ਟਰੱਸਟ ਵਲੋਂ ਰਸਤਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਜਾਰੀ – ਮਨਮੋਹਨ ਸਿੰਘ ਟੀਟੂ
ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਗੰਦਗੀ ਮੁਕਤ ਕਰਨ ਦੇ ਮੰਤਵ ਨਾਲ ਬਣੀ ਸਮਾਜ ਸੇਵੀ ਸੰਸਥਾ ਹੋਲੀ ਸਿਟੀ ਟਰੱਸਟ ਅੰਮ੍ਰਿਤਸਰ ਵਲੋਂ ਸੰਸਥਾ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਇਨ੍ਹਾਂ ਰਸਤਿਆਂ ਦੀ ਸੰਭਾਲ ਤੇ ਸਾਫ ਸਫਾਈ ਲਈ ਇਕ ਮੁਹਿੰਮ ਅਰੰਭੀ ਜਿਸ ਤਹਿਤ ਅੱਜ ਸੰਸਥਾ ਵਲੋਂ ਰਾਮ ਸਰ ਰੋਡ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਸੜਕ ਤੇ ਕੂੜੇ ਦਾਨ ਲਗਾਏ ਗਏ।ਜਿਸ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਬਾਬਾ ਅਟੱਲ ਦੇ ਬਾਹਰ ਤੋਂ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਦੂਨੀਆਂ ਦੇ ਪਵਿਤਰ ਸ਼ਹਿਰਾਂ ਵਿਚੋਂ ਇਕ ਸ੍ਰੀ ਅੰਮ੍ਰਿਤਸਰ ਜਿਥੇ ਕਿ ਲੱਖਾਂ ਲੋਕ ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ ਪਰ ਇਸ ਪਾਵਨ ਅਸਥਾਨ ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸੜਕਾਂ ਤੇ ਲੱਗੇ ਕੂੜੇ ਦੇ ਢੇਰ, ਗੰਦਗੀ ਤੇ ਟਰੈਫ਼ਿਕ ਦੀ ਬੇਨਿਜਮੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਦੀ ਆਸਥਾ ਨੂੰ ਬਹੁਤ ਠੇਸ ਪਹੁੰਚਦੀ ਹੈ ਅਤੇ ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਸੰਸਥਾ ਵਲੋਂ ਇਨ੍ਹਾਂ ਰਸਤਿਆਂ ਦੀ ਸਾਂਭ ਸੰਭਾਲ ਦਾ ਜਿੰਮਾ ਉਠਾਇਆ ਗਿਆ ਹੈ ਜਿਸ ਵਿਚ ਉਨ੍ਹਾਂ ਨੂੰ
ਸ਼ਹਿਰ ਵਾਸੀਆਂ ਤੇ ਯਾਤਰੀਆਂ ਦਾ ਬਹੁਤ ਭਰਵਾਂ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਬਾਹਰੋਂ ਆਉਣ ਵਾਲੇ ਯਾਤਰੂਆਂ ਵਲੋਂ ਅਕਸਰ ਇਹ ਸ਼ਿਕਾਇਤ ਹੁੰਦੀ ਹੇ ਕਿ ਸ਼ਹਿਰ ਵਿਚ ਦਾਖਲ ਹੁੰਦਿਆਂ ਟ੍ਰੈਫ਼ਿਕ ਪੁਲਿਸ ਵਲੋਂ ਉਨ੍ਹਾਂ ਨੂੰ ਨਜਾਇਜ ਤੌਰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਚਲਾਨ ਕੱਟਣ ਦਾ ਡਰ ਦੇ ਕੇ ਉਨ੍ਹਾਂ ਦੀ ਜੇਬ ਤੇ ਡਾਕਾ ਮਾਰਿਆ ਜਾਂਦਾ ਹੈ ਤੇ ਅਜਿਹੇ ਵਰਤਾਰੇ ਨੂੰ ਰੋਕਣ ਲਈ ਉਨ੍ਹਾਂ ਦਾ ਇਕ ਵਫ਼ਦ ਜਲਦੀ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ।ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇ:ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ, ਸ਼ਾਮ ਲਾਲ ਨਿੱਜੀ ਸਕੱਤਰ ਬੁਲਾਰੀਆ, ਸਤਿੰਦਰਪਾਲ ਸਿੰਘ ਰਾਜੂ, ਹਰਦਿਰ ਸਿੰਘ ਚੇਅਰਮੈਨ ਹੋਟਲ ਐਸੋ:, ਕੁਲਦੀਪ ਸਿੰਘ ਪੰਡੋਰੀ, ਰਜਿੰਦਰ ਸਿੰਘ ਬਿੱਟੂ, ਸੁਰਿੰਦਰ ਸਿੰਘ ਵਸੀਕਾ ਆਦਿ ਮੌਜੂਦ ਸਨ।