ਪ੍ਰਭਜੋਤ ਹਰ ਰੋਜ਼ ਸਕੂਲ ਜਾਣ ਤੋਂ ਪਹਿਲਾਂ ਆਪਣੇ ਬਾਪੂ ਨਾਲ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਸੀ।ਪਾਠੀ ਸਿੰਘ ਨੇ ਹੁਕਮਨਾਮੇ ਤੋਂ ਬਾਅਦ ਥੋੜ੍ਹਾ ਸਮਾਂ ਹੁਕਮਨਾਮੇ ਦੀ ਵਿਆਖਿਆ ਕਰਨੀ।ਗੁਰਦੁਆਰੇ ‘ਚ ਹਰ ਰੋਜ਼ ਕੋਈ ਨਾ ਕੋਈ ਪਾਠੀ ਸਿੰਘ ਤੋਂ ਇਹ ਅਰਦਾਸ ਕਰਵਾਉਂਦੇ ਹੀ ਰਹਿੰਦੇ ਸਨ, ਕਿ ਹੇ ਵਾਹਿਗੁਰੂ ਸਾਡੇ ਬੱਚੇ ਦੇ ਆਈਲੈਟਸ ਵਿੱਚੋਂ ਚੰਗੇ ਬੇਂਡ ਆ ਜਾਣ।ਸਾਡੇ ਬੱਚੇ ਦਾ ਵੀਜ਼ਾ ਆ ਜਾਵੇ।ਸਾਡੇ ਬੱਚੇ ਨੂੰ ਵਰਕ ਪਰਮਿਟ ਮਿਲ ਜਾਵੇ।ਸਾਡੇ ਬੱਚਿਆਂ ਨੂੰ ਹੁਣ ਪੀ.ਆਰ ਮਿਲ ਜਾਵੇ।ਹੁਣ ਉਹਨਾਂ ਦਾ ਉਥੇ ਆਪਣਾ ਘਰ ਬਣ ਜਾਵੇ।ਪਾਠੀ ਸਿੰਘ ਵੀ ਲਗਨ ਨਾਲ ਅਰਦਾਸ ਕਰਦਾ ਹੁੰਦਾ ਸੀ।ਕਿਸੇ ਨੇ ਭੇਟਾ ਦੇ ਦੇਣੀ ਕਿਸੇ ਨੇ ਬੇਅੰਤ ਮਾਇਆ ਦੇ ਰੂਪ ਵਿੱਚ ਅਰਦਾਸ ਭੇਟਾ ਕਰਾਉਣੀ।ਉਸ ਪਿੰਡ ਦੇ ਮੁੰਡੇ ਕੁੜੀਆਂ ਨੂੰ ਇਹੋ ਜਿਹੀ ਚੇਟਕ ਲੱਗੀ ਕਿ ਹਰ ਘਰ ਦੇ ਬੱਚੇ ਬਾਹਰ ਜਾਣ ਦੀ ਤਿਆਰੀ ਵਿੱਚ ਰਹਿੰਦੇ।
ਪ੍ਰਭਜੋਤ 12ਵੀਂ ਪਾਸ ਕਰਕੇ ਆਪਣੇ ਬਾਪੂ ਨੂੰ ਕਹਿੰਦਾ ਬਾਪੂ ਜੀ, ਹੁਣ ਤੁਸੀਂ ਵੀ ਅਰਦਾਸ ਕਰਵਾਉਗੇ ਮੇਰੇ ਵਾਸਤੇ।ਨਹੀਂ ਪੁੱਤਰਾਂ ਮੈ ਬਿਲਕੁੱਲ ਇਹ ਅਰਦਾਸ ਨਹੀਂ ਕਰਵਾਵਾਂਗਾ।ਅਸੀਂ ਪਹਿਲਾਂ ਹੀ ਬਹੁਤ ਉਜਾੜੇ ਆਪਣੇ ਪਿੰਡੇ ‘ਤੇ ਹੰਢਾਅ ਲਏ ਨੇ।ਤੈਨੂੰ ਨਹੀਂ ਪਤਾ ਕਿ ਸਾਨੂੰ ਉਹਨਾਂ ਫਰੰਗੀਆਂ ਨੂੰ ਕੱਢਣ ਵਾਸਤੇ ਕੀ ਕੀ ਕਰਨਾ ਪਿਆ ਐ।ਸਾਡੇ ਵੱਡੇ ਵਡੇਰਿਆਂ ਨੂੰ ਉਹਨਾਂ ਫਰੰਗੀਆਂ ਨੇ ਬਾਗੀ ਕਹਿ ਕੇ ਕਾਲੇ ਪਾਣੀ ਜੇਲ੍ਹਾਂ ਵਿੱਚ ਭੇਜ ਦਿੱਤਾ।ਜਿਹੜੇ ਪੁੱਤਰਾਂ ਜਿਊਂਦੇ ਜੀਅ ਅੱਜ ਤਕ ਵਾਪਿਸ ਨਹੀਂ ਮੁੜੇ. .ਅਗੇ ਹੋਰ ਸੁਣ, ਉਹਨਾਂ ਫਰੰਗੀਆਂ ਨੇ ਜਾਂਦਿਆ ਜਾਂਦਿਆ ਸਾਡੇ ਆਪਸੀ ਭਾਈਚਾਰੇ ਵਿੱਚ ਇਹੋ ਜਿਹਾ ਪੁਆੜਾ ਪਾ ਦਿੱਤਾ।ਜਾਤਾਂ ਪਾਤਾਂ ਵਿੱਚ ਵਿਤਕਰਾ ਪਾ ਕੇ ਲੱਖਾਂ ਲੋਕਾਂ ਦੇ ਕਤਲ ਕਰਵਾ ਦਿੱਤੇ।ਖੂਨ ਦੀਆਂ ਨਦੀਆਂ ਵਗਦੀਆਂ ਰਹੀਆਂ।ਜਿਹੜੇ ਕੱਲ ਤੱਕ ਇਕੱਠੇ ਇੱਕੋ ਥਾਲੀ ਵਿੱਚ ਖਾਂਦੇ ਸੀ।ਅਗਲੇ ਹੀ ਦਿਨ ਉਹ ਇਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ ..ਸਾਡੇ ਪੰਜਾਬ ਦੀ ਹਿੱਕ ਵਿੱਚੋਂ ਇਹੋ ਜਿਹੀ ਲਕੀਰ ਖਿੱਚ ਦਿੱਤੀ।ਜੋ ਅੱਜ ਤੱਕ ਸਾਡੀਆਂ ਅੱਖਾਂ ਵਿੱਚ ਪਈ ਰੜਕਦੀ ਹੈ।
ਹੁਣ ਪਿਆ ਮੈਂ ਵੇਖਦਾ ਹਾਂ ਕਿ ਅਸੀਂ ਆਪਣੇ ਜ਼ਿਗਰ ਦੇ ਟੋਟੇ, ਉਹਨਾਂ ਫਰੰਗੀਆਂ ਦੀਆਂ ਦਿਹਾੜੀਆਂ ਕਰਨ ਵਾਸਤੇ ਉਹਨਾਂ ਦੇ ਦੇਸ਼ ਭੇਜ਼ ਰਹੇ ਹਾਂ।ਸਿਰਫ ਇੰਨਾ ਸੋਚ ਕੇ ਕਿ ਸਾਡੇ ਦੇਸ਼ ਦਾ ਸਿਸਟਮ ਚੰਗਾ ਨਹੀਂ ਹੈ।ਸਿਸਟਮ ਕੀਹਨੇ ਠੀਕ ਕਰਨਾ ਏ? ਕੋਈ ਬਾਹਰੋਂ ਆ ਕੇ ਸਾਡੇ ਦੇਸ਼ ‘ਤੇ ਰਾਜ ਕਰੇ ਤੇ ਫਿਰ ਉਹ ਸਾਡਾ ਸਿਸਟਮ ਠੀਕ ਕਰਕੇ ਜਾਵੇਗਾ, ਲੱਖ ਲਾਹਨਤ ਹੈ।ਫਿਰ ਲੀਡਰ ਵੀ ਅਸੀਂ ਹੀ ਚੁਣਦੇ ਹਾਂ।ਜੇਕਰ ਸਿਸਟਮ ਠੀਕ ਕਰਨਾ ਹੈ ਤੇ ਪਹਿਲਾਂ ਸਾਨੂੰ ਆਪ ਠੀਕ ਹੋਣਾ ਪਵੇਗਾ।ਵੋਟ ਸੋਚ ਸਮਝ ਕੇ ਪਾਈਏ।ਚੰਗੇ ਤੇ ਇਮਾਨਦਾਰ ਬੰਦਿਆਂ ਦੀ ਚੋਣ ਕਰੀਏ।ਦਾਗੀ ਤੇ ਭ੍ਰਿਸ਼ਟ ਲੀਡਰਾਂ ਨੂੰ ਅੱਗੇ ਹੀ ਨਾ ਆਉਣ ਦੇਈਏ।ਕਿਸੇ ਸਮੇਂ ਸਾਡਾ ਦੇਸ਼ ਸੋਨੇ ਦੀ ਚਿੜੀ ਹੁੰਦਾ ਸੀ।ਸੋਨਾ ਸਾਰਾ ਸਵਿੱਟਜ਼ਰਲੈਂਡ ਦੇ ਸਵਿਸ ਬੈਕਾਂ ਵਿੱਚ ਚਲਾ ਗਿਆ ਹੈ।ਇਥੇ ਫੋਕੇ ਚਿੜੀ ਦੇ ਹੁਣ ਖੰਭ ਹੀ ਰਹਿ ਗਏ ਨੇ।ਬਾਹਰਲੇ ਦੇਸ਼ ਜਾਣ ਨਾਲ ਮਸਲਾ ਹਲ ਨਹੀਂ ਹੋਣਾ।ਪੁੱਤਰਾ ਇਥੇ ਰਹਿ ਕੇ ਜ਼ਬਰ ਦਾ ਟਾਕਰਾ ਕਰ।ਵਾਹਿਗੁਰੂ ਦਾ ਦਿੱਤਾ ਬਹੁਤ ਕੁੱਝ ਇਥੇ ਆਪਣੇ ਕੋਲ ਹੈ।ਹੁਣ ਅਸੀਂ ਨਹੀਂ ਚਾਹੁੰਦੇ ਕਿ ਤੂੰ ਵੀ ਸਾਥੋਂ ਵਿੱਛੜ ਜਾਵੇਂ।ਵਿਛੋੜੇ ਨੇ ਤਾਂ ਸਾਨੂੰ ਪਹਿਲਾਂ ਹੀ ਮਾਰ ਛੱਡਿਆ ਏ।
ਪੁੱਤਰਾ ਮੈ ਤੇਰੇ ਲਈ ਇਹੋ ਹੀ ਅਰਦਾਸ ਕਰਵਾਵਾਂਗਾ, ਕਿ ਰੱਬ ਤੇਰੇ ਵਿਚ ਹਿੰਮਤ ਬਖਸ਼ੇ ਤੇ ਤੂੰ ਜ਼ਬਰ ਦਾ ਇਥੇ ਰਹਿ ਕੇ ਮੁਕਾਬਲਾ ਕਰੇਂ।ਆਪਣੇ ਦੇਸ਼ ਦਾ ਸਿਸਟਮ ਠੀਕ ਕਰਕੇ ਦੁਨੀਆਂ ਨੂੰ ਵਿਖਾਵੇਂ।
ਵਾਸਤਾ ਈ ਰੱਬ ਦਾ ਪੁੱਤਰਾ ਤੂੰ ਫਰੰਗੀਆਂ ਦੇ ਦੇਸ਼ ਨਾ ਜਾਵੀਂ। 19022022
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)
ਮੋ – 7589155501