ਗੁਰੂ ਦੀ ਨਗਰੀ ‘ਚ ਅੱਜ ਤੋਂ ਸ਼ੁਰੂ ਹੋਵੇਗਾ 15ਵਾਂ ਪਾਈਟੈਕਸ ਮੇਲਾ, ਉਪ ਮੁੱਖ ਮੰਤਰੀ ਸੋਨੀ ਕਰਨਗੇ ਉਦਘਾਟਨ
ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੇ ਮਾਧਿਅਮ ਤੋਂ ਜਿਥੇ ਕਈ ਦੇਸ਼ਾਂ ਵਿਚ ਸਨਅਤੀ ਸੰਬੰਧ ਮਜ਼ਬੂਤ ਹੋਣਗੇ ਉਥੇ ਹੀ ਉਦਯੋਗ ਜਗਤ ਦੇ ਖੇਤਰ ਵਿਚ ਅੰਮਿ੍ਰਤਸਰ ਦਾ ਗਰਾਫ ਵੀ ਵਧੇਗਾ।
ਉਕਤ ਵਿਚਾਰ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਬੁੱਧਵਾਰ ਨੂੰ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਕੀਤੇ ਜਾ ਰਹੇ 15ਵੇਂ ਪਾਈਟੈਕਸ ਮੇਲੇ ਸਬੰਧੀ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ।ਸਮਾਗਮ ਦੀ ਮੇਜ਼ਬਾਨੀ ਪੰਜਾਬ ਸਰਕਾਰ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 14 ਸਾਲਾਂ ਦੌਰਾਨ ਪਾਈਟੈਕਸ ਨੇ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ, ਜਿਸਦੇ ਆਯੋਜਨ ਦਾ ਇਥੋਂ ਦੇ ਲੋਕਾਂ ਨੂੰ ਵੱਡੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਕੋਰੋਨਾ ਸਬੰਧੀ ਹਦਾਇਤਾਂ ਦਾ ਵਿਸ਼ੇਸ਼ ਖਿਆਲ ਰੱਖਦੇ ਹੋਏ ਇਸ ਸਮਾਗਮ ਵਿਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਮੁੱਚੇ ਅੰਮਿ੍ਰਤਸਰ ਵਾਸੀਆਂ ਲਈ ਮਾਣ ਦੀ ਗੱਲ ਹੈ ਕਿ ਪਾਈਟੈਕਸ ਵਰਗੇ ਪ੍ਰੋਗਰਾਮ ਦਾ ਆਯੋਜਨ ਇਥੇ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰ ਆਰ.ਐਸ ਸਚਦੇਵਾ ਨੇ ਦੱਸਿਆ ਕਿ ਪਾਈਟੈਕਸ ਦਾ ਉਦਘਾਟਨ ਵੀਰਵਾਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ ਸੋਨੀ ਕਰਨਗੇ।ਪਾਈਟੈਕਸ ਵਿੱਚ ਇਸ ਵਾਰ ਦਾ ਥੀਮ ਟੂਰਿਜ਼ਮ ਹੋਵੇਗਾ।ਉਦਘਾਟਨ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਆਯੋਜਨ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉਦਯੋਗਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਅਦਾਰੇ ਮਾਰਕਫੈਡ, ਪੰਜਾਬ ਟੂਰਿਜ਼ਮ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੰਜਾਬ ਸਟੇਟ ਕਾਰਪ੍ਰੋਟਿਵ ਮਿਲਕ ਫੈਡਰੇਸ਼ਨ, ਪੇਡਾ, ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ।ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ, ਪੰਜਾਬ ਸਹਿਕਾਰੀ ਬੈਂਕ, ਪਨਸਪ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ, ਮੰਡੀ ਬੋਰਡ ਭਾਗ ਲੈ ਰਹੇ ਹਨ।ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਵਿਭਾਗ ਐਮ.ਐਸ.ਐਮ.ਈ, ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ, ਐਨ.ਐਸ.ਆਈ.ਸੀ ਨੈਸ਼ਨਲ ਜੂਟ ਬੋਰਡ ਸਮੇਤ ਕਈ ਵਿਭਾਗ ਪਾਈਟੈਕਸ ਵਿਚ ਆਪਣੀ ਭੂਮਿਕਾ ਨਿਸ਼ਚਿਤ ਕਰ ਰਹੇ ਹਨ।
ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਕੋ-ਚੇਅਰ ਕਰਣ ਗਿਲਹੋਤਰਾ ਨੇ ਦੱਸਿਆ ਕਿ ਪਾਈਟੈਕਸ ਵਿਚ 3 ਦਸੰਬਰ ਨੂੰ ਐਮ.ਐਸ.ਐਮ.ਈ ਨੂੰ ਉਤਸ਼ਾਹਿਤ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਲ ਇਥੇ ਇਜਪਟ, ਟਰਕੀ, ਇਰਾਨ, ਥਾਈਲੈਂਡ ਅਤੇ ਅਫਗਾਨਿਸਤਾਨ ਦੇ ਕਾਰੋਬਾਰੀ ਭਾਗ ਲੈ ਰਹੇ ਹਨ। ਉਥੇ ਹੀ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ ਅਤੇ ਉਤਰਾਖੰਡ ਸੂਬਿਆਂ ਦੇ ਕਾਰੋਬਾਰੀ ਵੀ ਇਥੇ ਆਪਣੇ ਉਤਪਾਦ ਲੈ ਕੇ ਪਹੁੰਚ ਰਹੇ ਹਨ।ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਸਥਾਨਕ ਆਯੋਜਕ ਜੈਦੀਪ ਸਿੰਘ ਨੇ ਦੱਸਿਆ ਕਿ ਪਾਈਟੈਕਸ ਸ਼ੁਰੂ ਹੋਣ ਤੋਂ ਪਹਿਲਾਂ ਸਟਾਲ ਬੁੱਕ ਹੋ ਚੁੱਕੇ ਹਨ।ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਅਸੀਸਟੈਂਟ ਸੈਕਟਰੀ ਜਰਨਲ ਨਵੀਨ ਸੇਠ ਨੇ ਦੱਸਿਆ ਕਿ ਇਥੇ ਕਰੀਬ 8 ਹੈਂਗਰ ਵਿਚ 400 ਸਟਾਲ ਲਗਾਏ ਗਏ ਹਨ।ਉਨ੍ਹਾਂ ਦੱਸਿਆ ਕਿ ਸਾਲ 2005 ਵਿੱਚ ਜਦੋਂ ਅੰਮ੍ਰਿਤਸਰ ਵਿੱਚ ਪਾਈਟੈਕਸ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਉਦੋਂ ਕਰੀਬ 150 ਕਾਰੋਬਾਰੀਆਂ ਨੇ ਭਾਗ ਲਿਆ ਸੀ ਅਤੇ ਮਹਿਜ਼ 50 ਹਜ਼ਾਰ ਲੋਕਾਂ ਨੇ ਇਥੇ ਦਾ ਦੌਰਾ ਕੀਤਾ ਸੀ।ਪਿਛਲੇ ਸਾਲ ਇਥੇ ਕਰੀਬ ਤਿੰਨ ਲੱਖ ਲੋਕਾਂ ਨੇ ਦੌਰਾ ਕੀਤਾ।ਇਥੇ ਸੰਖਿਆ ਇਸ ਵਾਰ ਵਧ ਕੇ ਸਾਢੇ ਤਿੰਨ ਲੱਖ ਤੱਕ ਪਹੁੰਚਣ ਦੀ ਆਸ ਹੈ।
ਪਾਈਟੈਕਸ ਵਿਚ ਮਾਸਕ ਪਾ ਕੇ ਹੀ ਆਓ
ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਕੀਤੇ ਜਾ ਰਹੇ 15ਵੇਂ ਪਾਈਟੈਕਸ ਵਿਚ ਪ੍ਰਬੰਧਕਾਂ ਵਲੋਂ ਕੋਰੋਨਾ ਤੋਂ ਬਚਾਓ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਵਿਸੇਸ਼ ਪ੍ਰਬੰਧ ਕੀਤਾ ਗਏ ਹਨ।
ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ.ਐਸ ਸਚਦੇਵਾ ਅਤੇ ਉਪ ਚੇਅਰਮੈਨ ਕਰਣ ਗਿਲਹੋਤਰਾ ਨੇ ਦੱਸਿਆ ਕਿ ਇਥੇ ਸਾਰੇ ਐਂਟਰੀ ਗੇਟਾਂ ’ਤੇ ਥਰਮਲ ਸਕੈਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਤੋਂ ਇਲਾਵਾ ਬਣਾਏ ਗਏ ਸਾਰੇ ਹੈਂਗਰਾਂ ਦੇ ਬਾਹਰ ਸੈਨੀਟਾਈਜੇਸ਼ਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਇਥੇ ਹੀ ਨਹੀਂ ਪਹਿਲਾਂ ਜਿਥੇ ਸਾਰੇ ਹੈਂਗਰ ਆਪਸ ਵਿਚ ਜੁੜੇ ਹੁੰਦੇ ਸਨ ਪਰ ਹੁਣ ਇਨ੍ਹਾਂ ਨੂੰ ਵੱਖ ਵੱਖ ਕਰ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਪਾਈਟੈਕਸ ਵਿਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਫਸਟ ਐਂਡ ਕਾਊਟਰ ਵੀ ਸਥਾਪਿਤ ਕੀਤੇ ਜਾਣਗੇ।