ਖ਼ਾਲਸਾ ਕਾਲਜ ਸੀ: ਸੈਕੰ: ਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਨੇ ਮਨਾਏ ਸਾਲਾਨਾ ਸਮਾਰੋਹ
ਅੰਮ੍ਰਿਤਸਰ, 26 ਨਵੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਵਿੱਦਿਆ ਦਾ ਮੁੱਖ ਉਪਦੇਸ਼ ਇਨਸਾਨ ਨੂੰ ਪੂਰਨ ਸਿੱਖਿਅਤ ਕਰਨਾ ਹੈ ਤਾਂ ਕਿ ਉਹ ਸਮਾਜ ਵਿੱਚ ਵਧੀਆ ਤੇ ਖੁਸ਼ਹਾਲ ਜੀਵਨ ਬਤੀਤ ਕਰ ਸਕੇ। ਸ: ਮਜੀਠੀਆ ਅੱਜ ਇੱਥੇ ਖਾਲਸਾ ਕਾਲਜ ਸੀ: ਸੈਕੰ: ਸਕੂਲ ਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਵਿੱਚ ਮਨਾਏ ਗਏ ਸਾਲਾਨਾ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ‘ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਤਜਿੰਦਰ ਕੌਰ ਧਾਲੀਵਾਲ ਨੇ ਵੀ ਵਿੱਦਿਆ ਦੇ ਪੱਧਰ ਨੂੰ ਉੱਚਾ ਚੁੱਕਣ ‘ਤੇ ਜ਼ੋਰ ਦਿੱਤਾ ਤਾਂ ਕਿ ਪੰਜਾਬ ਦਾ ਨੌਜਵਾਨ ਬਾਹਰੀ ਦੇਸ਼ਾਂ ਦੀ ਬਜਾਏ ਇੱਥੇ ਰੋਜ਼ਗਾਰ ਹਾਸਲ ਕਰ ਸਕੇ।
ਖ਼ਾਲਸਾ ਕਾਲਜ ਪਬਲਿਕ ਸਕੂਲ ਵਿੱਚ ਅਨਮੋਲ ਭਾਰਤ ਨੂੰ ਸਮਰਪਿਤ ਇਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਇਸ ਮੌਕੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਭਾਰਤ ਦੇ ਸਮੂੰਹ ਰਾਜਾਂ ਦੇ ਮੁੱਖ ਨਾਚ ਪੇਸ਼ ਕਰਕੇ ਦਰਸ਼ਕਾਂ ਨੂੰ ਮਦਹੋਸ਼ ਕੀਤਾ। ਬੱਚਿਆਂ ਨੇ ਪੰਜਾਬੀ ਗਾਇਨ ਵਿੱਚ ਜੁਗਨੀ ਤੇ ਸੂਫ਼ੀ ਗਾਇਕੀ ਨਾਲ ਵੀ ਸਮਾਂ ਬੰਨ੍ਹਿਆ। ਗਿੱਧਾ ਤੇ ਭੰਗੜਾ ਵੀ ਖਿੱਚ ਦਾ ਕੇਂਦਰ ਰਿਹਾ। ਸਕੂਲ ਪ੍ਰਿੰ: ਸਰਵਜੀਤ ਕੌਰ ਬਰਾੜ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜਦਿਆਂ ਸਕੂਲ ਦੇ ਬੱਚਿਆਂ ਵੱਲੋਂ ਵਿੱਦਿਅਕ, ਖੇਡਾਂ, ਸੱਭਿਆਚਾਰਕ ਸਰਗਰਮੀਆਂ ਵਿੱਚ ਹਾਸਲ ਉਪਲਬੱਧੀਆਂ ‘ਤੇ ਚਾਨਣਾ ਪਾਇਆ। ਸ: ਮਜੀਠੀਆ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਸਕੂਲ ਦੀ ਸਾਲਾਨਾ ਪਤ੍ਰਿੱਕਾ ਸਿਰਜਨ ਦਾ ਵੀ ਵਿਮੋਚਨ ਕੀਤਾ ਗਿਆ।
ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਦਿਆ ਪ੍ਰੋਗਰਾਮ ਦੀ ਸ਼ੋਭਾ ਵਧਾਈ। ਇਸ ਤੋਂ ਪਹਿਲਾਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ: ਨਿਰਮਲ ਸਿੰਘ ਭੰਗੂ ਨੇ ਸਾਲਾਨਾ ਰਿਪੋਰਟ ਪੜ੍ਹਦੇ ਹੋਏ ਸਕੂਲ ਦੀਆਂ ਬੀਤੇ ਸਾਲ ਦੀ ਉਪਲਬੱਧੀਆਂ ‘ਤੇ ਰੌਸ਼ਨੀ ਪਾਈ। ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ: ਛੀਨਾ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਬੱਚਿਆਂ ਨੂੰ ਚੰਗੀ ਪੜ੍ਹਾੲ ਗ੍ਰਹਿਣ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਜਨੂੰਨ ਪੈਦਾ ਕਰਨਾ ਚਾਹੁੰਦਾ ਹੈ।ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਰੇਕ ਖ਼ੇਤਰ ਵਿੱਚ ਕਾਮਯਾਬੀ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਏ. ਡੀ. ਸੀ. ਮੈਡਮ ਪੂਨਮ ਸਿੰਘ, ਏ. ਡੀ. ਓ. ਸ: ਕੁਲਵਿੰਦਰ ਸਿੰਘ ਮੱਲ੍ਹੀ, ਪੰਜਾਬ ਨਾਟਸ਼ਾਲਾ ਦੇ ਜਤਿੰਦਰ ਸਿੰਘ ਬਰਾੜ, ਸ੍ਰੀਮਤੀ ਤੇਜਿੰਦਰ ਕੌਰ ਛੀਨਾ ਤੋਂ ਇਲਾਵਾ ਜੁਆਇੰਟ ਸਕੱਤਰ ਐੱਸ. ਐੱਸ. ਮੰਨਣ, ਸ: ਸੁਖਦੇਵ ਸਿੰਘ ਅਬਦਾਲ, ਮੈਂਬਰ ਗੁਰਮਹਿੰਦਰ ਸਿੰਘ, ਐੱਸ. ਐੱਸ. ਭੱਟੀ, ਖਾਲਸਾ ਕਾਲਜ ਪ੍ਰਿੰ: ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰ: ਡਾ. ਜਸਵਿੰਦਰ ਸਿੰਘ ਢਿੱਲੋਂ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰ: ਡਾ. ਸੁਖਬੀਰ ਕੌਰ ਮਾਹਲ, ਪ੍ਰਿੰ: ਸ੍ਰੀਮਤੀ ਤੇਜਿੰਦਰ ਕੌਰ ਬਿੰਦਰਾ, ਪ੍ਰਿੰ: ਦਵਿੰਦਰ ਕੌਰ ਸੰਧੂ, ਪ੍ਰਿੰ: ਗੁਰਵਿੰਦਰ ਕੰਬੋਜ, ਸ: ਇੰਦਰਜੀਤ ਸਿੰਘ ਗੋਗੋਆਣੀ, ਸ: ਜੋਗਾ ਸਿੰਘ, ਜੋਗਿੰਦਰ ਸਿੰਘ ਮਾਨ, ਵਿਜੈ ਮਹਿਰਾ ਆਦਿ ਤੋਂ ਇਲਾਵਾ ਦੋਹਾਂ ਸਕੂਲਾਂ ਵਿੱਚ ਅਹਿਮ ਸਖ਼ਸ਼ੀਅਤਾਂ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਉਨ੍ਹਾਂ ਮਾਤਾ-ਪਿਤਾ ਮੌਜ਼ੂਦ ਸਨ।