Thursday, November 21, 2024

ਸ਼ਗਨ ਵਾਲਾ ਲਿਫਾਫਾ (ਵਿਅੰਗ)

                  ਨਿਮਾਣਾ ਸਿਹੁੰ ਦੇ ਇਕ ਸਾਥੀ ਦੇ ਲੜਕੇ ਦਾ ਵਿਆਹ ਸੀ।ਨਿਮਾਣਾ ਸਿਹੁੰ ਨੂੰ ਵੀ ਸੱਦਾ ਪੱਤਰ ਆਇਆ।ਵਿਆਹ ਤੋਂ ਦੋ ਚਾਰ ਦਿਨ ਬਾਅਦ ਨਿਮਾਣਾ ਪਰਿਵਾਰ ਸਮੇਤ ਉਨ੍ਹਾਂ ਦੇ ਘਰ ਮਿਲਣ ਗਿਆ।ਰਸਮੀ ਤੌਰ ਤੇ ਮਿਲਣ ਤੋਂ ਬਾਅਦ ਕਿਹਾ, ਭਾਅ ਜੀ, ਤੁਹਾਡੇ ਬੇਟੇ ਦਾ ਵਿਆਹ ਬਹੁਤ ਵਧੀਆ ਹੋਇਆ, ਬਹੁਤ ਵਧੀਆ ਪ੍ਰਬੰਧ ਸੀ।ਤੁਹਾਨੂੰ ਰਿਸ਼ਤੇਦਾਰ ਵੀ ਬੜੇ ਚੰਗੇ ਮਿਲੇ।ਵਿਆਹ ਵੇਖ ਮਨ ਖੁਸ਼ ਹੋ ਗਿਆ।ਨਿਮਾਣੇ ਦੇ ਸਾਥੀ ਦੀ ਸ਼੍ਰੀਮਤੀ ਜੀ ਬੋਲ਼ੇ, ਗੱਲਾਂ ਬਾਤਾਂ ਤਾਂ ਫਿਰ ਹੁੰਦੀਆਂ ਰਹਿਣਗੀਆਂ।ਭਾਅ-ਜੀ ਆਏ ਹਨ ਇਨ੍ਹਾਂ ਨੂੰ ਨਾਲ ਲੈ ਕੇ ਸ਼ਗਨ ਵਾਲੇ ਲਿਫ਼ਾਫ਼ੇ ਵੇਖ ਲਓ।ਜਿਹਨਾਂ ਕੋਲੋਂ ਤੁਸੀਂ ਪੈਸੇ ਉਧਾਰ ਫੜ੍ਹੇ ਸੀ, ਇਹ ਪੈਸੇ ਉਹਨਾਂ ਨੂੰ ਵਾਪਸ ਕਰ ਆਇਓ।ਫਿਰ ਵੀ ਕਿਤੇ ਜ਼ਿੰਦਗੀ `ਚ ਬੰਦੇ ਦੀ ਲੋੜ ਹੁੰਦੀ ਆ।
                ਰੱਬ ਦਾ ਨਾਂਅ ਧਿਆ ਕੇ ਸ਼ਗਨ ਵਾਲੇ ਲਿਫ਼ਾਫਿਆਂ ਵਿੱਚ ਸਭ ਤੋਂ ਪਹਿਲਾਂ ਇਕ ਸਵਾ ਫੁਟ ਤੋਂ ਵੱਡਾ ਲਿਫ਼ਾਫਾ ਖੋਲ੍ਹਿਆ।ਲੰਮੀ ਬਾਂਹ ਕਰਕੇ ਉਸ ਵਿੱਚੋਂ ਇੱਕੀ ਸੌ ਰੁਪਈਆ ਨਿਕਲਿਆ।ਸਾਰੇ ਬੜਾ ਖ਼ੁਸ਼ ਹੋਏ ਕਿ ਵੇਖੋ! ਸ਼ੁਰੂਆਤ ਕਿੰਨੀ ਵਧੀਆ ਹੋਈ ਜੇ! ਘਰ ਵਾਲਿਆਂ ਦੇ ਚਿਹਰੇ ਤੇ ਵੱਖਰਾ ਨੂਰ ਛਲਕਣ ਲੱਗਾ।ਸ਼੍ਰੀਮਤੀ ਜੀ ਚਾਹ ਬਣਾ ਕੇ ਲਿਆਏ।ਉਹਨਾਂ ਜਦ ਇੱਕੀ ਸੌ ਵਾਲ਼ਾ ਲਿਫ਼ਾਫ਼ਾ ਵੇਖਿਆ ਤਾਂ ਉਸ ਉਪਰ।”ਸ਼ੁਭ ਇੱਛਾਵਾਂ” ਲਿਖਿਆ ਹੋਇਆ ਸੀ।ਲਿਫ਼ਾਫ਼ੇ ਦੇ ਅੰਦਰੋਂ ਨਾਂਵਾਂ ਦੀ ਇੱਕ ਲੰਮੀ ਲਿਸਟ ਨਿਕਲੀ।ਸ਼੍ਰੀਮਤੀ ਜੀ ਇੱਕੀ ਸੌ ਨੂੰ ਤੇਰ੍ਹਾਂ` ਤੇ ਭਾਗ ਦਿੰਦੀ ਚਾਹ ਵਾਂਗ ਉਬਾਲੇ ਖਾਣ ਲੱਗੀ।ਉਸ ਦੇ ਮੂੰਹ ਵਿੱਚੋਂ ਤਿੱਖੇ ਬੋਲ ਨਿਕਲਣ ਲੱਗੇ ਜਿਵੇਂ ਪੈਂਤੀ ਦੀ ਸਪੀਡ ਵਾਲਾ ਰਿਕਾਰਡ ਗਲਤੀ ਨਾਲ਼ ਪੰਜ਼ਤਾਲੀ ਦੀ ਸਪੀਡ ਤੇ ਲੱਗ ਗਿਆ ਹੋਵੇ।ਤੇਜ਼ ਬੋਲਣ ਕਰਕੇ ਉਸਦੇ ਵਿਅੰਗਮਈ ਤੇ ਗਰਮ ਬੋਲ ਪੂਰੀ ਤਰ੍ਹਾਂ ਸਮਝ ਨਹੀਂ ਆ ਰਹੇ ਸਨ।ਹਾਂ, ਕੁੱਝ ਬੋਲ ਪੱਲੇ ਪਏ ਜਿਵੇਂ ਕਹਿ ਰਹੀ ਹੋਵੇ ਦੋ ਹਜ਼ਾਰ ਦੀ ਪਲੇਟ ਤੇ ਚਾਰ ਸੌ ਦਾ ਡੱਬਾ——।ਉਹ ਲਗਾਤਾਰ ਬੋਲਦੀ ਜਾ ਰਹੀ ਸੀ, ਹੋਰ ਤੇ ਹੋਰ ਕਈ ਤੁਹਾਡੇ ਸਾਥੀ ਤਾਂ ਦੋ-ਦੋ ਚਾਰ- ਚਾਰ ਜਣੇ ਨਾਲ ਹੋਰ ਲੈ ਕੇ ਆਏ ਸੀ, ਜਿਵੇਂ ਇਥੇ —-।
              ਭੈਣ ਜੀ ਚੁੱਪ ਕਰੋ, ਇਹ ਅੱਗੇ ਹੀ ਦਿਲ ਦੇ ਮਰੀਜ਼ ਨੇ।ਇਹ ਟੈਨਸ਼ਨ ਬੜੀ ਛੇਤੀ ਲੈ ਜਾਂਦੇ ਜੇ।ਛੱਡੋ, ਜੋ ਹੋ ਗਿਆ ਸੋ ਹੋ ਗਿਆ।ਕੀ ਫ਼ਾਇਦਾ ਲਕੀਰ ਕੁਟਣ ਦਾ? ਸ਼ੁੁਕਰ ਕਰੋ ਭੈਣ ਜੀ ਅਗਲੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ।ਨਿਮਾਣੇ ਨੇ ਰਿਸ਼ਤੇਦਾਰ ਦੀ ਪਤਨੀ ਨੂੰ ਸਮਝਾ ਕੇ ਸ਼ਾਂਤ ਕੀਤਾ।ਏਨੀ ਦੇਰ `ਚ ਸ਼੍ਰੀਮਤੀ ਜੀ ਦਾ ਫੂਨ ਵੱਜਿਆ। ਫੂਨ ਚੁੱਕਦਿਆਂ ਅੱਗੋਂ ਆਵਾਜ਼ ਆਈ ਭੈਣ ਜੀ ਕੀ ਹਾਲ ਏ?, ਭੈਣ ਜੀ ਵਿਆਹ ਵੇਖ ਕੇ ਸਾਨੂੰ ਬਹੁਤ ਆਨੰਦ ਆਇਆ, ਮਨ ਖੁਸ਼ ਹੋ ਗਿਆ।ਹਾਂ ਜਿਹੜੇ ਤੁਸੀਂ ਮੇਰੀ ਵੱਡੀ ਬੇਟੀ ਦੇ ਕੱਪੜੇ ਬਣਾਉਣੇ ਹਨ ਨਾ, ਉਹ ਸਿਲਕ ਦਾ ਸੂਟ ਪਾਉਂਦੀ ਜੇ, ਜ਼ਰਾ ਧਿਆਨ ਰੱਖਣਾ।ਸਾਡਾ ਪ੍ਰਾਹੁਣਾ ਵੀ ਫੁੱਲ ਵੈਲ ਦੀ ਸਾਢੇ ਸੱਤ ਮੀਟਰ ਤੋਂ ਘੱਟ ਪੱਗ ਨਹੀਂ ਜੇ ਬੰਨ ਦਾ—-।ਉਨ੍ਹਾਂ ਦੀ ਤਿੰਨ ਸਾਲ ਦੀ ਬੇਟੀ ਲਈ ਭਾਵੇਂ ਗਰਮੀ `ਚ ਪਾਉਣ ਵਾਲੇ ਰੈਡੀਮੇਟ ਹੀ ਕੱਪੜੇ ਲੈ ਆਇਓ—–।
                   ਸ਼੍ਰੀਮਤੀ ਜੀ ਨੇ ਗੱਲ ਪੂਰੀ ਸੁਣਨ ਤੋਂ ਪਹਿਲਾਂ ਹੀ ਫੂਨ ਕੱਟ ਦਿੱਤਾ।ਅਖੇ ਦੇ ਕੇ ਦੋ ਸੌ ਰੁਪਈਆ ਗਏ।ਤਿੰਨ ਜਣੇ ਵਿਆਹ ਖਾਅ ਗਏ।ਸਾਡੇ ਕੋਲੋਂ ਚਾਰ ਹਜ਼ਾਰ ਦੇ ਕੱਪੜੇ ਭਾਲਦੇ ਆ——–।ਫੂਨ ਅਜੇ ਸ਼੍ਰੀਮਤੀ ਜੀ ਦੇ ਹੱਥ `ਚ ਹੀ ਸੀ ਕਿ ਫਿਰ ਘੰਟੀ ਵੱਜੀ।ਅੱਗਿਓਂ ਕੋਈ ਹਿੰਦੀ `ਚ ਬੋਲਿਆ।ਇਹ ਫੂਨ ਤੁਸੀਂ ਸੁਣੋ ਸਪੀਕਰ ਲਾ ਕੇ, ਕੋਈ ਤੁਹਾਡਾ ਈ ਸਾਥੀ ਲੱਗਦਾ ਜੇ।ਮੈਂ ਰਸੋਈ ਸੰਭਾਲਾਂ ਤੇ ਰੋਟੀ ਪਾਣੀ ਦਾ ਇੰਤਜ਼ਾਮ ਕਰਾਂ।
                  ਨਿਮਾਣੇ ਦੇ ਸਾਥੀ ਨੇ ਹੈਲੋ ਕਿਹਾ ਤਾਂ ਅੱਗਿਓਂ ਆਵਾਜ਼ ਆਈ, ਨਮਸਤੇ ਜੀ, ਮੈਂ —– ਬੋਲ ਰਹਾਂ ਹੂੰ, ਮੈਂ ਸ਼ਾਦੀ ਮੇਂ ਨਹੀਂ ਆ ਸਕਾ, ਉਸ ਦਿਨ ਮੈਂ ਕੁੱਝ ਜਿਆਦਾ ਢੀਲਾ ਹੋ ਗਿਆ ਥਾ।ਬਾਤ ਯਹ ਹੁਈ ਕਿ ਆਪਕੇ ਬੇਟੇ ਕੀ ਸ਼ਾਦੀ ਸੇ ਦੋ ਦਿਨ ਪਹਿਲੇ ਏਕ ਔਰ ਸ਼ਾਦੀ ਥੀ, ਉਸ ਸ਼ਾਦੀ ਮੇਂ ਕੁੱਝ ਜਿਆਦਾ ਹੀ ਖਾਇਆ ਪੀਆ ਗਿਆ।ਮਜ਼ੇ ਕੀ ਬਾਤ ਬਤਾਊਂ ਕਿ ਨਸ਼ਾ ਇਤਨਾ ਜਿਆਦਾ ਚੜ੍ਹ ਗਿਆ ਥਾ ਕਿ ਮੈ ਵਹਾਂ ਸ਼ਗਨ ਵਾਲ਼ਾ ਲਿਫ਼ਾਫ਼ਾ ਦੇਣਾ ਹੀ ਭੂਲ ਗਿਆ।ਉਹ ਤਾਂ ਅੱਛਾ ਹੁਆ ਕਿ ਉਸ ਦਿਨ ਛੁੱਟੀ ਥੀ।ਹਮ ਘਰ ਕੇ ਸਭੀ ਮੈਂਬਰ ਸ਼ਾਦੀ ਮੇਂ ਗਏ ਥੇ। ਮੇਰੇ ਕੋ ਘਰਵਾਲੇ ਚੁੱਕ ਚੁੱਕਾ ਸੰਭਾਲ ਕੇ ਘਰ ਲੇ-ਆਏ।ਕੋਈ ਬਾਤ ਨਹੀਂ ਚਿੰਤਾ ਮਤ ਕਰਨਾ ਹਮ ਪਰਿਵਾਰ ਸਮੇਤ ਆਪ ਕੇ ਦਰਸ਼ਨ ਕਰਨੇ ਆਏਂਗੇ।ਉਹ ਬੋਲੀ ਜਾ ਰਿਹਾ ਸੀ ਕਿ ਸ਼੍ਰੀਮਤੀ ਜੀ ਨੇ ਆਣ ਕੇ ਫੂਨ ਦਾ ਸਵਿੱਚ ਆਫ ਕਰ ਦਿੱਤਾ ਤੇ ਘਰਵਾਲੇ ਵੱਲ ਘੂਰੀ ਵੱਟਦਿਆਂ ਦੰਦ ਕਰੀਚਦੀ ਦਾਲ ਨੂੰ ਲੱਗਣ ਵਾਲੇ ਤੜਕੇ ਲਈ ਰੱਖੇ ਪਿਆਜ਼ ਅਦਰਕ ਆਦਿ ਨੂੰ ਮਿਕਸੀ `ਚ` ਪਾ ਮਿਕਸੀ ਦੀ ਘਾਂਅ ਘਾਂਅ ਕਰਾਉਣ ਲੱਗੀ।
ਇਨੇ ਚਿਰ ਨੂੰ ਬਿਨਾਂ ਨਾਮ ਲਿਖੇ ਅੱਠ-ਦਸ ਲਿਫ਼ਾਫ਼ੇ ਨਿਕਲ ਆਏ।ਉਨ੍ਹਾਂ ਵਿਚੋਂ ਸੌ-ਸੌ ਰੁਪਈਆ ਹੀ ਨਿਕਲਿਆ।ਸ਼੍ਰੀਮਤੀ ਜੀ ਕੱਝ ਬੋਲਦੇ, ਉਸ ਤੋਂ ਪਹਿਲਾਂ ਹੀ ਨਿਮਾਣਾ ਬੋਲ ਪਿਆ, ਭੈਣ ਜੀ ਇਹ ਉਹ ਲਿਫ਼ਾਫ਼ੇ ਹੁੰਦੈ ਜਿਹੜੇ ਫੋਟੋ ਖਿਚਾਉਣ ਲਈ ਸਟੇਜ਼ ਦੇ ਉਪਰ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਦਿੱਤਾ ਜਾਂਦੈ।ਇਹ ਤਾਂ ਫਾਰਮੈਲਟੀ ਕੀਤੀ ਜਾਂਦੀ ਹੈ।ਇਕ ਨੇ ਤਾਂ ਸ਼ਗਨ ਵਾਲੇ ਲਿਫ਼ਾਫ਼ੇ `ਤੇ ਗੈਸ ਸਿਲੰਡਰ ਦੀ ਸੀਲ ਤੋਂ ਵੀ ਵੱਧ ਪੰਜ ਸੱਤ ਵਲ ਮਾਰੇ ਹੋਏ ਸਨ।ਧਾਗੇ ਨੂੰ ਪੀਚਵੀਆਂ ਗੰਢਾਂ ਦਿੱਤੀਆਂ ਸਨ।ਸਾਰੇ ਬੜੀ ਉਤਸੁਕਤਾ ਨਾਲ ਲਿਫ਼ਾਫ਼ੇ ਵੱਲ ਵੇਖਣ ਲੱਗੇ ਜਿਵੇਂ ਬੋਰਡ ਦਾ ਨਤੀਜਾ ਵੇਖੀ-ਦਾ।ਜਦੋਂ ਗੰਢਾਂ ਨਹੁੰਆਂ ਨਾਲ ਵੀ ਨਾ ਖੁੱਲ੍ਹੀਆਂ ਤਾਂ ਧਾਗੇ ਨੂੰ ਕੈਂਚੀ ਨਾਲ਼ ਕੱਟਣ ਉਪਰੰਤ ਉਸ ਲਿਫ਼ਾਫ਼ੇ ਵਿਚੋਂ ਸੈਲੋ ਟੇਪ ਨਾਲ ਕਈ ਥਾਵਾਂ ਤੋਂ ਜੁੜਿਆ ਸੌ ਦਾ ਨੋਟ ਨਿਕਲਿਆ।ਸ਼੍ਰੀਮਤੀ ਜੀ ਨੇ ਬੁੜ-ਬੁੜ ਕਰਦਿਆਂ ਨਿਮਾਣੇ ਦੇ ਸਾਥੀ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਪੁਲਸ ਮੁਜ਼ਰਮ ਵੱਲ ਵੇਖਦੀ।
                  ਨਿਮਾਣੇ ਦਾ ਰਿਸ਼ਤੇਦਾਰ ਨੀਵੀਂ ਪਾਈ ਹੋਰ ਲਿਫ਼ਾਫ਼ੇ ਫਰੋਲਣ ਲੱਗ ਪਿਆ।ਉਸਦੇ ਚਿਹਰੇ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਅੰਦਰ ਹੀ ਅੰਦਰ ਵਿਸ ਘੋਲ਼ਦਾ ਮਨ `ਚ ਸੋਚਦਾ ਹੋਵੇ ਕਿ ਉਹ ਸਮੇਂ ਕਿੰਨੇ ਚੰਗੇ ਸੀ, ਜਦੋਂ ਸਾਦੇ ਵਿਆਹ, ਸਾਦੇ ਭੋਗ।ਨਾ ਕੋਈ ਚਿੰਤਾ, ਤੇ ਨਾ ਕੋਈ ਰੋਗ—-ਹੁੰਦੇ ਸਨ।19022022

ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ (ਅੰਮ੍ਰਿਤਸਰ)

sskhurmania@gmail.com

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …