95 ਫੀਸਦੀ ਤੋਂ ਜਿਆਦਾ ਫਰੰਟਲਾਈਨ ਵਰਕਰਾਂ ਨੇ ਲਗਵਾਈ ਵੈਕਸੀਨ
ਕਪੂਰਥਲਾ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਕੋਵਿਡ ਵੈਕਸੀਨੇਸ਼ਨ ਦੀ ਮੁਹਿੰਮ ਨੇ ਰਫਤਾਰ ਫੜ੍ਹ ਲਈ ਹੈ ਅਤੇ ਬੀਤੀ ਕੱਲ੍ਹ ਤੱਕ ਹੀ 28113 ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।
ਕੋਵਿਡ ਦੇ ਕੇਸਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਰੇ ਸਿਵਲ ਹਸਪਤਾਲਾਂ, ਸਬ ਡਿਵੀਜ਼ਨ ਦੇ ਹਸਪਤਾਲਾਂ, ਮੁੱਢਲੇ ਸਿਹਤ ਕੇਂਦਰਾਂ, ਹੈਲਥ ਵੈਲਨੈਸ ਕੇਂਦਰਾਂ ਉਪਰ ਹਫਤੇ ਦੇ ਸਾਰੇ ਦਿਨ ਵੈਕਸੀਨੇਸ਼ਨ ਤੋਂ ਇਲਾਵਾ ਅਗਾਮੀ ਕਣਕ ਦੀ ਖ੍ਰੀਦ ਦੇ ਸੀਜ਼ਨ ਦੌਰਾਨ ਮਾਰਕੀਟ ਕਮੇਟੀਆਂ, ਵੱਡੀਆਂ ਮੰਡੀਆਂ ਵਿਖੇ ਵੀ ਵੈਕਸੀਨ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਸਿਹਤ ਮਾਹਿਰਾਂ ਅਨੁਸਾਰ ਅਪ੍ਰੈਲ ਦੇ ਦੂਜੇ ਹਫਤੇ ਕੋਵਿਡ ਦੇ ਕੇਸ ਦਾ ਵਾਧਾ ਚਰਮ ਸੀਮਾ ’ਤੇ ਪੁੱਜਣ ਦਾ ਅੰਦੇਸ਼ਾ ਹੈ, ਜਿਸ ਲਈ ਲੋਕ ਵੈਕਸੀਨੇਸ਼ਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨੇੜਲੇ ਸਿਹਤ ਕੇਂਦਰਾਂ ਤੋਂ ਵੈਕਸੀਨ ਲਗਵਾਉਣ।
ਉਨ੍ਹਾਂ ਦੱਸਿਆ ਕਿ 45 ਸਾਲ ਤੋਂ ਉੱਪਰ ਵਰਗ ਦੇ ਲੋਕਾਂ ਨੂੰ ਇਸੇ ਮਹੀਨੇ ਦੇ ਅੰਦਰ-ਅੰਦਰ ਵੈਕਸੀਨ ਲਗਾਏ ਜਾਣ ਦਾ ਟੀਚਾ ਮੁਕੰਮਲ ਕੀਤਾ ਜਾਣਾ ਹੈ, ਜਿਸ ਕਰਕੇ ਲੋਕ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਜਲਦ ਵੈਕਸੀਨ ਲਗਵਾਉਣ।ਵੈਕਸੀਨੇਸ਼ਨ ਲਈ ਯੋਗ ਵਿਅਕਤੀ ਨੂੰ ਕੇਵਲ ਫੋਟੋ ਸ਼ਨਾਖਤੀ ਕਾਰਡ ਹੀ ਦਿਖਾਉਣਾ ਹੈ।
ਜਿਲ੍ਹਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਨੇ ਦੱਸਿਆ ਕਿ ਜਿਨ੍ਹਾਂ 28113 ਲੋਕਾਂ ਨੂੰ ਵੈਕਸੀਨ ਲਗਾਈ ਹੈ, ਉਨ੍ਹਾਂ ਵਿਚੋਂ ਫਰੰਟਲਾਇਨ ਵਰਕਰਾਂ ਵਿਚੋਂ 95 ਫੀਸਦੀ ਨੂੰ ਵੈਕਸੀਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ, ਜੋ ਕਿ ਗਿਣਤੀ ਮੁਤਾਬਿਕ 6791 ਹਨ।
ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਸ੍ਰੇਣੀ ਜਿਸ ਤਹਿਤ 60 ਸਾਲ ਦੀ ਉਮਰ ਤੋਂ ਉਪਰ ਦੇ ਲੋਕ ਆਉਂਦੇ ਹਨ, ਜੋ ਕਿ ਉਚ ਜ਼ੋਖਮ ਵਾਲੀ ਸ਼ੇ੍ਰਣੀ ਵਿਚ ਆਉਂਦੇ ਹਨ, ਨੂੰ ਕਵਰ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਹੁਣ ਤੱਕ 15495 ਸੀਨੀਅਰ ਸਿਟੀਜ਼ਨਾਂ ਨੂੰ ਵੈਕਸੀਨ ਲਗਾਈ ਗਈ ਹੈ।ਇਸ ਤੋਂ ਇਲਾਵਾ ਗੰਭੀਰ ਬਿਮਾਰੀਆਂ ਵਾਲੇ ਵਰਗ ਵਿਚ 1928 ਵਿਅਕਤੀਆਂ ਨੂੰ ਵੈਕਸੀਨ ਲੱਗੀ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮ ਤੇ ਐਸ.ਐਮ.ਓ ਨੂੰ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਰੋਜ਼ਾਨਾ ਦੇ ਆਧਾਰ ’ਤੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕਰਕੇ ਟੀਕਾਕਰਨ ਨੂੰ ਤੇਜੀ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ।ਇਸ ਤੋਂ ਇਲਾਵਾ ਸਮਾਜਿਕ ਤੇ ਧਾਰਮਿਕ ਆਗੂਆਂ, ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਮਨੁੱਖਤਾ ਦੀ ਖਾਤਰ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ।