ਆਂਗਨਵਾੜੀ ਕੇਂਦਰਾਂ ਦੀ ਕੀਤੀ ਚੈਕਿੰਗ
ਅੰਮ੍ਰਿਤਸਰ, 18 ਅਗਸਤ (ਸੁਖਬੀਰ ਸਿੰਘ) – ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਪੇਟ ਦੇ ਕੀੜਿਆਂ, ਆਇਰਨ ਦੀਆਂ ਗੋਲੀਆਂ ਦੇਣ ਦੇ ਨਾਲ ਨਾਲ ਸ਼ੁਗਰ ਦੇ ਟੈਸਟ ਵੀ ਯਕੀਨੀ ਬਣਾਏ ਜਾਣ, ਕਿਉਂਕਿ ਦੇਖਣ ਵਿੱਚ ਆ ਰਿਹਾ ਹੈ ਕਿ ਛੋਟੇ ਬੱਚੇ ਵੀ ਸ਼ੁਗਰ ਵਰਗੀ ਬਿਮਾਰੀ ਦੀ ਚਪੇਟ ਵਿੱਚ ਆ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀਮਤੀ ਪ੍ਰੀਤੀ ਚਾਵਲਾ ਮੈਂਬਰ ਫੂਡ ਕਮਿਸ਼ਨ ਪੰਜਾਬ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਦੇ ਦਫਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।ਸ੍ਰੀਮਤੀ ਚਾਵਲਾ ਨੇ ਡਾਕਟਰਾਂ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਰੁਟੀਨ ਚੈਕਅਪ ਨੂੰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਕੀਤੀ ਜਾਵੇ ਕਿ ਸਕੂਲੀ ਬੱਚਿਆਂ ਨੂੰ ਇਕ ਦਿਨ ਪਹਿਲਾਂ ਟੈਸਟਾਂ ਦੀ ਜਾਣਕਾਰੀ ਦੇ ਕੇ ਅਗਲੇ ਦਿਨ ਖਾਲੀ ਪੇਟ ਬੱਚਿਆਂ ਦੇ ਟੈਸਟ ਕੀਤੇ ਜਾਣ ਤਾਂ ਜੋ ਰਿਪੋਰਟਾਂ ਦੀ ਸਹੀ ਜਾਣਕਾਰੀ ਮਿਲ ਸਕੇ।ਸ਼੍ਰੀਮਤੀ ਚਾਵਲਾ ਨੇ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਂਗਨਵਾੜੀ ਵਰਕਰ ਆਪਣੇ ਇਲਾਕੇ ਵਿੱਚ ਗਰਭਵਤੀ ਔਰਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੌਂਸਲਿੰਗ ਕਰਨ ਅਤੇ ਉਨ੍ਹਾਂ ਦੀ ਖੁਰਾਕ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨ।
ਮੈਂਬਰ ਫੂਡ ਕਮਿਸ਼ਨ ਨੇ ਮੀਟਿੰਗ ਤੋਂ ਪਹਿਲਾਂ ਬਿਆਸ, ਮਾਨਾਂਵਾਲਾ, ਰਈਆ ਦੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਦੀ ਚੈਕਿੰਗ ਵੀ ਕੀਤੀ ਅਤੇ ਉਥੇ ਬਣ ਰਹੇ ਮਿਡ ਡੇ ਮੀਲ ਦੀ ਗੁਣਵੱਤਾ ਨੂੰ ਵੀ ਜਾਚਿਆ।ਚਾਵਲਾ ਵਲੋਂ ਸਰਪੰਚ ਬਿਆਸ ਦਫਤਰ ਵਿਖੇ ਪੁੱਜ ਕੇ ਪਿੰਡ ਵਿੱਚ ਵੰਡੇ ਜਾਣ ਵਾਲੇ ਰਾਸ਼ਨ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਨੂੰ ਸਮੇਂ ਸਿਰ ਪੁੱਜਦਾ ਕੀਤਾ ਜਾਵੇ ਅਤੇ ਲੋੜਵੰਦਾਂ ਤੱਕ ਆਟਾ ਦਾਲ ਸਕੀਮ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਕਿਹਾ। ਸ਼੍ਰੀਮਤੀ ਚਾਵਲਾ ਵਲੋਂ ਬਲਾਕ ਰਈਆ ਅਤੇ ਬਲਾਕ ਵੇਰਕਾ ਦੇ ਆਂਗਨਵਾੜੀ ਕੇਂਦਰਾਂ ਦੇ ਦੌਰੇ ਦੌਰਾਨ ਬਲਾਕ ਰਈਆ ਅਧੀਨ ਬਸਤੀ ਡੁੱਬਗੜ੍ਹ ਅਤੇ ਬਲਾਕ ਵੇਰਕਾ ਮਾਨਾਂਵਾਲਾ ਆਂਗਨਵਾੜੀ ਕੇਂਦਰ ਦੀ ਚੈਕਿੰਗ ਦੌਰਾਨ ਪ੍ਰੀ ਸਕੂਲ ਦੀਆਂ ਗਤੀਵਿਧੀਆ ਅਤੇ ਆਂਗਨਵਾੜੀ ਕੇਦਰ ਦੇ ਕੰਮਕਾਜ਼ ਦੀ ਸਮੀਖਿਆ ਕੀਤੀ ਅਤੇ ਲਾਭਪਾਤਰੀਆਂ ਦੀ ਸੂਚੀ ਅਤੇ ਆਂਗਨਵਾੜੀ ਕੇਦਰਾਂ ਦਾ ਰਿਕਾਰਡ ਵੀ ਵਾਚਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਰਣਬੀਰ ਸਿੰਘ ਮੁੱਧਲ, ਜਿਲ੍ਹਾ ਸਿਖਿਆ ਅਫਸਰ ਪ੍ਰਾਇਮਰੀ ਰਾਜੇਸ਼ ਸ਼ਰਮਾ, ਜਿਲ੍ਹਾ ਪ੍ਰੋਗਰਾਮ ਅਫਸਰ ਮਨਜਿੰਦਰ ਸਿੰਘ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਸੀਸ ਇੰਦਰ ਸਿੰਘ, ਜਿਲ੍ਹਾ ਟੀਕਾਕਰਨ ਅਫਸਰ ਡਾ: ਕਮਲਜੀਤ ਸਿੰਘ, ਸੀ.ਡੀ.ਪੀ.ਓ ਮੈਡਮ ਖੁਸ਼ਮੀਤ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।