ਸੇਖਵਾਂ, ਡੀ.ਸੀ. ਤੇ ਐੱਸ.ਐੱਸ.ਪੀ. ਬਟਾਲਾ ਵੱਲੋਂ ਪ੍ਰਬੰਧਾਂ ਦਾ ਜਾਇਜਾ
ਬਟਾਲਾ, 4 ਦਸੰਬਰ (ਨਰਿੰਦਰ ਬਰਨਾਲ) – ਕਾਦੀਆਂ ਸ਼ਹਿਰ ਦੇ ਗੰਦੇ ਨਾਲੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ 21.5 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ 10 ਦਸੰਬਰ ਨੂੰ ਕਾਦੀਆਂ ਵਿਖੇ ਪਹੁੰਚ ਕੇ ਰੱਖਣਗੇ। ਮੁੱਖ ਮੰਤਰੀ ਪੰਜਾਬ ਦੀ ਕਾਦੀਆਂ ਫੇਰੀ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਅੱਜ ਸਾਬਕਾ ਮੰਤਰੀ ਸ. ਸੇਵਾ ਸਿੰਘ ਸੇਖਵਾਂ, ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ, ਐੱਸ.ਐੱਸ.ਪੀ. ਬਟਾਲਾ ਸ. ਮਨਮਿੰਦਰ ਸਿੰਘ, ਐੱਸ.ਡੀ.ਐੱਮ. ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ, ਤਹਿਸੀਲਦਾਰ ਬਟਾਲਾ ਸ. ਅਰਵਿੰਦਰਪਾਲ ਸਿੰਘ, ਸ. ਜਗਰੂਪ ਸਿੰਘ ਸੇਖਵਾਂ ਵੱਲੋਂ ਕਾਦੀਆਂ ਦਾ ਦੌਰਾ ਕੀਤਾ ਗਿਆ।
ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਾਦੀਆਂ ਸ਼ਹਿਰ ‘ਤੋਂ ਲੰਗਦੇ ਗੰਦੇ ਨਾਲੇ ਨੂੰ ਢੱਕਣ ਅਤੇ ਸੁੰਦਰੀਕਰਨ ਦੇ ਪ੍ਰੋਜੈਕਟ ਨੂੰ ਮਨਜੂਰ ਕੀਤਾ ਹੈ, ਜਿਸਦਾ ਨੀਂਹ ਪੱਥਰ ਸ. ਬਾਦਲ 10 ਦਸੰਬਰ ਨੂੰ ਕਾਦੀਆਂ ਵਿਖੇ ਰੱਖਣਗੇ। ਉਨ੍ਹਾਂ ਦੱਸਿਆ ਕਿ ਕਾਦੀਆਂ ਸ਼ਹਿਰ ‘ਚੋਂ ਲੰਗਦੇ 1.30 ਕਿਲੋਮੀਟਰ ਇਸ ਗੰਦੇ ਨਾਲੇ ਦੇ ਪ੍ਰੋਜੈਕਟ ‘ਤੇ ਕਰੀਬ 21.5 ਕਰੋੜ ਰੁਪਏ ਦੀ ਲਾਗਤ ਆਵੇਗੀ। ਸ. ਸੇਖਵਾਂ ਨੇ ਦੱਸਿਆ ਕਿ ਨੀਂਹ ਪੱਥਰ ਰੱਖਣ ਤੋਂ ਬਾਅਦ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਖੇਡ ਮੈਦਾਨ ‘ਚ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਸ. ਬਾਦਲ ਦੀ ਕਾਦੀਆਂ ਫੇਰੀ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ 10 ਦਸੰਬਰ ਦਾ ਦਿਨ ਕਾਦੀਆਂ ਸ਼ਹਿਰ ਦੇ ਵਿਕਾਸ ਲਈ ਇਤਿਹਾਸਕ ਹੋ ਨਿਬੜੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁੱਡਾ ਦੇ ਐਕਸੀਅਨ ਸ. ਸੁਰਜੀਤ ਸਿੰਘ ਤੇ ਜੋਧ ਸਿੰਘ, ਡੀ.ਐੱਸ.ਪੀ. ਕਾਦੀਆਂ ਪ੍ਰਭੂਦਾਸ, ਨਾਇਬ ਤਹਿਸੀਲਦਾਰ ਸ. ਲਖਵਿੰਦਰ ਸਿੰਘ, ਈ.ਓ. ਨਗਰ ਕੌਂਸਲ ਰਾਜੇਸ਼ ਖੋਸਲਾ, ਚੌਧਰੀ ਨਸੀਮ ਖਾਨ, ਅਬਦੁੱਲ ਵਾਸੇ, ਮੁਹੰਮਦ ਅਕਰਮ, ਗਗਨਦੀਪ ਸਿੰਘ ਭਾਟੀਆ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਸਨ।