂ ਰਾਹੀਂ ਉਚ ਅਦਾਲਤਾਂ ਤੱਕ ਅਪੀਲਾਂ, ਦਲੀਲਾਂ ਰੱਖੀਆਂ ਗਈ, ਪਰ ਕਿਸੇ ਵਿਉਂਤਬੰਦੀ ਦੇ ਜਰੀਏ ਉਹਨਾਂ ਸਾਰਿਆਂ ਨੂੰ ਖਾਰਜ ਕੀਤਾ ਗਿਆ ਅਤੇ ਕਤਲੇਆਮ ਦੇ ਮੁੱਖ ਦੋਸ਼ੀ ਅੱਜ ਵੀ ਰਾਜਸੀ ਸੁੱਖ ਮਾਣ ਰਹੇ ਹਨ, ਜੋ ਪੀੜ੍ਹਤਾਂ ਨਾਲ ਸਿੱਧਾ ਧੱਕਾ ਹੈ। ਕੰਵਰਬੀਰ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਲੋਕ ਇਹਨਾਂ ਪੀੜ੍ਹਤਾਂ ਦੇ ਦਰਦ ਨੂੰ ਸਮਝਣ ਅਤੇ 1 ਨਵੰਬਰ ਨੂੰ ਪੰਜਾਬ ਬੰਦ ਦਾ ਜੋ ਸੱਦਾ ਦਿੱਤਾ ਗਿਆ ਹੈ, ਉਹ ਸਿੱਖ ਨਸ਼ਲਕੁਸ਼ੀ ਪੀੜ੍ਹਤਾਂ ਦੇ ਇਨਸਾਫ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਦਿੱਤਾ ਹੈ। ਇਸ ਲਈ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਪੀੜ੍ਹਤਾਂ ਦੇ ਹਮਾਇਤੀ ਬਣੀਏ।
ਉਹਨਾਂ ਕਿਹਾ ਕਿ ਉਹ ਜਥੇਦਾਰ ਗਿਆਨੀ ਗੁਰਬਚਨ ਸਿੰਘ, ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇ: ਅਵਤਾਰ ਸਿੰਘ ਅਤੇ ਸਮੂੰਹ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਇਸ ਪੰਜਾਬ ਬੰਦ ਦੀ ਹਮਾਇਤ ਕਰਨ ਕਿਉਂਕਿ ਇਹ ਸਮੁੱਚੀ ਸਿੱਖ ਕੌਮ ਦਾ ਮਸਲਾ ਹੈ।ਇਸ ਮੌਕੇ ਆਈ.ਐਸ.ਓ ਆਗੂ ਗੁਰਮਨਜੀਤ ਸਿੰਘ (ਅੰਮ੍ਰਿਤਸਰ), ਗੁਰਿੰਦਰ ਸਿੰਘ ਸ਼ਾਂਤ, ਬਾਬਾ ਗੁਰਚਰਨ ਸਿੰਘ, ਮਨਜੀਤ ਸਿੰਘ ਪੰਛੀ ਤੇ ਸਾਥੀ ਨਾਲ ਸਨ।