ਬੀ.ਬੀ.ਕੇ ਡੀ.ਏ.ਵੀ ਫੁੱਟਬਾਲ ਕਲੱਬ ਸਮੇਤ ਚੋਟੀ ਦੀਆਂ ਮਹਿਲਾ ਟੀਮਾਂ ਕਰਨਗੀਆਂ ਸ਼ਮੂਲੀਅਤ
ਅੰਮ੍ਰਿਤਸਰ, 31 ਜਨਵਰੀ (ਸੰਧੂ) – 12 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਤੀਸਰੀ ਜੇ.ਸੀ.ਟੀ ਵੁਮੈਨ ਫੁੱਟਬਾਲ ਲੀਗ 2020-21 ਵਿੱਚ ਸ਼ਮੂਲੀਅਤ ਕਰਨ ਲਈ ਸਥਾਨਕ ਬੀ.ਬੀ.ਕੇ ਡੀ.ਏ.ਵੀ ਫੁੱਟਬਾਲ ਕਲੱਬ ਦੀ ਮਹਿਲਾ ਟੀਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਯੂਨੀਵਰਸਿਟੀ ਕੋਚ ਪ੍ਰਦੀਪ ਕੁਮਾਰ ਦੀ ਦੇਖ-ਰੇਖ ਹੇਠ ਸਖਤ ਅਭਿਆਸ ਕਰ ਰਹੀ ਹੈ।ਕੋਚ ਪ੍ਰਦੀਪ ਕੁਮਾਰ ਨੇ ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਤੇ ਡਾਇਰੈਕਟਰ ਸਪੋਰਟਸ ਪ੍ਰੋ. (ਡਾ.) ਸੁਖਦੇਵ ਸਿੰਘ ਅਤੇ ਸਹਾਇਕ ਡਿਪਟੀ ਡਾਇਰੈਟਰ ਕੰਵਰ ਮਨਦੀਪ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੇਖ-ਰੇਖ ਹੇਠ ਪਿੱਛਲੇ ਦੋ ਸਾਲ ਤੋਂ ਆਲ ਇੰਡੀਆ ਇੰਟਰ-ਵਰਸਿਟੀ ਚੈਂਪੀਅਨ ਟੀਮ ਨੂੰ ਸ਼ਾਨਦਾਰ ਖੇਡ ਮੈਦਾਨ ‘ਚ ਅਭਿਆਸ ਕਰਨ ਦਾ ਮੌਕਾ ਮਿਲਿਆ ਹੈ।ਉਨ੍ਹਾਂ ਦੱਸਿਆ ਕਿ ਕੋਵਿਡ-19 ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਰੇਕ ਖਿਡਾਰੀ ਦੇ ਕੋਰੋਨਾ ਟੈਸਟ ਕਰਵਾਏ ਗਏ ਹਨ ਤੇ ਸਹੀ ਰਿਪੋਰਟ ਪਾਏ ਜਾਣ ਤੋਂ ਬਾਅਦ ਹੀ ਅਭਿਆਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਬੀ.ਬੀ.ਕੇ ਡੀ.ਏ.ਵੀ ਫੁੱਟਬਾਲ ਕਲੱਬ ਬੀਤੇ ਸਾਲ ਦੀ ਲੀਗ ਚੈਂਪੀਅਨ ਹੋਣ ਦੇ ਨਾਲ-ਨਾਲ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਵਲੋਂ ਇੰਡੀਅਨ ਵੁਮੈਨ ਫੁੱਟਬਾਲ ਲੀਗ (ਆਈ.ਡਬਲਯੂ.ਐਲ) ਦੇ ਵਿੱਚ ਵੀ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾ ਚੁੱਕੀ ਹੈ।ਇਸ ਵਾਰ 12 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਤੀਸਰੀ ਜੇ.ਸੀ.ਟੀ ਵੁਮੈਨ ਫੁੱਟਬਾਲ ਲੀਗ 2020-21 ਪੰਜਾਬ ਦੇ ਵਿੱਚ ਸੀ.ਆਰ.ਪੀ.ਐਫ, ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਕਲੱਬ ਕੁਰਾਲੀ, ਮਾਲਵਾ ਫੁੱਟਬਾਲ ਕਲੱਬ ਬਠਿੰਡਾ, ਜੀ.ਐਚ.ਜੀ ਖਾਲਸਾ ਕਾਲਜ ਫੁੱਟਬਾਲ ਕਲੱਬ ਸੁਧਾਰ, ਦਲਬੀਰ ਫੁੱਟਬਾਲ ਕਲੱਬ ਪਟਿਆਲਾ ਦੀਆਂ ਚੋਟੀ ਦੀਆਂ ਮਹਿਲਾ ਟੀਮਾਂ ਸ਼ਮੂਲੀਅਤ ਕਰਨਗੀਆਂ।ਕੋਚ ਪ੍ਰਦੀਪ ਕੁਮਾਰ ਅਨੁਸਾਰ ਇਸ ਲੀਗ ਦੇ ਵਿੱਚ ਜਿਹੜੀ ਟੀਮ ਸੱਭ ਤੋਂ ਸਰਵਉਤਮ ਪ੍ਰਦਰਸ਼ਨ ਕਰੇਗੀ ਉਹ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਵਲੋਂ ਆਯੋਜਿਤ ਕੀਤੀ ਜਾਣ ਵਾਲੀ ਇੰਡੀਅਨ ਵਿਮੈਨ ਫੁੱਟਬਾਲ ਲੀਗ ਦਾ ਹਿੱਸਾ ਬਣੇਗੀ।ਉਨ੍ਹਾਂ ਬੀ.ਬੀ.ਕੇ ਡੀ.ਏ.ਵੀ ਫੁੱਟਬਾਲ ਕਲੱਬ ਦੀ ਕਾਰਜਸ਼ੈਲੀ ‘ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਇਸ ਵਾਰ ਵੀ ਇਹ ਟੀਮ ਆਪਣੀ ਜਿੱਤ ਦੇ ਪੁਰਾਣੇ ਗੌਰਵਮਈ ਇਤਿਹਾਸ ਨੂੰ ਦੁਹਰਾਏਗੀ।