Sunday, December 22, 2024

ਸਿਆਣਾ—? (ਮੂੰਹ ਆਈ ਗੱਲ)

ਨਿਮਾਣਾ ਸਿਹੁੰ ਨੇ ਘਰ ਬਣਾਉਣ ਲਈ ਪਲਾਟ ਖਰੀਦਣਾ ਸੀ।ਪਲਾਟ ਦਾ ਮੁੱਲ ਬਜ਼ਟ ਨਾਲੋਂ ਜਿਆਦਾ ਹੋਣ ਕਰਕੇ ਉਹ ਪਲਾਟ ਲੈਣ ਤੋਂ ਅਸਮਰੱਥ ਹੋ ਜਾਂਦਾ।ਨਿਮਾਣੇ ਤੇ ਉਸਦੀ ਪਤਨੀ ਨੂੰ ਇਸੇ ਤਰ੍ਹਾਂ ਪਲਾਟ ਵੇਖਦਿਆਂ- ਵੇਖਦਿਆਂ ਦੋ ਮਹੀਨੇ ਲੰਘ ਗਏ, ਪਰ ਗੱਲ ਨਾ ਬਣੀ।ਇਕ ਦਿਨ ਉਹ ਘੁੰਮਦੇ-ਘੁਮਾਉਂਦੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਮਿਲਣ-ਗਿਲਣ ਚਲੇ ਗਏ।ਚਾਹ ਪਾਣੀ ਪੀਣ ਤੋਂ ਬਾਅਦ ਰਿਸ਼ਤੇਦਾਰ ਦੀ ਪਤਨੀ ਨੇ ਬੜੀ ਹਲੀਮੀ ਨਾਲ ਪੱਛਿਆ ਭਾਅ ਜੀ! “ਅਜੇ ਕਿਤੇ ਕੋਈ ਪਲਾਟ-ਪਲੂਟ ਦੀ ਗੱਲ ਬਣੀ ਆ ਕਿ ਨਹੀਂ ?” ਜਵਾਬ ਦਿੱਤਾ ਨਹੀਂ ਜੀ, ਅਜੇ ਕਿਤੇ ਗੱਲ ਨਹੀਂ ਜੇ ਬਣੀ।ਉਸ ਨੇ ਕਿਹਾ ਕਿਸੇ ਸਿਆਣੇ ਨੂੰ ਹੀ ਪੁੱਛ ਕੇ ਵੇਖ ਲੈਣਾ ਸੀ ਕਿ ਪਲਾਟ ਦੀ ਗੱਲ ਕਿਉਂ ਨਹੀਂ ਬਣ ਰਹੀ?
                  ਇਹ ਗੱਲ ਸੁਣ ਕੇ ਨਿਮਾਣਾ ਧੁਰ ਅੰਦਰੋਂ ਖਿਝ ਗਿਆ ਕਿ ਇਹ ਮੇਰੇ ਪਰਿਵਾਰ ਤੇ ਸਾਡੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਅਸੀਂ ਉਸ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀ ਮੰਨਦੇ, ਪਰ ਇਹ ਸਾਡੇ ਨਾਲ ਕਿਹੜੇ ਵਹਿਮਾਂ ਭਰਮਾਂ ਦੀਆਂ ਗੱਲਾਂ ਕਰਨ ਲੱਗ ਪਈ।ਨਿਮਾਣਾ ਸਿਹੁੰ ਜੀ, ਜੇ ਤੁਸੀਂ ਕਿਸੇ ਸਿਆਣੇ ਨੂੰ ਨਹੀਂ ਜਾਣਦੇ ਤਾਂ ਸਾਡੇ ਪਿੰਡ ਹੀ ਇੱਕ ਸਿਆਣਾ ਹੈਗਾ ਅਸੀਂ ਤਾਂ ਸਾਰੇ ਕੰਮ ਉਸ ਨੂੰ ਪੁੱਛ ਕੇ ਕਰਦੇ ਹਾਂ।ਠੀਕ ਹੈ ਮੈਂ ਤੁਹਾਡੇ ਨਾਲ ਜਾਵਾਂਗਾ ਉਸੇ ਨੂੰ ਵੀ ਪੁੱਛ ਕੇ ਵੇਖ ਲਵਾਂਗੇ।ਨਿਮਾਣੇ ਨੇ ਬੱਧੇ-ਰਿੱਤੇ ਉਸ ਵਡੇਰੀ ਉਮਰ ਦੀ ਰਿਸ਼ਤੇਦਾਰਨੀ ਦਾ ਦਿਲ ਰੱਖਣ ਲਈ ਮਜ਼ਬੂਰੀ ਵੱਸ ਕਿਹਾ।
                      ਵਾਪਸ ਜਾਂਦਾ-ਜਾਂਦਾ ਨਿਮਾਣਾ ਸਿਆਣੇ ਦੇ ਘਰੇ ਆਪ ਹੀ ਪਹੁੰਚ ਗਿਆ ਤਾਂ ਉਹ ਨਿਮਾਣੇ ਦਾ ਹੱਥ ਵੇਖਦਾ ਉਸ ਦੀਆਂ ਤਰੀਫਾਂ ਦੇ ਪੁੱਲ ਬੰਨਦਾ ਸ਼ਰੀਕਾਂ ਨੂੰ ਭੰਡਣ ਲੱਗ ਪਿਆ, ਨਿਮਾਣਾ ਉਸਦੀ ਹੁਸ਼ਿਆਰੀ ਨੂੰ ਭਾਂਪ ਗਿਆ।ਨਿਮਾਣਾ ਉਸ ਨੂੰ ਕਹਿੰਦਾ ਨਵਾਂ ਘਰ ਬਣਾਇਆ, ਤੁਹਾਡੇ ਚਰਨ ਪਵਾਉਣੇ ਹਨ, ਤੁਹਾਨੂੰ ਲੈਣ ਆਏ ਹਾਂ।ਸਿਆਣਾ ਆਪਣੇ ਚੇਲੇ ਚਾਟੜਿਆਂ ਨਾਲ ਨਾਲ ਚੱਲਣ ਦੀ ਤਿਆਰੀ `ਚ ਸੀ ਕਿ ਨਿਮਾਣੇ ਨੇ ਉਸ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਤੂੰ ਕਾਹਦਾ ਸਿਆਣਾਂ? ਜਿਹੜਾ ਇਨਾਂ ਨਹੀਂ ਜਾਣਦਾ ਕਿ ਇਸ ਕੋਲੋਂ ਤਾਂ ਅਜੇ ਪਲਾਟ ਨਹੀਂ ਲਿਆ ਗਿਆ?
                     ਨਿਮਾਣਾ ਉਸ ਨੂੰ ਕਹਿਣ ਲੱਗਾ ਮੈਨੂੰ ਕਿਸੇ ਨੇ ਤੇਰੇ ਕੋਲ ਲੈ ਕੇ ਆਉਣਾ ਹੈ।ਉਹ ਸਵਾਲ ਕਰਨਗੇ ਕਿ ਇਹਨਾਂ ਪਲਾਟ ਲੈਣਾ ਹੈ, ਕੰਮ ਨੇਪਰੇ ਕਿਉਂ ਨਹੀਂ ਚੜ੍ਹ ਰਿਹਾ, ਜ਼ਰਾ ਝਾਤੀ ਮਾਰੋ।ਤੁਸੀਂ ਜੁਆਬ ਦੇਣਾ ਹੈ ਕਿ ਇਹਨਾਂ ਦਾ ਪਲਾਟ ਕਿਸੇ ਨੇ ਤੁਹਾਡੇ ਰੁਪਏ ਨਾਲ ਬੱਧਾ ਹੈ, ਇਸ ਲਈ ਅੱਧੇ ਰੁਪਏ ਤੁਸੀਂ ਦਿਓ ਫਿਰ ਇਹਨਾਂ ਕੋਲੋਂ ਪਲਾਟ ਲਿਆ ਜਾਣਾ।ਜੇਕਰ ਤੂੰ ਕੁੱਝ ਹੋਰ ਕਿਹਾ ਤਾਂ ਮੈਂ ਤੈਨੂੰ ਇਹੋ ਜਿਹੇ ਸਵਾਲ ਪੁੱਛਾਂਗਾ ਜਿਸ ਨਾਲ ਤੇਰੇ ਸਿਆਣੇਪਣ ਦਾ ਮਖੌਟਾ ਉਤਰ ਜਾਵੇਗਾ।ਇਸ ਤਰ੍ਹਾਂ ਹੀ ਹੋਇਆ।ਇਹ ਸੁਣ ਕੇ ਰਿਸ਼ਤੇਦਾਰਨੀ ਦੇ ਚਿਹਰੇ ਤੋਂ ਰੰਗ ਹੀ ਉਡ ਗਿਆ। ਸ਼ਾਇਦ ਮਨ `ਚ ਉਹ ਸੋਚਣ ਲੱਗੀ ਇਹ ਕਿਹੋ ਜਿਹਾ ਸਿਆਣਾ ਹੋਇਆ? ਕਦੀ ਇਸ ਤਰ੍ਹਾਂ ਵੀ ਹੋਇਆ ? ਢਿੱਲਾ ਜਿਹਾ ਮੂੰਹ ਬਣਾ ਕੇ ਸਿਆਣੇ ਦੇ ਘਰੋਂ ਤੇਜ਼ੀ ਨਾਲ਼ ਉਸ ਨੂੰ ਬਾਹਰ ਨਿਕਲਦਿਆਂ ਉਸਦੇ ਚਿਹਰੇ ਦੇ ਹਾਵ-ਭਾਵ ਵੇਖ ਨਿਮਾਣੇ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹ ਸਿਆਣੇ ਦੇ ਸਹੀ ਮਾਅਨਿਆਂ `ਚ ਅਰਥ ਸਮਝਦੀ ਦੇ ਮਨ `ਚ ਵਿਚਾਰ ਘੁੰਮ ਰਹੇ ਹੋਣ ਕਿ ਚਾਰ ਫੂਕਾਂ ਮਾਰ ਕੇ 2 ਰੁਪਏ ਦੀ ਚੀਜ਼ ਜਿਸ ਨੇ 200 `ਚ ਵੇਚ ਲਈ ਸਿਆਣਾ ਤਾਂ ਉਹ ਆਪੇ ਹੋਇਆ।22102021

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …