ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਆਪਣੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਉਭਾਰਨ ਅਤੇ ਨਿਖਾਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਸਮੇਂ-ਸਮੇਂ ‘ਤੇ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ।ਇਨ੍ਹਾਂ ਹੀ ਉਪਰਾਲਿਆਂ ਤਹਿਤ ਮੈਨੇਜਮੈਂਟ ਐਂਡ ਕਾੱਮਰਸ ਕਾਲਜ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਟੂਰ ਲੁਧਿਆਣਾ ਜਿਲ੍ਹੇ ਦੇ ਵਿਸ਼ਵ ਪ੍ਰਸਿੱਧ ਪਿੰਡ ‘ਚਕਰ’ ਵਿਖੇ ਲਗਵਾਇਆ ਗਿਆ।ਪਿੰਡ ਚਕਰ ਜਿਹੜਾ ਕਿ ਪ੍ਰਵਾਸੀ ਪੰਜਾਬੀਆਂ ਅਤੇ ਪਿੰਡ ਵਾਸੀਆਂ ਦੇ ਆਪਸੀ ਸਹਿਯੋਗ ਨਾਲ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਨੂੰ ਦੇਖ ਕੇ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ।ਜਦੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡ ਵਾਸੀਆਂ ਨੇ ਆਪਣੇ ਪੱਧਰ ‘ਤੇ ਹੀ ਸਾਰੇ ਪਿੰਡ ਵਿਚ ਸੀਵਰੇਜ਼ ਪਾਉਣ ਦੇ ਨਾਲ-ਨਾਲ ਪਿੰਡ ਦੇ ਛੱਪੜਾਂ ਨੂੰ ਝੀਲਾਂ ਵਿਚ ਤਬਦੀਲ ਕੀਤਾ ਹੈ ਤਾਂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਕਦੇ ਅਜਿਹਾ ਵੀ ਹੋ ਸਕਦਾ ਹੈ ਕਿ ਏਨਾ ਵੱਡਾ ਵਿਕਾਸ ਪ੍ਰੋਜੈਕਟ ਪਿੰਡ ਵਾਸੀਆਂ ਨੇ ਆਪਣੀ ਹੀ ਪੱਧਰ ‘ਤੇ ਨੇਪਰੇ ਚਾੜ੍ਹ ਲਿਆ ਹੋਵੇ।
ਪਿੰਡ ਦੀਆਂ ਸਾਫ-ਸੁਥਰੀਆਂ ਅਤੇ ਬੂਟਿਆਂ ਨਾਲ ਸ਼ਿੰਗਾਰੀਆਂ ਗਲੀਆਂ ਵਿਚ ਘੁੰਮਦਿਆਂ, ਮੌਰਗਨ ਝੀਲ ਵਿਚ ਕਿਸ਼ਤੀਆਂ ਦੀ ਸਵਾਰੀ ਕਰਦਿਆਂ ਉਨ੍ਹਾਂ ਨੂੰ ਲੱਗ ਹੀ ਨਹੀਂ ਸੀ ਰਿਹਾ ਕਿ ਉਹ ਪੰਜਾਬ ਦੇ ਕਿਸੇ ਪਿੰਡ ਵਿਚ ਫਿਰਦੇ ਹਨ।ਇਸੇ ਪਿੰਡ ਦੇ ਵਸਨੀਕ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇੇ ਪ੍ਰੋ. ਬਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਇਹ ਸਾਰਾ ਉੱਦਮ ਆਪਣੀ ਹਿੰਮਤ ਨਾਲ ਕੀਤਾ ਹੈ।ਪਿੰਡ ਦੇ ਵਿਕਾਸ ਪ੍ਰੋਜੈਕਟ ਮਹਿਜ਼ ਤਿੰਨ ਸਾਲਾਂ ਵਿਚ ਨੇਪਰੇ ਚਾੜ੍ਹ ਦਿੱਤੇ ਗਏ।ਇਨ੍ਹਾਂ ਪ੍ਰੋਜੈਕਟਾਂ ਕਾਰਨ ਪਿੰਡ ਨੇ ਜਿੱਥੇ ਵਿਸ਼ਵ ਪੱਧਰ ‘ਤੇ ਪ੍ਰਸਿੱਧੀ ਹਾਸਲ ਕੀਤੀ, ਉਥੇ ਪਿੰਡ ਵਾਸੀਆਂ ਦੀ ਸੋਚ ਵਿਚ ਵੀ ਸਰਵਪੱਖੀ ਸਾਕਾਰਾਤਮਕ ਤਬਦੀਲੀ ਆਈ ਹੈ।ਇਸ ਪਿੰਡ ਨੇ ਬਾਕਸਿੰਗ ਵਿਚ ਅੰਤਰ-ਰਾਸ਼ਟਰੀ ਖਿਡਾਰੀ ਪੈਦਾ ਕਰਕੇ ਵੀ ਨਾਮਣਾ ਖੱਟਿਆ ਹੈ, ਜਿਸ ਕਾਰਨ ਹੁਣ ਇਹ ਪਿੰਡ ‘ਮਾਡਲ ਪਿੰਡ’ ਦੇ ਨਾਲ-ਨਾਲ ਖੇਡਾਂ ਅਤੇ ਖਿਡਾਰੀਆਂ ਦੇ ਪਿੰਡ ਵਜੋਂ ਵੀ ਜਾਣਿਆ ਜਾਂਦਾ ਹੈ ।ਪ੍ਰੋ. ਸੰਧੂ ਅਨੁਸਾਰ ਉਨ੍ਹਾਂ ਦੇ ਪਿੰਡ ਵਾਸੀਆਂ ਦੀ ਸੋਚ ਹੈ ਕਿ ਜੇ ਪੰਜਾਬ ਦੇ ਸਾਰੇ ਪਿੰਡ ਹੀ ਰਲ-ਮਿਲ ਕੇ ਇਹੋ ਜਿਹਾ ਹੰਭਲਾ ਮਾਰਨ ਤਾਂ ਪੂਰਾ ਪੰਜਾਬ ਸਵਰਗ ਬਣ ਸਕਦਾ ਹੈ।ਇਸ ਮੌਕੇ ਵਿਦਿਆਰਥੀਆਂ ਨੇ ਵਿਕਾਸ ਕਾਰਜਾਂ ਦੇ ਸ਼ੁਰੂ ਹੋਣ ਬਾਰੇ, ਇਸ ਦੀਆਂ ਸਮੱਸਿਆਵਾਂ ਬਾਰੇ ਉਤਸੁਕਤਾ ਭਰਪੂਰ ਪ੍ਰਸ਼ਨ ਵੀ ਪੁੱਛੇ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਕਿਹਾ ਕਿ ਉਨ੍ਹਾਂ ਦੇ ਇਸ ਟੂਰ ਦਾ ਮੰਤਵ ਹੀ ਇਹ ਹੈ ਕਿ ਅਜਿਹੇ ਪਿੰਡ ਨੂੰ ਦੇਖ ਕੇ ਵਿਦਿਆਰਥੀਆਂ ਵਿਚ ਜਾਗ੍ਰਤੀ ਆਵੇ ਅਤੇ ਉਹ ਭਵਿੱਖ ਵਿਚ ਦੇਸ਼-ਕੌਮ ਦੀ ਸੇਵਾ ਲਈ ਤਤਪਰ ਰਹਿਣ।ਵਿਦਿਆਰਥੀਆਂ ਦੀ ਸੁਚੱਜੀ ਅਗਵਾਈ ਲਈ ਪ੍ਰੋ. ਕੌੜਾ ਤੋਂ ਇਲਾਵਾ ਪ੍ਰੋ. ਸੁਖਜਿੰਦਰ ਕੌਰ, ਪ੍ਰੋ. ਸ਼ੀਤਲ ਅਤੇ ਪ੍ਰੋ. ਜਤਿਨ ਸ਼ਰਮਾ ਵੀ ਮੌਜੂਦ ਸਨ ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …