Monday, April 7, 2025
Breaking News

9 ਸਾਲਾਂ ਤੋਂ ਸਾਊਦੀ ਅਰਬ `ਚ ਬੰਦ ਬਲਵਿੰਦਰ ਦੇ ਜ਼ਿੰਦਾ ਪਰਤਣ ਦੀ ਆਸ ਬੱਝੀ

ਡਾ. ਓਬਰਾਏ ਨੇ ਬਲੱਡ ਮਨੀ `ਚੋਂ ਘਟਦੇ ਵੀਹ ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ) – ਸਾਊਦੀ ਅਰਬ `ਚ ਮੌਤ ਦੀ ਸਜ਼ਾ ਭੁਗਤ ਰਹੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਬਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਦੀ ਜਾਨ ਬਚਣ ਦੀ ਆਸ ਉਸ ਵੇਲੇ ਬੱਝੀ, ਜਦੋਂ ਕੌਮਾਂਤਰੀ ਪੱਧਰ ਦੇ ਨਾਮਵਰ ਸਮਾਜ ਸੇਵੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਉਸ ਦੀ ਬਲੱਡ ਮਨੀ `ਚੋਂ ਘੱਟਦੇ ਵੀਹ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ।
              ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ `ਤੇ ਸਾਊਦੀ ਅਰਬ `ਚ ਬਲਵਿੰਦਰ ਸਿੰਘ ਦਾ ਸਿਰ ਕਲਮ ਕਰਨ ਦੀ ਖ਼ਬਰ ਚੱਲਣ ਉਪਰੰਤ ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਬਲਵਿੰਦਰ ਦੀ ਜਾਨ ਬਚਾਉਣ ਲਈ ਲੋੜੀਂਦੀ ਦੋ ਕਰੋੜ ਰੁਪਏ ਦੀ ਬਲੱਡ ਮਨੀ ਦੇਣ ਲਈ ਅਪੀਲ ਕੀਤੀ ਸੀ, ਜਿਸ `ਤੇ ਉਨ੍ਹਾਂ ਆਪਣੇ ਵਲੋਂ ਲੜੇ ਜਾ ਰਹੇ ਅਜਿਹੇ ਅਨੇਕਾਂ ਹੋਰਨਾਂ ਕੇਸਾਂ ਦਾ ਹਵਾਲਾ ਦਿੰਦਿਆਂ ਪੀੜ਼ਤ ਪਰਿਵਾਰ ਨੂੰ ਸਾਰੀ ਰਕਮ ਦੇਣ ਤੋਂ ਆਪਣੀ ਅਸਮਰੱਥਾ ਜ਼ਾਹਿਰ ਕੀਤੀ ਸੀ।ਉਨ੍ਹਾਂ ਦੱਸਿਆ ਕਿ ਹੁਣ ਮੁੜ ਬਲਵਿੰਦਰ ਸਿੰਘ ਦੇ ਭਰਾ ਜੋਗਿੰਦਰ ਸਿੰਘ ਨੇ ਉਨ੍ਹਾਂ ਨਾਲ ਫੋਨ `ਤੇ ਸੰਪਰਕ ਕਰਕੇ ਦੱਸਿਆ ਹੈ ਕਿ ਉਨ੍ਹਾਂ ਨੂੰ ਭਾਰਤ ਅੰਦਰ ਵੱਖ-ਵੱਖ ਥਾਵਾਂ ਤੋਂ ਲੋਕਾਂ ਵੱਲੋਂ ਭੇਜੇ ਗਏ ਪੈਸੇ ਨਾਲ ਕਰੀਬ ਡੇੜ ਕਰੋੜ ਰੁਪਿਆ ਇਕੱਠਾ ਹੋ ਗਿਆ ਹੈ।ਪਰਿਵਾਰ ਅਨੁਸਾਰ ਬਲਵਿੰਦਰ ਦੀ ਕੰਮ ਕਰਨ ਵਾਲੀ ਕੰਪਨੀ ਨੇ ਵੀ ਕੁੱਝ ਆਪਣਾ ਹਿੱਸਾ ਪਾਉਣ ਦਾ ਵਾਅਦਾ ਕੀਤਾ ਹੈ, ਜਿਸ ਤੋਂ ਬਾਅਦ ਕਰੀਬ ਵੀਹ ਲੱਖ ਰੁਪਏ ਹੋਰ ਲੋੜੀਂਦੇ ਹਨ।ਡਾ. ਓਬਰਾਏ ਨੇ ਕਿਹਾ ਕਿ ਉਕਤ ਘਞਟਦੇ ਵੀਹ ਲੱਖ ਰੁਪਏ ਉਹ ਆਪਣੇ ਵਲੋਂ ਸਬੰਧਿਤ ਅਦਾਲਤ ਵਿਚ ਜਮ੍ਹਾਂ ਕਰਵਾ ਦੇਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਸਾਊਦੀ ਅਰਬ ਦੀ ਅਦਾਲਤ ਨੇ ਪਰਿਵਾਰ ਨੂੰ ਇਕ ਖਾਤਾ ਨੰਬਰ ਦੇ ਕੇ ਉਸ ਖਾਤੇ ਵਿੱਚ ਪੈਸੇ ਭੇਜਣ ਲਈ ਕਿਹਾ ਹੈ।ਡਾ. ਓਬਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪਿਛਲੇ 9 ਸਾਲਾਂ ਤੋਂ ਸਜ਼ਾ ਭੁਗਤ ਰਿਹਾ ਬਲਵਿੰਦਰ ਸਿੰਘ ਜਲਦ ਰਿਹਾਅ ਹੋ ਕੇ ਆਪਣੇ ਪਰਿਵਾਰ ਕੋਲ ਪਹੁੰਚ ਜਾਵੇਗਾ।
               ਪੀੜ੍ਹਤ ਪਰਿਵਾਰ ਵਲੋਂ ਬਲਵਿੰਦਰ ਸਿੰਘ ਦੇ ਭਰਾ ਜੋਗਿੰਦਰ ਸਿੰਘ ਨੇ ਡਾ. ਐਸ.ਪੀ ਸਿੰਘ ਓਬਰਾਏ ਦੇ ਇਸ ਵੱਡੇ ਪਰਉਪਕਾਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

Check Also

ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …